
ਫਾਇਰੰਗ ਦੌਰਾਨ ਤਿੰਨ ਗੰਭੀਰ ਜਖਮੀ
ਅਸ਼ੋਕ ਵਰਮਾ
ਬਠਿੰਡਾ,6 ਨਵੰਬਰ2020:ਨਹਿਰੀ ਵਿਭਾਗ ਦੇ ਐਸਈ ਗੁਰਜਿੰਦਰ ਸਿੰਘ ਬਾਹੀਆ ਨੇ ਬੀਤੀ ਅੱਧੀ ਰਾਤ ਨੂੰ ਭਗਤਾ ਭਾਈ ’ਚ ਆਪਣੀ ਮਾਸੀ ਦੇ ਲੜਕੇ ਸੁਰਿੰਦਪਾਲ ਸਿੰਘ ਦੇ ਘਰ ’ਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਦੌਰਾਨ ਇੱਕ ਲੜਕੀ ਦੀ ਮੌਤ ਹੋ ਗਈ ਜਦੋਂਕਿ ਤਿੰਨ ਵਿਅਕਤੀ ਜਖਮੀ ਹੋ ਗਏ ਹਨ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਮੁਲਜਮ ਗੁਰਜਿੰਦਰ ਸਿੰਘ ਬਾਹੀਆ ਵੀ ਜਖਮੀ ਹੋ ਗਿਆ ਜਿਸ ਖਿਲਾਫ ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਬਾਹੀਆ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਹੈ। ਪੁਲਿਸ ਹੁਣ ਉਸ ਨੂੰ ਗਿ੍ਰਫਤਾਰ ਕਰਨ ਲਈ ਛੁੱਟੀ ਮਿਲਣ ਦਾ ਇੰਤਜਾਰ ਕਰ ਰਹੀ ਹੈ। ਮਿ੍ਰਤਕ ਲੜਕੀ ਦੀ ਪਛਾਣ ਰਾਜਵਿੰਦਰ ਕੌਰ ਉਰਫ ਰਾਜੂ ਵਜੋਂ ਹੋਈ ਹੈ ਜਦੋਂਕਿ ਜਖਮੀਆਂ ’ਚ ਸੁਰਿੰਦਰਪਾਲ ਸਿੰਘ, ਰੁਪਿੰਦਰ ਸਿੰਘ ਉਰਫ ਰੋਮੀ ਅਤੇ ਦਰਸ਼ਨ ਸਿੰਘ ਸ਼ਾਮਲ ਹਨ।
ਮਿ੍ਰਤਕ ਲੜਕੀ ਐਨਆਰਆਈ ਹੈ ਜੋ ਲੰਘੀ 26 ਅਕਤੂਬਰ ਨੂੰ ਹੀ ਭਗਤਾ ਭਾਈ ਪਰਤੀ ਸੀ। ਪ੍ਰੀਵਾਰ ਅਨੁਸਾਰ ਗੁਰਜਿੰਦਰ ਸਿੰਘ ਬਾਹੀਆ ਨਿਵਾਸੀ ਗਣਪਤੀ ਐਨਕਲੇਵ ਨੇ ਨਾਨਕੇ ਪਰਿਵਾਰ ਦੀ ਜੱਦੀ ਜਮੀਨ ਹੜੱਪਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਮਨਪਾਲ ਵਿਰਕ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਉਰਫ ਕੱਕੂ ਨੇ ਪੁਲਿਸ ਨੂੰ ਜਾਣਕਾਰੀ ਦਿੱਤਾ ਹੈ ਕਿ ਗੁਰਜਿੰਦਰ ਸਿੰਘ ਬਾਹੀਆ ਉਸ ਦੀ ਮਾਸੀ ਦਾ ਲੜਕਾ ਹੈ। ਕੁੱਕੂ ਦੇ ਨਾਨਕੇ ਮੋਗਾ ਜਿਲੇ ਦੇ ਪਿੰਡ ਠੱਠੀ ਭਾਈ ’ਚ ਹਨ। ਉਸ ਦੇ ਕੋਈ ਮਾਮਾ ਨਾਂ ਹੋਣ ਕਰਕੇ ਨਾਨਕੇ ਪ੍ਰੀਵਾਰ ਨੇ ਆਪਣੀ ਜੱਦੀ ਜਮੀਨ 60 ਏਕੜ ਜੱਦੀ ਜਮੀਨ ਤਿੰਨ ਹਿੱਸਿਆਂ ’ਚ ਵੰਡ ਦਿੱਤੀ ਸੀ।
ਉਸ ਨੇ ਦੱਸਿਆ ਕਿ ਇਕੱਲਾ ਹੋਣ ਕਾਰਨ ਉਸ ਕੋਲ30 ਏਕੜ ਜਮੀਨ ਸੀ ਜਦੋਂਕਿ ਬਾਹੀਆ ਹੋਰੀ ਦੋ ਭਰਾ ਸਨ। ਇਸ ਕਰਕੇ ਉਹਨਾਂ ਦਾ ਹਿੱਸਾ 15-15 ਏਕੜ ਹੀ ਰਹਿ ਗਿਆ ਸੀ ਅਤੇ ਉਹ ਉਸ ਨਾਲ ਰੰਜਿਸ਼ ਰੱਖਣ ਲੱਗਿਆ ਸੀ। ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਨੇ ਉਸਦੀ ਦੇਖਭਾਲ ਲਈ ਆਪਣੇ ਨਾਨਕੇ ਪਿੰਡ ਦੇ ਵਸਨੀਕ ਦਰਸ਼ਨ ਸਿੰਘ ਦੀ ਲੜਕੀ ਰਾਜਵਿੰਦਰ ਕੌਰ ਉਰਫ ਰਾਜੂ ਨੂੰ ਗੋਦ ਲਿਆ ਸੀ। ਰਾਜਵਿੰਦਰ ਕੌਰ ਨੂੰ ਸਿੱਖਿਆ ਦਿਵਾਉਣ ਤੋਂ ਬਾਅਦ ਕੈਨੇਡਾ ਭੇਜ ਦਿੱਤਾ ਸੀ, ਜਿੱਥੇ ਉਹ ਤਕਰੀਬਨ 8 ਸਾਲਾਂ ਤੋਂ ਰਹਿ ਰਹੀ ਸੀ। ਸੁਰਿੰਦਰਪਾਲ ਸਿੰਘ ਅਨੁਸਾਰ ਰਾਜਵਿੰਦਰ ਕੌਰ ਉਰਫ ਰਾਜੂ ਕੈਨੇਡਾ ਤੋਂ ਵਾਪਿਸ ਪਰਤੀ ਸੀ ਜਿਸ ਨੂੰ ਹਰਨੀਆਂ ਦੀ ਸਮੱਸਿਆ ਹੋਣ ਕਰਕੇ ਦੋ ਦਿਨ ਪਹਿਲਾਂ ਮੋਹਾਲੀ ਤੋਂ ਆਪਰੇਸ਼ਨ ਕਰਵਾਇਆ ਸੀ।
ਵੀਰਵਾਰ ਨੂੰ ਛੁੱਟੀ ਮਿਲਣ ‘ਤੇ ਰਾਜਵਿੰਦਰ ਕੌਰ ਨੂੰ ਉਸ ਦਾ ਰਿਸ਼ਤੇਦਾਰ ਰੁਪਿੰਦਰ ਸਿੰਘ ਉਰਫ ਰੋਮੀ ਵਾਸੀ ਅਜੀਤ ਰੋਡ ਬਠਿੰਡਾ ਅਤੇ ਦਰਸ਼ਨ ਸਿੰਘ ਰਾਤ ਨੂੰ ਕਰੀਬ 2 ਵਜੇ ਭਗਤਾ ਭਾਈ ਲਿਆਏ ਸਨ। ਉਹਨਾਂ ਦੇ ਆਉਣ ਤੋਂ ਕੁੱਝ ਸਮਾਂ ਪਿੱਛੋਂ ਗੁਰਜਿੰਦਰ ਸਿੰਘ ਬਾਹੀਆ ਉਸਦੇ ਘਰ ਆ ਧਮਕਿਆ ਅਤੇ ਝਗੜਾ ਸ਼ੁਰੂ ਕਰ ਦਿੱਤਾ। ਅਜੇ ਉਹ ਉਸ ਨੂੰ ਸਮਝਾ ਰਹੇ ਸਨ ਕਿ ਬਾਹੀਆ ਨੇ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸੋ ਦੌਰਾਨ ਰਾਜਵਿੰਦਰ ਕੌਰ ਉਰਫ ਰਾਜੂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਗੋਲੀਬਾਰੀ ’ਚ ਸੁਰਿੰਦਰਪਾਲ ਸਿੰਘ, ਰੁਪਿੰਦਰ ਸਿੰਘ ਉਰਫ ਰੋਮੀ ਅਤੇ ਦਰਸ਼ਨ ਸਿੰਘ ਗੰਭੀਰ ਜਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਦਿਆਲਪੁਰਾ ਥਾਣਾ ਪੁਲਿਸ ਮੌਕੇ‘ ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜਾ ਲਿਆ।
ਮੁਲਜਮ ਦੀ ਜਲਦੀ ਗਿ੍ਰਫਤਾਰੀ
ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਮਨਪਾਲ ਵਿਰਕ ਦਾ ਕਹਿਣਾ ਸੀ ਕਿ ਐਸਈ ਗੁਰਜਿੰਦਰ ਸਿੰਘ ਬਾਹੀਆ ਖਿਲਾਫ ਕਤਲ ਅਤੇ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗੋਲੀਆਂ ਚਲਾਉਣ ਪਿੱਛੋਂ ਬਾਹੀਆ ਭੱਜਣ ਲੱਗਿਆ ਸੀ ਜਿਸ ਨੂੰ ਘਰ ਦੇ ਨੌਕਰਾਂ ਨੇ ਫੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਇਸ ਦੌਰਾਨ ਬਾਹੀਆ ਦੇ ਆਪਣੇ ਪਿਸਤੌਲ ਚੋਂ ਗੋਲੀ ਚੱਲ ਗਈ ਜਿਸ ਕਰਕੇ ਉਹ ਵੀ ਜਖਮੀ ਹੋ ਗਿਆ ਸੀ। ਉਹਨਾਂ ਦੱਸਿਆ ਕਿ ਜਖਮੀ ਮੁਲਜਮ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਹੈ ਜਿਸ ਨੂੰ ਛੁੱਟੀ ਮਿਲਣ ਤੋਂ ਬਾਅਦ ਗਿ੍ਰਫਤਾਰ ਕਰ ਲਿਆ ਜਾਵੇਗਾ।