4.6 C
United Kingdom
Sunday, April 20, 2025

More

    ਯੂਥ ਆਗੂ ਸੁਖਨਪ੍ਰੀਤ ਸੰਧੂ ਦੇ ਕਾਤਲਾਂ ਨੂੰ ਸਜ਼ਾ ਦਿਵਾਵਾਂਗੇ: ਹਰਸਿਮਰਤ

    ਅਸ਼ੋਕ ਵਰਮਾ
    ਬਠਿੰਡਾ,7 ਨਵੰਬਰ2020:ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਲੰਘੀ 5 ਸਤੰਬਰ ਨੂੰ ਕਤਲ ਕਰ ਦਿੱਤੇ ਗਏ  ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਨਪ੍ਰੀਤ ਸੰਧੂ ਦੇ ਕਾਤਲਾਂ ਨੂੰ ਸ਼ਜਾ ਦਿਵਾਉਣ ਦੀ ਗੱਲ ਆਖੀ ਹੈ। ਬੀਬਾ ਬਾਦਲ ਸੁਖਨਪ੍ਰੀਤ ਸੰਧੂ ਦੇ ਪ੍ਰੀਵਾਰ ਨੂੰ ਮਿਲੇ ਅਤੇ ਗੱਭਰੂ  ਪੁੱਤ ਦੀ ਬੇਵਕਤੀ ਮੌਤ ਤੇ ਦਿਲਾਸਾ ਦਿੱਤਾ। ਇਸ ਮੌਕੇ ਸੁਖਨਪ੍ਰੀਤ ਸੰਧੂ ਦੀ ਮਾਤਾ ਪੁੱਤ ਦੇ ਸਦੀਵੀ ਵਿਛੋੜੇ ਨੂੰ ਲੈਕੇ ਕਾਫੀ ਭਾਵੁਕ ਹੋ ਗਏ। ਬੀਬੀ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਖਨ ਸੰਧੂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਲੜਾਈ ’ਚ ਪ੍ਰੀਵਾਰ ਦੇ ਨਾਲ ਹੈ। ਉਹਨਾਂ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਆਖਿਆ ਕਿ  ਉਹ ਇਸ ਮਾਮਲੇ ਨੂੰ ਲੈਕੇ ਪੀੜਤ ਪ੍ਰੀਵਾਰ ਨਾਲ ਤਾਲਮੇਲ ਰੱਖਣ । ਬੀਬੀ ਬਾਦਲ ਨੇ ਕਿਹਾ ਕਿ ਸੁਖਨ ਸੰਧੂ ਪਾਰਟੀ ਦਾ ਵਫਾਦਾਰ ਅਤੇ ਨਿੱਡਰ ਸਿਪਾਹੀ ਸੀ। ਉਹਨਾਂ ਇਸ ਮੌਕੇ  ਇਸ ਕਤਲ ਦੀ ਨਿਰਪੱਖ ਜਾਂਚ ਕਰਕੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਵੀ ਕੀਤੀ।
                          ਗੌਰਤਲਬ ਹੈ ਕਿ ਬਠਿੰਡਾ ’ਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਨਪ੍ਰੀਤ ਸਿੰਘ ਸੰਧੂ  ਨੂੰ ਰਿਵਾਲਵਰ ਨਾਲ ਫਾਇਰਿੰਗ  ਕਰਕੇ ਕਤਲ ਕਰ ਦਿੱਤਾ ਸੀ। ਸ਼ੁਰੂ ’ਚ ਪੁਲਿਸ ਨੇ ਕਿਹਾ ਸੀ ਕਿ ਸਿਰਫ  23 ਸਾਲ ਦੇ ਸੁਖਨਪ੍ਰੀਤ ਸਿੰਘ ਸੰਧੂ ਦੀ ਹੱਤਿਆ ਉਸੇ ਦੇ ਲਾਇਸੰਸੀ ਰਿਵਾਲਵਰ ਨਾਲ ਹੀ ਕੀਤੀ ਗਈ ਹੈ। ਬਾਅਦ ’ਚ ਕਤਲ ਲਈ  ਕੋਈ ਹੋਰ ਪਿਸਤੌਲ ਵਰਤਿਆ ਹੋਣ ਦੇ ਤੱਥ ਸਾਹਮਣੇ ਆਏ ਸਨ। ਪੁਲਿਸ ਅਨੁਸਾਰ ਉਹ ਆਪਣੇ ਘਰ ਤੋਂ ਕਿਸੇ ਜਾਣ-ਪਛਾਣ ਵਾਲੇ ਨੂੰ 40 ਹਜਾਰ ਦੇਣ ਲਈ ਗਿਆ ਸੀ। ਵਾਰਦਾਤ ਵਾਲੀ ਥਾਂ ਤੇ ਸੁਖਨਪ੍ਰੀਤ ਸਕੂਟੀ ਸਮੇਤ ਡਿੱਗਿਆ ਪਿਆ ਮਿਲਿਆ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਸੰਜੇ ਠਾਕੁਰ ਨਾਂ ਦੇ ਫਾਇਨਾਂਸਰ ਨਾਲ ਉਸਦਾ ਪੈਸਿਆਂ ਪਿੱਛੇ ਝਗੜਾ ਹੋਇਆ ਜਿਸ ਕਰਕੇ ਠਾਕੁਰ ਨੇ ਸੁਖਨਪ੍ਰੀਤ ਨੂੰ ਕਥਿਤ ਤੌਰ ਤੇ ਕਤਲ ਕਰ ਦਿੱਤਾ। ਸੁਖਨਪ੍ਰੀਤ ਦਾ ਕੈਨੇਡਾ ਦੀ  ਲੜਕੀ ਨਾਲ ਵਿਆਹ ਹੋਣ ਵਾਲਾ ਸੀ ਪਰ ਇਸੇ ਦੌਰਾਨ ਇਹ ਭਾਣਾ ਵਾਪਰ ਗਿਆ।
                                  ਓਧਰ ਕਤਲ ਤੋਂ ਤਿੰਨ ਦਿਨ ਬਾਅਦ ਕਤਲ ਮਾਮਲੇ ਨੂੰ  ਲੈਕੇ ਮਾਪਿਆਂ ਨੇ ਪੁਲਿਸ ਦੀ ਥਿਊਰੀ ਨੂੰ ਰੱਦ ਕਰਦਿਆਂ ਕਤਲ ਸੁਪਾਰੀ ਲੈਕੇ ਕੀਤਾ ਗਿਆ ਕਰਾਰ ਦਿੱਤਾ ਸੀ।  ਹਾਲਾਂਕਿ ਪੁਲਿਸ ਨੇ ਸਹੀ ਮੁਲਜਮ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਸੀ ਪਰ ਮਾਪਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਬਦਲਵੀਂ ਏਜੰਸੀ ਤੋਂ ਪੜਤਾਲ ਦੀ ਮੰਗ ਰੱਖੀ ਸੀ। ਪ੍ਰੀਵਾਰ ਨੇ ਆਖਿਆ ਸੀ ਕਿ  ਸੁਖਨਪ੍ਰੀਤ ਸੰਧੂ ਦਾ ਕਤਲ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕਿਸੇ ਪੇਸ਼ੇਵਰ ਅਪਰਾਧੀ ਨੇ ਕੀਤਾ ਹੈ। ਉਹਨਾਂ ਆਖਿਆ ਸੀ ਕਿ ਪੁਲਿਸ ਮਾਮਲੇ ਨੂੰ ਪੈਸਿਆਂ ਦੇ ਲੈਣ ਦੇਣ ਨਾਲ ਜੋੜ ਕੇ ਅਸਲ ਕਾਤਲਾਂ ਨੂੰ ਬਚਾ ਰਹੀ ਹੈ। ਪ੍ਰੀਵਾਰ ਨੇ ਪੁਲਿਸ ਵੱਲੋਂ  ਪੈਸਿਆਂ ਦੇ ਲੈਣ ਦੇਣ ਦੀ ਘੜੀ ਕਹਾਣੀ ਵੀ  ਤੱਥਹੀਣ ਦੱਸਿਆ ਸੀ। ਸੁਖਨਪ੍ਰੀਤ ਸੰਧੂ ਖੁਦ ਫਾਇਨਾਂਸ ਕਰਦਾ ਸੀ, ਜਿਸ ਕਰਕੇ ਉਸ ਨੂੰ ਕਰਜ਼ਾ ਲੈਣ ਦੀ ਕੀ ਜ਼ਰੂਰਤ  ਸੀ। ਪ੍ਰੀਵਾਰ ਦੀ ਦਲੀਲ ਹੈ ਕਿ ਸਰੀਰਕ ਪੱਖੋਂ ਤਾਕਤਵਰ ਹੋਣ ਕਰਕੇ  ਇੱਕ ਬੰਦੇ ਵੱਲੋਂ ਉਸ ਨੂੰ ਕਾਬੂ ਕਰਨਾ ਸੰਭਵ ਹੀ ਨਹੀਂ ਸੀ।
                                    ਸੁਖਨਪ੍ਰੀਤ ਦੀ ਭੈਣ ਅਮਨ ਸੰਧੂ ਦਾ ਕਹਿਣਾ ਸੀ ਕਿ ਪੁਲਿਸ ਨੇ ਸੰਜੇ ਠਾਕੁਰ ਅਤੇ ਕਤਲ ਲਈ ਵਰਤੇ ਪਿਸਤੌਲ ਦਾ ਮਾਲਕ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਪੜਤਾਲ ਦੌਰਾਨ ਸੀਸੀਟੀਵੀ ਫੁੱਟੇਜ਼ ’ਚ ਦਿਖਾਈ ਦਿੱਤੇ ਦੋ ਹੋਰ ਵਿਅਕਤੀਆਂ ਖਿਲਾਫ  ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਆਖਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਕੇ ਕਤਲ ਪਿੱਛੇ ਕਾਰਨਾਂ ਨੂੰ ਸਾਹਮਣੇ ਲਿਆਏ ਅਤੇ ਉਹਨਾਂ ਨੂੰ ਮਿਸਾਲੀ ਸਜ਼ਾ ਦਿਵਾਏ। ਉਹਨਾਂ ਦੱਸਿਆ ਕਿ ਬੀਬੀ ਬਾਦਲ ਨੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ ਅਤੇ ਕੇਸ ਦੀ ਪੈਰਵਾਈ ਜਾਰੀ ਰੱਖਣ ਲਈ ਆਖਿਆ ਹੈ। ਉਹਨਾਂ ਦੱਸਿਆ ਕਿ ਉਸ ਨੇ ਨਿਊਜ਼ੀਲੈਂਡ ਜਾਣਾ ਸੀ ਪਰ ਹੁਣ ਉਹ ਸਾਰਾ ਧਿਆਨ ਭਰਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਵੱਲ ਲਾਏਗੀ। ਉਹਨਾਂ ਆਖਿਆ ਕਿ ਸੁਖਨਪ੍ਰੀਤ ਤਾਂ ਜਰਵਾਣਾ ਅਤੇ ਚਾਰ ਜਣਿਆਂ ਤੇ ਭਾਰੀ ਪੈ ਸਕਦਾ ਸੀ ਫਿਰ ਇੱਕ ਬੰਦੇ ਨੇ ਉਸ ਨੂੰ ਅੱਖ ਦੇ ਫੋਰੇ ’ਚ ਮਾਰ ਦੇਣ ਵਾਲੀ ਕਹੀ ਗੱਲ ਸਮਝੋਂ ਬਾਹਰ ਹੈ।  
                         ਕਤਲ ਸਬੰਧੀ ਪੁਲਿਸ ਦਾ ਪੱਖ
    ਥਾਣਾ ਕੈਨਾਲ ਕਲੋਨੀ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ   ਚਮਕੌਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਨੇ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਮੁਤਾਬਕ ਦੋ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਅਸਲ ’ਚ ਕਤਲ ਇੱਕ ਨੇ ਕੀਤਾ ਹੈ ਅਤੇ ਦੂਸਰੇ ਦਾ ਅਸਲਾ ਵਰਤਿਆ ਗਿਆ ਸੀ। ਉਹਨਾਂ ਆਖਿਆ ਕਿ ਕਿਸੇ ਵਿਅਕਤੀ ਨੂੰ ਨਜਾਇਜ ਸ਼ਾਮਲ ਨਹੀਂ ਕੀਤਾ ਜਾ ਸਕਦਾ ਫਿਰ ਵੀ ਕੋਈ ਤੱਥ ਸਾਹਮਣੇ ਆਇਆ ਤਾਂ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਏਗੀ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!