16.3 C
United Kingdom
Friday, May 3, 2024

More

    ਕਹਾਣੀ- “ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!”

    ਅਜੀਤ ਸਤਨਾਮ ਕੌਰ

    ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਚੜ੍ਹਦੀ ਉਮਰ ਵਿੱਚ ਪੈਰ ਰੱਖ ਰਹੀ ਸੀ। ਸਾਰੇ ਤਿਉਹਾਰਾਂ ਵਿੱਚੋਂ ‘ਕਰਵਾ-ਚੌਥ’ ਦਾ ਵਰਤ ਮੇਰਾ ਸਭ ਤੋਂ ਜ਼ਿਆਦਾ ਮਨਭਾਉਂਦਾ ਤਿਉਹਾਰ ਸੀ। ਸਾਡੇ ਮੁਹੱਲੇ ਦੀਆਂ ਔਰਤਾਂ ਚਾਰ ਦਿਨ ਪਹਿਲ਼ਾਂ ਹੀ ਤਿਆਰੀ ਕਰਨ ਲੱਗ ਜਾਂਦੀਆਂ ਸਨ। ਬਜ਼ਾਰਾਂ ਵਿੱਚ ਵਰਤ ਦਾ ਸਮਾਨ ਹਰ ਦੁਕਾਨ ‘ਚ ਬੜੇ ਮੁਕਾਬਲੇ ਨਾਲ ਸਜਾਇਆ ਜਾਂਦਾ ਸੀ, ਕੁਝ ਤਾਂ ਸਮਾਨ ਨੂੰ ਸਜਾਵਟ ਵਜੋਂ ਥਾਂ-ਥਾਂ ‘ਤੇ ਲਟਕਾ ਕੇ ਤੀਵੀਆਂ ਨੂੰ ਲੁਭਾਣ ਵਿੱਚ ਕਾਮਯਾਬ ਹੁੰਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਔਰਤਾਂ ਸ਼ਿੰਗਾਰ-ਪੱਟੀ ਨੂੰ ਖਰੀਦਣ ਵਿੱਚ ਪੂਰਾ ਜੋਰ ਲਾ ਦਿੰਦੀਆਂ ਸਨ। ਇਵੇਂ ਪ੍ਰਤੀਤ ਹੁੰਦਾ ਸੀ ਕਿ ਆਦਮੀਆਂ ਦੀ ਉਮਰ ਔਰਤਾਂ ਦੇ ਸ਼ਿੰਗਾਰ ‘ਤੇ ਹੀ ਤਾਂ ਟਿਕੀ ਹੁੰਦੀ ਸੀ। ਸਾਰਾ ਸਾਲ ਜੇਕਰ ਕਦੇ ਪਤਨੀ ਸ਼ਿੰਗਾਰ ਖਰੀਦਣ ਦੀ ਗੱਲ ਕਰੇ ਤਾਂ ਪਤੀ ਨੂੰ ਆਹ ਸਭ ਫ਼ਾਲਤੂ ਦਾ ਖ਼ਰਚਾ ਲੱਗਦਾ ਹੈ। ਪਤੀ ਨੇ ਖਰਚੇ ਦਾ ਰੌਲਾ ਪਾ ਕੇ ਚੰਘਿਆੜ੍ਹਾਂ ਮਾਰਨੀਆਂ, “ਜਾ ਕੇ ਵੇਖ ਤੇਰਾ ਮੇਕ-ਅੱਪ ਦਾ ਡੱਬਾ ਭਰਿਆ ਪਿਆ ਹੈ, ਹਰ ਵੇਲੇ ਤੇਰੀ ‘ਸੁਰਖੀ-ਬਿੰਦੀ’ ਹੀ ਮੁੱਕੀ ਰਹਿੰਦੀ ਹੈ! ਜ਼ਰਾ ਆਪਣੇ ਖਰਚੇ ‘ਤੇ ਕੰਟਰੋਲ ਕਰ…. ਘਰ ਕਈ ਬਿੱਲ ਆਏ ਹੋਏ ਨੇ ਭੁਗਤਾਨ ਕਰਣ ਵਾਲੇ…!”
    ਇਸ ਲਈ ਭਲਾ ਹੋਵੇ ਇਸ ‘ਵਰਤ’ ਦੀ ਕਾਢ ਕੱਢਣ ਵਾਲੇ ਦਾ ਕਿ ਇਸ ਦਿਨ ਖੁੱਲ੍ਹੀ ਛੁੱਟੀ ਹੁੰਦੀ ਹੈ, ਭਾਵੇਂ ਸਾਰੇ ਸਾਲ ਦੀ ਕਰੀਮ-ਪਾਊਡਰ ਕਰਵਾ-ਚੌਥ ਦੇ ਵਰਤ ਦੇ ਬਹਾਨੇ ਖ਼ਰੀਦ ਲਿਆ ਜਾਵੇ। ਕਿਸੇ ਵੀ ਪਤੀ ਨੂੰ ਆਹ ਕਿਉਂ ਸਮਝ ਨਹੀਂ ਆਂਦਾ ਕਿ ਔਰਤ ਅਤੇ ਸਿੰਗਾਰ ਦਾ ਤਾਂ ਧੁਰ ਤੋਂ ਹੀ ਰਿਸ਼ਤਾ ਹੈ। ਹਰ ਖਰਚੇ ਦੀ ਭਰਪਾਈ ਸਿਰਫ਼ ਔਰਤ ਦੇ ‘ਨਿੱਜੀ-ਖਰਚੇ’ ਤੋਂ ਹੀ ਹੋਣੀ ਹੁੰਦੀ ਹੈ ਕੀ? ….ਖੈਰ! ਜੇ ਕਰ ਤੀਵੀਆਂ ਨੇ ਕੱਪੜਿਆਂ ਦੇ “ਮੈਚ” ਦੀ ਨਹੁੰ-ਪਾਲਿਸ਼, ਸੁਰਖੀ-ਬਿੰਦੀ, ਚੂੜੀਆਂ ਅਤੇ ਕੰਨਾਂ-ਗਲੇ ਦਾ ਸਾਰਾ ਹਾਰ-ਸ਼ਿੰਗਾਰ “ਮੈਚਿੰਗ” ਦਾ ਪਾਇਆ, ਤਾਂ ਵਰਤ ਵਿੱਚ ਕੁਝ ਕਮੀ ਰਹਿ ਜਾਏਗੀ। ਸਭ ਵਰਤ ਵਾਲੀ ਔਰਤਾਂ ਹੱਥਾਂ-ਪੈਰਾਂ ‘ਤੇ ਮਹਿੰਦੀ ਜ਼ਰੂਰ ਲੁਆਂਦੀਆਂ ਸਨ। ਬਜ਼ਾਰਾਂ ਵਿੱਚ ਮਹਿੰਦੀ ਲਾਣ ਵਾਲੇ ਮੁੰਡਿਆਂ ਨੂੰ ਸਾਹ ਹੀ ਨਹੀਂ ਆ ਰਿਹਾ ਹੁੰਦਾ ਸੀ ਅਤੇ ਉਨ੍ਹਾਂ ਦੀ ਰਫ਼ਤਾਰ ਵੀ ਵੇਖਣ ਵਾਲੀ ਹੁੰਦੀ ਸੀ।
    “ਨੂਰੀ…! ਕੁੜ੍ਹੇ ਨੂਰੀ…!! ਆ ਜਾ ਬਜ਼ਾਰ ਚੱਲੀਆਂ ਹਾਂ… ਬੜੀ ਰੌਣਕ ਹੈ ਬਜ਼ਾਰਾਂ ਵਿੱਚ…!” ਕਿਸੇ ਨਾ ਕਿਸੇ ‘ਵਰਤ’ ਵਾਲੀ ਤੀਵੀਂ ਨੇ ਬਜ਼ਾਰ ਜਾਣ ਲੱਗੇ ਅਵਾਜ਼ ਮਾਰ ਹੀ ਲੈਣੀ। ਜਿਸ ਨੂੰ ਤੀਵੀਂਆਂ ਰੌਣਕ ਦੱਸਦੀਆਂ ਸੀ, ਉਹ ਭੀੜ-ਭੜੱਕੇ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ ਹੁੰਦਾ।
    “ਜੋ ਕੁਝ ਲਿਆਣਾ ਹੈ ਜਾਂ ਤੇ ਅੱਜ ਲੈ ਆਊਂਗਾ, ਜਾਂ ਫ਼ੇਰ ਪਰਸੋਂ ਬਜ਼ਾਰ ਜਾਊਂਗਾ। ਕੱਲ੍ਹ ਕਰਵਾ-ਚੌਥ ਹੈ, ਇਸ ਲਈ ਮੈਨੂੰ ਬਜ਼ਾਰ ਜਾਣ ਨੂੰ ਨਾ ਕਹੀਂ….ਬਜ਼ਾਰਾਂ ਵਿੱਚ ਭੂਸਰੀਆਂ ਤੀਮੀਆਂ ਲਾਂਘਾ ਹੀ ਨਹੀਂ ਦਿੰਦੀਆਂ!” ਆਹ ਗੱਲ ਤਾਂ ਮੈਂ ਆਪਣੇ ਬਾਪੂ ਨੂੰ ਵੀ ਕਹਿੰਦੇ ਸੁਣਿਆਂ ਹੋਇਆ ਸੀ।
    ਮੈਂ ਵੀ ਗੁਆਂਢ ਦੀਆਂ ਭਾਬੀਆਂ ਅਤੇ ਆਂਟੀਆਂ ਨਾਲ ਬਜ਼ਾਰ ਜ਼ਰੂਰ ਜਾਂਦੀ ਸੀ। ਨਾਲ ਜਾਣ ਕਰ ਕੇ ਉਹ ਮੇਰੇ ਵੀ ਵੰਗਾਂ ਪੁਆ ਦਿੰਦੀਆਂ ਸੀ। ਮੈਂ ਲਲਚਾਈਆਂ ਜਹੀਆਂ ਨਜ਼ਰਾਂ ਨਾਲ ਉਨ੍ਹਾਂ ਨੂੰ ਵੰਨ-ਸੁਵੰਨਾ ਸਮਾਨ ਖਰੀਦਦਿਆਂ ਵੇਖਦੀ ਤਾਂ ਸੋਚਦੀ… ਕਦੇ ਮੈਂ ਵੀ ਵਿਆਹੀ ਜਾਊਂਗੀ? ਕਦੇ ਮੈਂ ਵੀ ਇਉਂ ਖੁੱਲ੍ਹੀ-ਡੁੱਲ੍ਹੀ ਖਰੀਦਦਾਰੀ ਕਰੂੰਗੀ? ਕਦੇ ਮੈਂ ਕਰਵਾ ਚੌਥ ਦਾ ਵਰਤ ਰੱਖੂੰਗੀ? ਇੱਕ ਹੋਰ ਵੀ ਵਜ੍ਹਾ ਸੀ ਇਸ ਵਰਤ ਦੀ ਦਿਵਾਨਗੀ ਲਈ ਮੇਰੇ ਮਨ ਵਿੱਚ। ਆਮ ਤੌਰ ‘ਤੇ ਹਰ ਤਿਉਹਾਰ ਵਿੱਚ ਸਾਰਾ ਪਰਿਵਾਰ ਸ਼ਾਮਿਲ ਹੁੰਦਾ ਹੈ, ਮੁਹੱਲਾ, ਆਂਢ-ਗੁਆਂਢ ਅਤੇ ਰਿਸ਼ਤੇਦਾਰ। ਸਭ ਨੂੰ ਦੇਖਣ-ਪੁੱਛਣ ਕਾਰਨ ਆਪਣਾ ‘ਨਿੱਜੀ’ ਸ਼ੌਂਕ ਕੁਝ ਵੀ ਪੂਰਾ ਨਹੀਂ ਹੁੰਦਾ। ਆਮ ਤੌਰ ‘ਤੇ ਪਤੀ ਆਪਣੀ ਪਤਨੀਆਂ ਨੂੰ ਜ਼ਿਆਦਾ ਖ਼ਰਚ ਹੋਣ ਦੀ ਹਾਲ ਦੁਹਾਈ ਪਾ ਕੇ ਚੁੱਪ ਕਰਵਾ ਦਿੰਦੇ ਨੇ। ਪਰ ਵਾਹ! ਇਸ ਮਨ-ਭਾਉਂਦੇ ਤਿਉਹਾਰ ਵਿੱਚ ਸਿਰਫ਼ ‘ਤੇ ਸਿਰਫ਼ ਪਤਨੀ ਨੂੰ ਇੱਕ ਤਰ੍ਹਾਂ ਨਾਲ ਵਿੱਤ ਮੰਤਰੀ ਦਾ ਅਹੁਦਾ ਮਿਲ ਜਾਂਦਾ ਹੈ। ਸਿਰਫ਼ ਸ਼ਿੰਗਾਰ ਹੀ ਨਹੀਂ, ਵਰਤ ਦੇ ਖਾਣ ਵਾਲਾ ‘ਸਰਘੀ’ ਦਾ ਸਮਾਨ, ਜੋ ਸਵੇਰੇ ਤਾਰਿਆਂ ਦੀ ਛਾਂਵੇਂ ਵਰਤ ਵਾਲੀ ਔਰਤ ਹੀ ਖਾਂਦੀ ਹੈ, ਹੋਰ ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਰਾਤ ਤਿੰਨ ਵਜੇ ਉਠ ਕੇ ਖਾਣੇ ਵਿੱਚ ਹਿੱਸਾ ਲਵੇ। ਇੱਕ ਵਾਰ ਮੈਂ ਬੜੇ ਧਿਆਨ ਨਾਲ ਕਰਵਾ ਚੌਥ ਦੀ ਕਥਾ ਸੁਣੀ। ਮੇਰੇ ਮਨ ਵਿੱਚ ਇੰਨਾਂ ਜਰੂਰ ਆਇਆ ਕਿ ਜਿਸ ਨੇ ਵੀ ਇਸ ਵਰਤ ਕਾਢ ਕੱਢੀ ਸੀ, ਉਸ ਨੇ ਇਸ ਦੀ ਕਥਾ ਲਿਖਣ ਵੇਲੇ ਜ਼ਿਆਦਾ ਨਹੀਂ ਵਿਚਾਰਿਆ ਹੋਣਾ, ਤਾਂ ਹੀ ਕਥਾ ਜ਼ਰਾ ਕਾਲਪਨਿਕ ਜਹੀ ਰਹਿ ਗਈ ਹੈ। ਮਤਲਬ ਤਰਕ ਤੋਂ ਪਰ੍ਹੇ ਲੱਗੀ ਸੀ। ਚਲੋ ਛੱਡੋ!! ਕੁਝ ਮਸਲਿਆਂ ਵਿੱਚ ਡੂੰਘੇ ਨਾ ਜਾਣ ਵਿੱਚ ਹੀ ਆਨੰਦ ਅਤੇ ਭਲਾ ਸੀ।
    “ਮਾਂ, ਤੁਸੀਂ ਆਹ ਕਰਵਾ-ਚੌਥ ਦਾ ਵਰਤ ਕਿਉਂ ਨਹੀਂ ਰੱਖਦੇ?” ਮੈਂ ਇੱਕ ਦਿਨ ਮਾਂ ਨੂੰ ਪੁੱਛਿਆ।
    “ਗੁਰੂ ਗ੍ਰੰਥ ਸਾਹਿਬ ਮੰਨਣ ਵਾਲੇ ਨੂੰ ਆਹ ਵਰਤ ਰੱਖਣ ਦੀ ਲੋੜ ਨਹੀਂ…!” ਮਾਂ ਨੇ ਬੜਾ ਕੁਝ ਸਮਝਾਇਆ ਅਤੇ ਬੜੀਆਂ ਦਲੀਲਾਂ ਵੀ ਦਿੱਤੀਆ। ਮੇਰਾ ਇਸ ਵਰਤ ਨੂੰ ਵੇਖਣ ਦਾ ਨਜ਼ਰੀਆ ਸਾਲ ਵਿੱਚ ਇੱਕ ਦਿਨ ਲਈ ਔਰਤ ਨੂੰ ਪ੍ਰਧਾਨ-ਮੰਤਰੀ ਵਾਲੀ ਪੋਸਟ ਮਿਲਣ ਵਰਗਾ ਸੀ, ਜਿਸ ਦੇ ਸਾਰੇ ‘ਬਿੱਲ’ ਪਾਸ ਹੋਣਾ ਲਾਜ਼ਮੀ ਹੁੰਦਾ ਹੈ। ਚਲੋ ਜਦੋਂ ਵਕਤ ਆਏਗਾ, ਦੇਖੀ ਜਾਏਗੀ…!
    ……ਵਕਤ ਨੇ ਵੀ ਆ ਹੀ ਜਾਣਾਂ ਸੀ! ਧੀਆਂ ਨੂੰ ਕੌਣ ਸਾਰੀ ਉਮਰ ਆਪਣੇ ਘਰ ਰੱਖ ਸਕਿਆ ਸੀ? ਪਤੀਦੇਵ ਦਾ ਘਰ, ਨਵਾਂ ਮਾਹੌਲ। ਸਭ ਨਾਲ ਹੱਸਦੇ-ਖੇਡਦੇ ਸਾਲ ਦੇ ਕਈ ਤਿਉਹਾਰ ਆਏ। ਪਹਿਲਾ ਤਿਉਹਾਰ ਸਹੁਰੇ ਘਰ ਅਇਆ ਅਤੇ ਪਹਿਲਾ ਸਾਵਣ ਪੇਕੇ ਘਰ ਮਨਾਇਆ। ਦੇਖਿਆ ਜਾਏ ਤਾਂ ਵਿਆਹ ਦਾ ਪਹਿਲਾ ਸਾਲ ਤਿਉਹਾਰਾਂ ਨੂੰ ਮਾਣਦੇ ਹੀ ਲੰਘ ਰਿਹਾ ਸੀ। ਫ਼ੇਰ ਵੀ ਮੇਰਾ ਧਿਆਨ ਆਉਣ ਵਾਲੇ ਕਰਵਾ-ਚੌਥ ਦੇ ਵਰਤ ਵੱਲ ਲੱਗਾ ਹੋਇਆ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਸਹੁਰੇ ਘਰ ਕੋਈ ਇਸ ਵਰਤ ਨੂੰ ਨਹੀਂ ਰੱਖਦਾ ਸੀ। ਕਿਵੇਂ ਅਤੇ ਕਦੋਂ ਆਪਣੇ ਲਪੇਟੇ ਵਿੱਚ ਪਤੀ ਨੂੰ ਲਿਆ ਜਾਏ, ਹੁਣ ਮੈਂ ਇਸੇ ਉਧੇੜ-ਬੁਣ ਵਿੱਚ ਰੁੱਝੀ ਰਹਿੰਦੀ ਸੀ।
    “ਚੱਲ ਦੱਸ, ਕੀ ਔਡਰ ਕਰੀਏ?” ਇੱਕ ਦਿਨ ਪਤੀਦੇਵ ਇੱਕ ਰੈਸਟੋਰੈਂਟ ਵਿੱਚ ਖਾਣਾਂ ਖੁਆਣ ਲੈ ਗਏ।
    “ਚੰਗਾ ਦੱਸੋ ਕਿ ਤੁਹਾਨੂੰ ਸਾਲ ਦਾ ਕਿਹੜਾ ਤਿਉਹਾਰ ਸਭ ਤੋਂ ਜ਼ਿਆਦਾ ਭਾਂਦਾ ਹੈ…?” ਖਾਣਾਂ ਔਡਰ ਕਰ, ਮੈਂ ਆਪਣੇ ਮੁੱਦੇ ਨੂੰ ਹੱਲ ਕਰਨ ਲਈ ਅਟਪਟਾ ਜਿਹਾ ਸਵਾਲ ਪਤੀ ਜੀ ਨੂੰ ਪੁੱਛ ਲਿਆ।
    “ਮੈਂ ਤਾਂ ਹਰ ਤਿਉਹਾਰ ਨੂੰ ਬੋਰ ਹੁੰਦੀ ਜ਼ਿੰਦਗੀ ਵਿੱਚ ਬਦਲਾਵ ਲਈ ਆਏ ਆਨੰਦ ਦੇ ਪਲ ਮੰਨਦਾ ਹਾਂ…!”
    “ਜਾਓ ਪਰ੍ਹਾਂ… ਇੱਕ ਸਰਲ ਜਹੇ ਸਵਾਲ ‘ਤੇ ‘ਫ਼ਿਲਾਸਫ਼ੀ’ ਕਰਣ ਦੀ ਕੀ ਲੋੜ ਸੀ…?” ਮੇਰੇ ਆਪਣੇ ਮਨ ਦੀ ਅਸਲ ਇੱਛਾ ਬਾਹਰ ਨਿਕਲਣ ਲਈ ਤਰਲੇ ਲੈ ਰਹੀ ਸੀ।
    “ਚੱਲ ਤੂੰ ਦੱਸ, ਤੈਨੂੰ ਸਾਲ ਦਾ ਕਿਹੜਾ ਤਿਉਹਾਰ ਪਸੰਦ ਹੈ?” ਪੱਲਿਓਂ ਖਰੀਦੇ ਖਾਣੇ ਦਾ ਮਜ਼ਾ ਕਿਤੇ ਖ਼ਰਾਬ ਨਾ ਹੋ ਜਾਏ, ਇਸ ਲਈ ਪਤੀਦੇਵ ਜਲਦੀ ਹੀ ਬੋਲ ਪਏ।
    “ਮੈਨੂੰ ਕਰਵਾ-ਚੌਥ ਦਾ ਵਰਤ ਸਭ ਤੋਂ ਜ਼ਿਆਦਾ ਪਸੰਦ ਹੈ!” ਮੈਂ ਛੇਤੀ ਨਾਲ ਬੋਲ ਪਈ।
    “ਪਰ ਆਹ ਕਰਵਾ-ਚੌਥ ਦਾ ਵਰਤ ਕੋਈ ਤਿਉਹਾਰ ਥੋੜ੍ਹੋ ਹੁੰਦਾ ਹੈ?” ਪਤੀਦੇਵ ਨੇ ਆਪਣੀ ਜਾਣਕਾਰੀ ਦੀ ਸਾਂਝ ਪਾਈ।
    “ਜੋ ਮਨਾਇਆ ਜਾਏ, ਓਹ ਤਿਉਹਾਰ ਹੀ ਹੁੰਦਾ ਹੈ। ਬੱਸ ਇੰਨਾ ਕੁ ਫ਼ਰਕ ਹੈ ਆਹ ਔਰਤਾਂ ਦੀਆਂ ਰੀਝਾਂ ਨੂੰ ਵੇਖਦੇ ਹੋਏ ਵਿਸ਼ੇਸ਼ ਬਣਾਇਆ ਗਿਆ ਹੈ…!”
    “ਪਰ ਆਪਣੇ ਘਰ ਤਾਂ ਕੋਈ ਰੱਖਦਾ ਨਹੀਂ ਵਰਤ…!” ਪਤੀਦੇਵ ਉਲਝ ਗਿਆ ਲੱਗਦਾ ਸੀ।
    “ਮੈਨੂੰ ਪਸੰਦ ਹੈ, ਇਸ ਵਿੱਚ ਪਤੀਦੇਵ ਦੀ ਲੰਮੀ ਉਮਰ ਦੀ ਕਾਮਨਾ ਹੁੰਦੀ ਹੈ, ਜ਼ਿੰਦਗੀ ਦੇ ਅਖ਼ੀਰਲੇ ਸਾਹ ਤੱਕ ਪਤੀ ਦੇ ਸਾਥ ਦੀ ਇੱਛਾ ਹੁੰਦੀ ਹੈ, ਜੋ ਹਰ ਔਰਤ ਚਾਹੰਦੀ ਹੈ। ਜੇ ਤੁਸੀ ਮੈਨੂੰ ਸੱਚੀਂ-ਮੁੱਚੀਂ ਪਿਆਰ ਕਰਦੇ ਹੋ, ਤਾਂ ਮੈਨੂੰ ਇਸ ਵਰਤ ਨੂੰ ਰੱਖਣ ਦੀ ਇਜਾਜ਼ਤ ਦੇ ਦਵੋ…!” ਆਪਣੀ ਲੰਮੀ ਉਮਰ ਲਈ, ਦੂਜਾ ਸਾਥੀ ਭੁੱਖਾ ਰਹੇ ਇਸ ਤੋਂ ਵਧੀਆ ‘ਡੀਲ’ ਹੋਰ ਕੀ ਹੋ ਸਕਦੀ ਸੀ? ਪਤੀਦੇਵ ਨੇ ਸਿਰਫ਼ ਖਾਮੋਸ਼ੀ ਨਾਲ ਸਿਰ ਹਿਲਾ ਦਿੱਤਾ। ਫ਼ੇਰ ਪਤਾ ਨਹੀਂ ਘਰ ਵਿੱਚ ਕਿੰਨੇ ਦਿਨ ਮੱਥਾ-ਪੱਚੀ ਕਰ ਕੇ ਪ੍ਰੀਵਾਰ ਨੂੰ ਸਮਝਾਇਆ-ਬੁਝਾਇਆ, “ਨਵੀਂ ਆਈ ਹੈ, ਅਜੇ ਘਰ ਦੇ ਮਾਹੌਲ ਨੂੰ ਸਮਝਣ ਵਿੱਚ ਇਹਨੂੰ ਸਮਾਂ ਲੱਗੂਗਾ। ਆਪੇ ਭੁੱਖੀ ਰਹੇਗੀ ਤਾਂ ਚਾਅ ਉੱਤਰ ਜਾਏਗਾ…!” ਪਤੀਦੇਵ ਨੇ ਮੇਰਾ ਸਾਥ ਦਿੱਤਾ। ਨਵੇਂ ਵਿਆਹ ਦਾ ਇੱਕ ਆਹ ਵੀ ‘ਪਲੱਸ-ਪੁਆਇੰਟ’ ਹੁੰਦਾ ਹੈ। ਇਜਾਜ਼ਤ ਮਿਲਦਿਆਂ ਹੀ, ਮੈਂ ਕੀ ਕੁਝ ਖ਼ਰੀਦਣਾ ਹੈ? ਮੇਰੇ ਦਿਮਾਗ ਦੀ ਘੰਟੀ ਵੱਜਣ ਲੱਗ ਪਈ।
    “ਸ਼ੁੱਕਰਵਾਰ ਵਰਤ ਆ ਰਿਹਾ, ਕੀ ਤਿਆਰੀ ਕੀਤੀ ਹੈ?” ਮੇਰੀ ਸਹੇਲੀ ਨੇ ਫ਼ੋਨ ‘ਤੇ ਪੁੱਛਿਆ। ਮੈਂ ਸਭ ਕੁਝ ਦੱਸ ਦਿੱਤਾ ਅਤੇ ਹੋਰ ਕੀ ਕਰਨਾ ਹੈ, ਇਹ ਵੀ ਪੁੱਛ ਲਿਆ। ਜਿਵੇਂ ਕੀ ਮੈਂ ਦੇਖਦੀ ਆਈ ਸੀ, ਠੀਕ ਓਵੇਂ ਹੀ ਮੈਂ ਕਰਵਾ-ਚੌਥ ਦੇ ਵਰਤ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਗੁਆਂਢ ਵਾਲੀ ਲੱਖੋ ਭਾਬੀ ਨੂੰ ਅੱਗੇ ਲਾ ਬਜ਼ਾਰ ਦੇ ਗੇੜੇ ਸ਼ੁਰੂ ਕਰ ਦਿੱਤੇ। ਮਤਲਬ, ਬੇਮਤਲਬ ਦੀ ਖ਼ਰੀਦਦਾਰੀ ਸ਼ੁਰੂ ਹੋ ਗਈ। ਵਰਤ ਵਾਲੇ ਦਿਨ ਭੋਜਨ ਭਾਵੇਂ ਇੱਕ ਸਮੇਂ ਦਾ ਹੀ ਛੱਡਣਾ ਸੀ, ਪਰ ਮੈਂ ਹਫ਼ਤੇ ਭਰ ਦਾ ਖ਼ਰੀਦ ਲਿਆ। ਮੇਰਾ ਪਹਿਲਾ ਵਰਤ ਸੀ ਅਤੇ ਮੇਰਾ ਉਤਸ਼ਾਹ ਵੀ ਸਿਰ ਚੜ੍ਹ ਕੇ ਬੋਲ ਰਿਹਾ ਸੀ, ਇਸ ਲਈ ਪਤੀਦੇਵ ਨੇ ਵੀ ਚੁੱਪ ਵੱਟੀ ਰਹੀ।
    “ਆਹ ਵੇਖੋ ਮੇਰੀ ਮਹਿੰਦੀ ਕਿੰਨੀ ਗੂੜ੍ਹੀ ਚੜ੍ਹੀ ਹੈ…ਕਹਿੰਦੇ ਨੇ ਗੂੜ੍ਹੀ ਮਹਿੰਦੀ ਦਾ ਮਤਲਬ ਪਤੀਦੇਵ ਨਾਲ ਬਹੁਤ ਪ੍ਰੇਮ ਹੁੰਦਾ ਹੈ!” ਮੈਂ ਮਹਿੰਦੀ ਵਾਲੇ ਹੱਥ ਪਤੀਦੇਵ ਦੇ ਅੱਗੇ ਕਰ ਦਿੱਤੇ।
    “ਹੂੰਅ…!” ਲੱਗਦਾ ਸੀ ਮੇਰੇ ਪਤੀਦੇਵ ਨੇ ਆਪਣੇ ਕਾਰਡ ਵਿੱਚੋਂ ਉਡੀ ਰਕਮ ਚੈੱਕ ਕਰ ਲਈ ਸੀ, ਇਸ ਲਈ ਉਨ੍ਹਾਂ ਨੂੰ ਗੂੜ੍ਹੀ ਮਹਿੰਦੀ ਵਿੱਚ ਪ੍ਰੇਮ ਦਾ ‘ਤਰਕ’ ਸਮਝ ਨਹੀਂ ਸੀ ਆਇਆ। ਸਵੇਰੇ ਤਿੰਨ ਵਜੇ ਉਠ ਕੇ ਵਰਤ ਵਾਲਾ ‘ਸਰਘੀ’ ਦਾ ਸਮਾਨ ਖਾਣਾ ਸੀ, ਇਸ ਲਈ ਮੈਂ ਕੋਈ ਵਾਦ-ਵਿਵਾਦ ਨਹੀਂ ਕੀਤਾ।
    ….ਟਿੰਗ਼…ਟਿੰਗ਼….ਟਿੰਗ਼…ਸਹੀ ਸਮੇਂ ‘ਤੇ ਅਲਾਰਮ ਵੱਜ ਪਿਆ। ਮੈਂ ਤਾਂ ਜਿਵੇਂ ਸਾਰੀ ਰਾਤ ਜਾਗ ਕੇ, ਅਲਾਰਮ ਨੂੰ ਹੀ ਆਖਦੀ ਰਹੀ, “ਬਈ ਬੋਲ ਪੇ ਹੁਣ।” ਛਾਲ ਮਾਰ ਮੈਂ ਕੁਰਲੀ ਕਰ ਰਸੋਈ ‘ਚ ਜਾ ਕੇ ਵਰਤ ਵਾਲੇ ਖਾਣੇ ਦੇ ਦੁਆਲੇ ਹੋ ਗਈ। ਹਰ ਚੀਜ਼ ਨੂੰ ਖੋਲ੍ਹਦੀ ਖਾਂਦੀ, ਫ਼ੇਰ ਛੱਡ ਦੂਜੀ ਕਿਸੇ ਚੀਜ਼ ਦੇ ਦੁਆਲੇ ਹੋ ਜਾਂਦੀ… ਤਿੰਨ ਵਜੇ ਬਿਸਤਰੇ ਤੋਂ ਉੱਠ ਕੇ ਸੀਧਾ ਖਾਣਾ ਇੰਨਾ ਵੀ ਆਸਾਨ ਨਹੀਂ ਹੁੰਦਾ! ਅਜੇ ਰਾਤ, ਵੀ ਨੌਂ ਵਜੇ ਪਤੀਦੇਵ ਨੇ ਕੁਝ ਜ਼ਿਆਦਾ ਖੁਆ ਦਿੱਤਾ ਕਿ ਕੱਲ੍ਹ ਤੇਰਾ ਵਰਤ ਹੈ, ਇਸ ਲਈ ਭੁੱਖ ਤੋਂ ਜ਼ਿਆਦਾ ਖਾ ਲੈ। ਤਿੰਨ ਵਜੇ ਦਾ ਖਾਣਾ ਜ਼ਰੂਰੀ ਸੀ, ਕਿਉਂਕਿ ਭੈਅ ਆਉਂਦਾ ਸੀ ਕਿ ਸਾਰਾ ਦਿਨ ਭੁੱਖਾ ਰਹਿਣਾ ਪੈਣਾ ਅਤੇ ਤਾਰਿਆਂ ਦੀ ਛਾਂਵੇਂ ਖਾਣ ਦੀ ਪ੍ਰੰਪਰਾ ਵੀ ਵਰਤ ਦਾ ਹੀ ਇੱਕ ਹਿੱਸਾ ਸੀ।। ਲਾਲਚ ਨਾਲ ਜ਼ਿਆਦਾ ਖਾਧਾ ਗਿਆ ਅਤੇ ਫ਼ੇਰ ਮੇਰਾ ਪੇਟ ਫੁੱਲ ਕੇ ਲੱਕੜ ਵਾਂਗ ਠੋਸ ਹੋ ਗਿਆ।
    “….ਪਤੀਦੇਵ ਨੂੰ ਤਾਂ ਮੇਰੀ ਸਾਰੀ ਉਮਰ ਅੱਜ ਹੀ ਲੱਗ ਜਾਣੀ ਹੈ… ਮੈਂ ਤਾਂ ਅੱਜ ਦਾ ਸੂਰਜ ਨਹੀਂ ਦੇਖਣਾ… ਸਾਹ ਚੱਲੂਗਾ ਤਾਂ ਹੀ ਜਿਉਣਾ ਹੈ!” ਮੈਂ ਆਪਣੀ ਮੌਤ ਦੇ ਵਿਚਾਰ ਨਾਲ ਡਰ ਗਈ ਅਤੇ ਵਿਹੜੇ ਵਿੱਚ ਦੇਣ ਲੱਗੀ ਗੇੜੇ ‘ਤੇ ਗੇੜਾ। ਸਿਹਤਮੰਦ ਲੋਕ ਅਕਸਰ ਕਹਿੰਦੇ ਹਨ ਕਿ ਸਵੇਰੇ ਉੱਠ ਕੇ ਸੈਰ ਕਰਨੀ ਚਾਹੀਦੀ ਹੈ। ਮੇਰੀ ਹੀ ਗਲਤੀ ਕਾਰਨ ਇੱਕ ਆਹ ਚੰਗਾ ਅਨੁਭਵ ਵੀ ਕਰ ਲਿਆ ਸਾਝਰੇ ਸੈਰ ਕਰਨ ਦਾ।
    “….ਤੂੰ ਅਰਾਮ ਕਰ ਅੱਜ ਮੈਂ ਆਪਣੇ ਖਾਣੇ ਦਾ ਇੰਤਜ਼ਾਮ ਆਪ ਕਰਲੂੰਗਾ, ਤੂੰ ਸਵੇਰੇ ਸਾਝਰੇ ਦੀ ਉਠੀ ਹੋਈ ਹੈਂ!” ਪਤੀਦੇਵ ਨੇ ਖਿਆਲ ਵਜੋਂ ਕਿਹਾ। ਹਦਾਇਤ ਦਿੱਤੀ।
    “ਜੀ…!” ਚਲੋ ਆਹ ਵੀ ਇੱਕ ਹੋਰ ਫ਼ਾਇਦਾ ਹੋ ਗਿਆ, ਮੇਰੇ ਵਿੱਚ ਲੋੜ ਤੋਂ ਜ਼ਿਆਦਾ ਖਾ ਲੈਣ ਕਾਰਨ, ਉਠਣ ਦੀ ਹਿੰਮਤ ਵੈਸੇ ਵੀ ਨਹੀਂ ਸੀ।
    ਉਠ ਕੇ ਨਹਾ ਧੋ ਕੇ ਤਿਆਰ ਹੋਣ ਲੱਗ ਪਈ ਪਰੰਤੂ ਖੱਟੇ ਡਕਾਰਾਂ ਨੇ ਸਾਰਾ ਦਿਨ ਚੈਨ ਨਾ ਲੈਣ ਦਿੱਤਾ। ਤਿੰਨ ਕੁ ਵਜੇ ਕਥਾ ਦਾ ਸਮਾਂ ਸੀ। ਸਭ ਕੁਝ ਨਿੱਬੜ ਗਿਆ। ਕਥਾ ਤੋਂ ਬਾਅਦ ਚਾਹ ਪੀਣੀ ਸੀ, ਕਿਉਂਕਿ ਬੁੱਲ੍ਹ ਸੁੱਕ ਰਹੇ ਸਨ ਅਤੇ ਨਾਲ ਆਹ ਵੀ ਵਿਚਾਰ ਆ ਰਿਹਾ ਸੀ ਕਿ ਪਤਾ ਨਹੀਂ ਚੰਨ ਕਿੰਨੀ ਕੁ ਦੇਰ ਨੂੰ ਚੜ੍ਹੇ? ਓਦੋਂ ਤੱਕ ਸਮਾਂ ਵੀ ਤਾਂ ਟਪਾਉਣਾ ਸੀ। ਇਸ ਡਰ ਦੀ ਵਜ੍ਹਾ ਕਾਰਨ ਮੈਂ ਵੱਡਾ ਸਾਰਾ ਕੱਪ ਭਰ ਕੇ ਚਾਹ ਵੀ ਧੱਕੇ ਨਾਲ ਡੱਫ਼ ਲਈ। ਫ਼ੇਰ ਫ਼ੋਨ ਘੁੰਮਾ ਦੂਜੀ ਵਰਤ ਵਾਲੀ ਸਹੇਲੀਆਂ ਨੂੰ ਨਾਲ ਗੱਪਾਂ ਮਾਰੀਆਂ…।
    “ਅੱਜ ਤਾਂ ਮੇਰੀ ਬਿੱਲੋ ਦਾ ਵਰਤ ਹੈ, ਬੜੀ ਭੁੱਖ ਲੱਗੀ ਹੋਣੀ ਹੈ ਤੈਨੂੰ? ਸੱਚੀਂ ਔਰਤਾਂ ਕਿੰਨੀਆਂ ਮਹਾਨ ਹੁੰਦੀਆਂ ਹਨ…ਪਤੀ ਦੀ ਲੰਮੀ ਉਮਰ ਲਈ ਆਪ ਕਿੰਨਾਂ ਕਸ਼ਟ ਸਹਿ ਜਾਂਦੀਆ ਨੇ…!” ਪਤੀਦੇਵ ਦੇ ਕੋਮਲ ਸ਼ਬਦਾਂ ਨੇ ਮੈਨੂੰ ਬੜਾ ਸਕੂਨ ਦਿੱਤਾ। ਮੈਂ ਵੀ ਪਤੀਦੇਵ ‘ਤੇ ਨਿਸ਼ਾਵਰ ਹੋ ਰਹੀ ਸੀ। ਰਸੋਈ ਵੱਲੋਂ ਵੰਨ-ਸੁਵੰਨੇ ਖਾਣਿਆਂ ਦੀ ਖੁਸ਼ਬੂ ਪੂਰੇ ਘਰ ਵਿੱਚ ਕਹਿਰ ਢਾਅ ਰਹੀ ਸੀ। ਮੈਂ ਵੀ ਬੜਾ ਕੁਝ ਪਕਾ ਲਿਆ ਸੀ ਕਿ ਪਤੀਦੇਵ ਨੂੰ ਵੀ ਲੱਗੇ ਕਿ ਮੈਂ ਕਿੰਨੀ ਰੀਝ ਕੀਤੀ ਸੀ।
    ….ਟੀ. ਵੀ. ‘ਤੇ ਹਰ ਚੈਨਲ ਸਜੀਆਂ-ਧਜੀਆਂ ਤੀਵੀਆਂ ਦੇ ਪ੍ਰੋਗਰਾਮ ਅਤੇ ਕਿਤੇ ਕਰਵਾ-ਚੌਥ ਦੇ ਗਾਣੇ-ਸ਼ਾਣੇ…ਆਹ ਸਭ ਮੈਨੂੰ ਅੱਜ ਕੁਝ ਮੇਰੇ ਵਿਸ਼ੇਸ਼ ਹੋਣ ਦਾ ਅਹਿਸਾਸ ਕਰਵਾ ਰਹੇ ਸਨ। ਪਤੀਦੇਵ ਘੜੀ-ਮੁੜੀ ਬਾਹਰ ਜਾ ਕੇ ਚੰਨ ਨੂੰ ਵੇਖਦੇ ਕਿ ਚੜ੍ਹਿਆ ਹੈ ਕਿ ਨਹੀਂ? ਕਿਉਂਕਿ ਰਾਤ ਦਾ ਖਾਣਾ ਪਤੀ ਜੀ ਨੂੰ ਵੀ ਵਰਤ ਤੋੜਣ ਤੋਂ ਬਾਅਦ ਹੀ ਮਿਲਣਾ ਸੀ।
    “ਸ਼ੁਕਰ ਹੈ ਰੱਬ ਦਾ, ਚੰਨ ਚੜ੍ਹ ਰਿਹਾ ਹੈ, ਛੇਤੀ ਕਰ…ਆ ਜਾ…ਬਾਹਰ ਆ…!” ਪਤੀਦੇਵ ਨੂੰ ਤਾਂ ਜਿਵੇਂ ਵਿਆਹ ਜਿੰਨੀ ਖੁਸ਼ੀ ਚੜ੍ਹ ਗਈ ਸੀ, ਉਨ੍ਹਾਂ ਦਾ ਮੂੰਹ ਲਾਲ ਭਖ਼ ਗਿਆ। ਮੈਂ ਵੀ ਭੱਜ ਕੇ ਪੂਜਾ ਵਾਲ਼ੀ ਥਾਲੀ ਅਤੇ ਪਾਣੀ ਦਾ ਗੜਵਾ ਲੈ ਬਾਹਰ ਨੂੰ ਨੱਠੀ। ਅਜੇ ਵਿਚਾਰੇ ਚੰਦ ਮਾਮੇ ਨੇ ਆਪਣੀ ਹਲਕੀ ਜਹੀ ਲੀਕ ਹੀ ਦਿਖਾਈ ਸੀ। ਘਰਾਂ ਦੀਆਂ ਛੱਤਾਂ ‘ਤੇ ਚੜ੍ਹੀਆਂ ਔਰਤਾਂ ਦਬੋ-ਦੱਬ ਲੱਗ ਪਈਆਂ ਆਪਣੇ-ਆਪਣੇ ਗੜਵੇ ਦਾ ਪਾਣੀ ਚੰਦ ਨੂੰ ਚੜ੍ਹਾਨ। ਜੋ ਨਵੇਂ ਕੱਪੜਿਆਂ ‘ਤੇ ਛਿੱਟੇ ਬਣ ਆਪਣੇ ਉਪਰ ਹੀ ਆ ਪਿਆ। ਛਾਣਨੀ ਵਿੱਚੋਂ ਪਤੀ ਜੀ ਨੂੰ ਤੱਕਿਆ। ਪਤੀਦੇਵ ਨੇ ਪਾਣੀ ਮੇਰੇ ਮੂੰਹ ਨੂੰ ਲਾ ਕੇ ਮੇਰਾ ਵਰਤ ਤੁੜਵਾਇਆ। ਮੇਰੇ ਪੇਟ ਨੂੰ ਤਾਂ ਭੁੱਖ ਦਾ ਅਹਿਸਾਸ ਨਹੀਂ ਸੀ, ਫ਼ੇਰ ਵੀ ਰਿਵਾਜ਼ ਕਰਨੇ ਹੀ ਪੈਣੇ ਸਨ। ਆਖਰ ਪਤੀ ਦੀ ਉਮਰ ਮੇਰੇ ਕਾਰਨ ਹੀ ਤਾਂ ਲੰਮੀ ਹੋਣੀ ਸੀ। ਪਤੀਦੇਵ ਦੇ ਪੈਰ ਛੂਹ ਕੇ ਮੈਂ ਆਖਰੀ ਪ੍ਰੰਪਰਾ ਪੂਰੀ ਕੀਤੀ। ਕਿੰਨੇ ਹੀ ਤਰ੍ਹਾਂ ਦੇ ਪਕਵਾਨਾਂ ਨਾਲ ਮੈਂ ਮੇਜ਼ ਸਜਾ ਦਿੱਤਾ। ਦੋਹਾਂ ਨੇ ਬੜੇ ਆਨੰਦ ਨਾਲ ਭੋਜਨ ਕੀਤਾ। ਰਾਤ ਭਾਵੇਂ ਚਾਨਣੀ ਸੀ ਪਰ ਵਰਤ ਨਿਬੇੜਦਿਆਂ ਸਮਾਂ ਕਾਫ਼ੀ ਹੋ ਗਿਆ ਸੀ। ਸਵੇਰ ਤੋਂ ਲਟਕਾਏ, ਗਲੇ, ਕੰਨਾਂ ਅਤੇ ਸਿਰ ‘ਤੇ ਸ਼ਿਗਾਰ ਦਾ ਭਾਰ ਲਾਹ ਕੇ ਮੈਂ ਬੜਾ ਹਲਕਾ ਜਿਹਾ ਮਹਿਸੂਸ ਕਰ ਰਹੀ ਸੀ। ਪੂਰੇ ਦਿਨ ਦੇ ਬ੍ਰਿਤਾਂਤ ਬਾਰੇ ਦੋਹਾਂ ਨੇ ਇੱਕ-ਦੂਜੇ ਨੂੰ ਦੱਸਿਆ।
    “ਇੱਕ ਗਲ ਪੁੱਛਾਂ?”
    “ਪੁੱਛ!” ਪਤੀ ਜੀ ਅੱਜ ਦੇਵਤਾ ਦੇ ਅਵਤਾਰ ਵਿੱਚ ਸੀ। ਗੋਡੇ ਉਤੇ ਦੂਜਾ ਪੈਰ ਰੱਖੀ ‘ਵਿਸ਼ਨੂ ਭਗਵਾਨ’ ਹੀ ਲੱਗ ਰਹੇ ਸੀ।
    “ਜੇ ਕਰ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਮੰਗਦੀ ਹੈ, ਫ਼ੇਰ ਪਤੀ ਨੂੰ ਕਿਉਂ ਨਹੀਂ ਲੱਗਦਾ ਕਿ ਮੇਰੀ ਪਤਨੀ ਵੀ ਸਾਰੀ ਉਮਰ ਮੇਰੇ ਨਾਲ ਹੀ ਜੀਵੇ…? ਮਤਲਬ ਕੀ ਪਤੀ ਨੂੰ ਪਤਨੀ ਦੇ ਮਰਨ ਨਾਲ ਕੁਝ ਫ਼ਰਕ ਨਹੀਂ ਪੈਂਦਾ?” ਮੇਰੇ ਅੰਦਰ ਵੀ ਲੰਮੀ ਉਮਰ ਪਾਉਣ ਦਾ ਵਲਵਲਾ ਠਾਠਾਂ ਮਾਰਨ ਲੱਗ ਪਿਆ।
    “…ਆਹ ਕੀ ਗੱਲਾਂ ਲੈ ਕੇ ਬੈਠ ਗਈ ਹੈਂ?” ਉਮੀਦ ਤੋਂ ਖ਼ਿਲਾਫ਼ ਮੇਰੀ ਤਕਰੀਰ ਸੁਣ ਕੇ ਪਤੀ ਜੀ ਦੀ ਵੀ ਅਵਾਜ਼ ਖਿਝ ਨਾਲ ਭਾਰੀ ਹੋ ਗਈ।
    “ਮਤਲਬ ਪਤਨੀ ਮਰੇ ਅਤੇ ਤੁਸੀਂ ਦੂਜੀ ਲੈ ਆਓ…? ਬੰਦਿਆਂ ਨੂੰ ਵੀ ਜੋੜੀ ਨੂੰ ਸਲਾਮਤ ਰੱਖਣ ਲਈ ਵਰਤ ਰੱਖਣਾ ਚਾਹੀਦਾ ਹੈ…!” ਮੈਂ ਤਾਂ ਅੱਜ ਮੁੱਕਦਮਾ ਜਿੱਤਣ ਦੀ ਠਾਣ ਹੀ ਲਈ ਸੀ।
    “ਆਹੋ…! ਹੁਣ ਤੂੰ ਨਵਾਂ ਕਾਨੂੰਨ ਬਣਾ! ਪਤਾ ਵੀ ਹੈ, ਤੂੰ ਵਰਤ ਦੇ ਬਹਾਨੇ ਕਿੰਨੇ ਪੈਸੇ ਉੜਾ ਦਿੱਤੇ ਨੇ? ਉਨ੍ਹਾਂ ਦੀ ਪੂਰਤੀ ਲਈ ਸਾਰਾ ਮਹੀਨਾ ਮੈਨੂੰ ‘ਓਵਰ ਟਾਈਮ’ ਲਾਉਣਾ ਪੈਣਾ!” ਆਖਰ ਪਤੀ ਜੀ ਦੀ ਖਿਝ ਦਾ ਇੱਕ ਹੋਰ ਕਾਰਨ ਬਾਹਰ ਆ ਗਿਆ। ਗੁੱਸੇ ਨਾਲ ਪਤੀਦੇਵ ਮੂੰਹ ਘੁੰਮਾ ਕੇ ਕੰਨਾਂ ਵਿੱਚ ‘ਈਅਰ ਪਲੱਗ’ ਲਾ ਕੇ ਪੈ ਗਏ। ਬੜੀ ਦੇਰ ਤੱਕ ਮੈਂ ਬੁੜ-ਬੁੜ ਕਰਦੀ ਰਹੀ, ਫ਼ੇਰ ਪਤਾ ਨਹੀਂ ਕਦੋਂ ਸੌਂ ਗਈ।
    …ਸਵੇਰੇ ਪਤੀ ਦੇਵ ਉਠ ਕੇ ਖੜਕਾ ਕਰਨ ਲੱਗ ਪਿਆ। ਮੈਂ ਘੇਸਲ ਵੱਟ ਕੇ ਪਈ ਰਹੀ। ਸੋਚਿਆ ਬਥੇਰਾ ਖਾਣਾਂ ਪਿਆ ਸੀ, ਕੱਲ੍ਹ ਵਾਧੂ ਪਕਾਇਆ ਸੀ, ਪਤੀਦੇਵ ਆਪੇ ਕੁਝ ਖਾਣ ਦਾ ਆਹਰ ਕਰ ਲਵੇਗਾ। ਵੈਸੇ ਵੀ ਕੱਲ੍ਹ ਕਰਵਾ-ਚੌਥ ਸੀ, ਇਸ ਲਈ ਪਤੀਦੇਵ ਕੱਲ੍ਹ ਹੀ ‘ਦੇਵਤਾ’ ਸੀ, ਪ੍ਰੰਤੂ ਅੱਜ ‘ਤੇ ਸਧਾਰਨ ਪਤੀ ਹੀ ਹੈ। ਇੱਕ ਪਤੀ ਨੂੰ ਵੀ ਪਤਨੀ ਦੀ ਲੰਮੀ ਉਮਰ ਮੰਗਣੀ ਹੀ ਚਾਹੀਦੀ ਹੈ…।
    …ਮਨ ਨੂੰ ਸ਼ਾਤ ਕਰ ਕੇ ਮੈਂ ਉੱਠੀ ਅਤੇ ਨਹਾ-ਧੋ ਕੇ ਗੁਰਦੁਆਰੇ ਗਈ, “ਹੇ ਪਰਮਾਤਮਾ!! ਇਸ ਦੁਨੀਆਂ ਵਿੱਚ ਹਰ ਚੀਜ਼ ਤੇਰੀ ਰਜ਼ਾ ਵਿੱਚ ਚੱਲਦੀ ਹੈ! ਕੋਈ ਕੁਝ ਨਹੀਂ ਕਰ ਰਿਹਾ, ਸਭ ਕਰਣ-ਕਰਾਵਣਹਾਰ ਸੁਆਮੀ, ਤੂੰ ਹੀ ਹੈਂ!…. ‘ਮਰਣੁ ਲਿਖਾਇ ਮੰਡਲ ਮਹਿ ਆਏ…!’ ਦੇ ਸਿਧਾਂਤ ਦੇ ਅਨੁਸਾਰ ਜਨਮ ਤੋਂ ਪਹਿਲਾਂ ਹੀ ਸਭ ਕੁਝ ਲਿਖਿਆ ਅਤੇ ਤੈਅ ਹੁੰਦਾ ਹੈ! ਮੈਂ ਆਪਣੇ ਪ੍ਰੀਵਾਰ ਦੀ ਖੁਸ਼ੀ ਲਈ ਅਰਦਾਸ ਕਰਦੀ ਹਾਂ ਕਿ ਮੇਰੇ ਪਤੀ ਜੀ ਨੂੰ ਲੰਮੀ ਉਮਰ ਅਤੇ ਚੰਗੀ ਸਿਹਤ ਬਖਸ਼ਣਾ!” ਮੈਂ ਜਿਵੇਂ ਹੀ ਝੋਲੀ ਅੱਡ ਕੇ ਸੱਚੇ ਪਾਤਿਸ਼ਾਹ ਅੱਗੇ ਮੱਥਾ ਟੇਕਿਆ ਤਾਂ ਇੱਕ ਸਕੂਨ ਅਤੇ ਇੱਕ ਆਨੰਦ ਨਾਲ ਸਰਸ਼ਾਰ ਹੋ ਗਈ।

    PUNJ DARYA

    Leave a Reply

    Latest Posts

    error: Content is protected !!