
ਅਸ਼ੋਕ ਵਰਮਾ
ਬਠਿੰਡਾ, 6 ਨਵੰਬਰ2020 :ਵਿਜੀਲੈਂਸ ਰੇਂਜ ਬਠਿੰਡਾ ਨੇ ਅੱਜ ਥਾਣਾ ਐਂਟੀ ਪਾਵਰ ਥੈਫਟ ਦੇ ਹੌਲਦਾਰ ਖਿਲਾਫ 13 ਹਜ਼ਾਰ ਦੀ ਵੱਢੀਖੋਰੀ ਦਾ ਪੁਲੀਸ ਕੇਸ ਦਰਜ ਕੀਤਾ ਹੈ। ਵਿਜੀਲੈਂਸ ਟੀਮ ਨੇ ਹੌਲਦਾਰ ਵਜ਼ੀਰ ਸਿੰਘ ਨੂੰ 13 ਹਜ਼ਾਰ ਰੁਪਏ ਦੀ ਨਗਦੀ ਲੈਂਦੇ ਹੋਏ ਰੰਗੇ ਹੱਥੀ ਗਿ੍ਰਫ਼ਤਾਰ ਕਰ ਲਿਆ ਹੈ। ਵਿਜੀਲੈਂਸ ਦੇ ਡੀ.ਐਸ.ਪੀ ਸੰਦੀਪ ਸਿੰਘ ਦੀ ਅਗਵਾਈ ਵਿਚ ਟੀਮ ਨ ਹੌਲਦਾਰ ਵਜੀਰ ਸਿੰਘ ਨੂੰ ਦਬੋਚਿਆ। ਮੁਦਈ ਗੁਰਮੋਹਰ ਸਿੰਘ ਵਾਸੀ ਪੁੱਤਰ ਬੂੜ ਸਿੰਘ ਵਾਸੀ ਸਰਦੂਲਗੜ ਜਿਲ੍ਹਾ ਮਾਨਸਾ ਤੋਂ ਹੌਲਦਾਰ ਨੇ ਪੁਲਿਸ ਕੇਸ ਚੋਂ ਬਾਹਰ ਕਰਨ ਬਦਲੇ 15 ਹਜ਼ਾਰ ਰੁਪਏ ਮੰਗੇ ਸਨ। ਐਸਐਸਪੀ ਵਿਜੀਲੈਂਸ ਬਠਿੰਡਾ ਰੇਂਜ ਨਰਿੰਦਰ ਭਾਰਗਵ ਨੇ ਦੱਸਿਆ ਕਿ ਗੁਰਮੋਹਰ ਸਿੰਘ ਵੱਲੋਂ ਵਜੀਰ ਸਿੰਘ ਖਿਲਾਫ ਰਿਸ਼ਵਤ ਮੰਗਣ ਸਬੰਧੀ ਸ਼ਕਾਇਤ ਕੀਤੀ ਗਈ ਸੀ।
ਗੁਰਮੋਹਰ ਸਿੰਘ ਖੇਤੀਬਾੜੀ ਸੰਦਾਂ ਦੀ ਵਰਕਸ਼ਾਪ ਚਲਾਉਂਦਾ ਸੀ ਜੋ ਕੰਮ ਘੱਟ ਹੋਣ ਕਾਰਨ ਬੰਦ ਕਰ ਦਿੱਤੀ ਸੀ। ਜਦੋਂ ਉਹ ਮੀਟਰ ਦਾ ਕੁਨੈਕਸ਼ਨ ਕਟਵਾਉਣ ਲੱਗਾ ਤਾਂ ਉਸ ਦੇ ਦੋਸਤ ਕੁਲਦੀਪ ਸਿੰਘ ਨੇ ਬਿੱਲ ਭਰਨ ਦੇ ਵਾਅਦੇ ਨਾਲ ਮੀਟਰ ਜਿਓਂ ਦਾ ਤਿਓਂ ਰੱਖ ਲਿਆ ਸੀ। ਮੀਟਰ ਤੇਜ ਚਲਦਾ ਹੋਣ ਕਰਕੇ ਪਾਵਰਕੌਮ ਨੂੰ ਦਰਖਾਸਤ ਦਿੱਤੀ ਸੀ ਜਿਸ ਦੇ ਅਧਾਰ ਤੇ ਬਿਜਲੀ ਮੁਲਾਜਮ ਮੀਟਰ ਉਤਾਰ ਕੇ ਲੈ ਗਏ ਸਨ। ਗੁਰਮੋਹਰ ਸਿੰਘ ਨੂੰ ਬਿਜਲੀ ਮੁਲਾਜਮਾਂ ਨੇ ਐਂਟੀ ਪਾਵਰ ਥੈਫਟ ਥਾਣੇ ’ਚ ਬਿਜਲੀ ਚੋਰੀ ਕਰਨ ਸਬੰਧੀ ਉਸ ਖਿਲਾਫ ਮੁਕੱਦਮਾ ਦਰਜ ਹੋਣ ਬਾਰੇ ਦੱਸਿਆ ਸੀ। ਵਿਜੀਲੈਂਸ ਅਨੁਸਾਰ ਗੁਰਮੋਹਰ ਸਿੰਘ ਨੇ ਮੀਟਰ ਕੁਲਦੀਪ ਸਿੰਘ ਵੱਲੋਂ ਵਰਤੇ ਜਾਣ ਦੀ ਦਲੀਲ ਦੇਕੇ ਖੁਦ ਨੂੰ ਬੇਗੁਨਾਂਹ ਦੱਸਿਆ ਸੀ।
ਐਸਡੀਓ ਨੇ ਜਾਂਚ ਉਪਰੰਤ ਗੁਰਮੋਹਰ ਸਿੰਘ ਨੂੰ ਕਲੀਨ ਚਿੱਟ ਦਿੰਦਿਆਂ ਕੁਲਦੀਪ ਸਿੰਘ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਐਸਐਸਪੀ ਨੇ ਦੱਸਿਆ ਕਿ ਐਂਟੀ ਪਾਵਰ ਥੈਫਟ ਥਾਣੇ ’ਚ ਤਾਇਨਾਤ ਹੌਲਦਾਰ ਵਜ਼ੀਰ ਸਿੰਘ ਨੇ ਗੁਰਮੋਹਰ ਸਿੰਘ ਨੂੰ ਮੁਕੱਦਮੇ ਚੋਂ ਬਾਹਰ ਕਰਨ ਲਈ 15 ਹਜਾਰ ਰੁਪਏ ਦੀ ਮੰਗ ਕੀਤੀ ਸੀ ਪਰ 13 ਹਜਾਰ ਰੁਪਏ ਦੇਣ ’ਚ ਸਹਿਮਤੀ ਬਣ ਗਈ। ਉਹਨਾ ਦੱਸਿਆ ਕਿ ਅੱਜ ਸਰਕਾਰੀ ਗਵਾਹਾਂ ਦੀ ਹਾਜਰੀ ’ਚ ਹੌਲਦਾਰ ਵਜ਼ੀਰ ਸਿੰਘ ਨੂੰ ਜਦੋਂ ਗੁਰਮੋਹਰ ਸਿੰਘ ਨੇ ਰਿਸ਼ਵਤ ਦੇ 13 ਹਜਾਰ ਫੜਾਏ ਤਾਂ ਵਿਜੀਲੈਂਸ ਦੀ ਟੀਮ ਨੇ ਹੌਲਦਾਰ ਨੂੰ ਦਬੋਚ ਲਿਆ। ਵਿਜੀਲੈਂਸ ਥਾਣਾ ਬਠਿੰਡਾ ਵਿਚ ਐਫ.ਆਈ.ਆਰ ਨੰਬਰ 16 ਤਹਿਤ ਵਜ਼ੀਰ ਸਿੰਘ ਖਿਲਾਫ ਵੱਢੀਖੋਰੀ ਦਾ ਕੇਸ ਦਰਜ ਕਰ ਲਿਆ ਗਿਆ ਹੈ।