
ਨਵੀਂ ਦਿੱਲੀ 6 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਬਰਤਾਨੀਆ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਜੋ ਕਿ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਨੰਬਰ 1 ਵਿਚ ਬੰਦ ਹੈ, ਨੂੰ ਅੱਜ ਬਾਘਾਪੁਰਾਣਾ, ਮੋਗਾ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜਗਤਾਰ ਸਿੰਘ ਜੱਗੀ ਜੌਹਲ ਜੋ ਕਿ ਵਜੋਂ ਜਾਣਿਆ ਜਾਂਦਾ ਹੈ, ਨੂੰ ਪੰਜਾਬ ਪੁਲਿਸ ਨੇ 4 ਨਵੰਬਰ, 2017 ਨੂੰ ਰਾਮਾਮੰਡੀ, ਜਲੰਧਰ ਤੋਂ ਚੁੱਕ ਲਿਆ ਸੀ, ਬਾਅਦ ਵਿਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਐਫਆਈਆਰ ਨੰਬਰ 193/2016 ਥਾਣਾ ਬਾਘਾਪੁਰਾਣਾ, ਮੋਗਾ, Uapa ਅਤੇ ਅਸਲੇ ਦੀ ਧਾਰਾਵਾਂ ਅਧੀਨ ਜੇਲ੍ਹ ਅੰਦਰ ਬੰਦ ਕਰ ਦਿਤਾ ਸੀ । ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੱਜ ਅਨੁਪਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਅੱਜ ਜਗਤਾਰ ਸਿੰਘ ਜੱਗੀ ਜੌਹਲ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਮਾਨਤ ਦੀ ਅਰਜ਼ੀ ਪਹਿਲਾਂ ਸੈਸ਼ਨ ਕੋਰਟ ਮੋਗਾ ਵਿੱਚ ਪਾਈ ਗਈ ਸੀ ਜਿਸਨੂੰ ਅਦਾਲਤ ਨੇ ਖਾਰਜ ਕਰ ਦਿੱਤੀ ਸੀ, ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਿੱਤੀ ਗਈ ਸੀ। ਉਨ੍ਹਾਂ ਦਸਿਆ ਕਿ ਹਾਈ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ‘ਤੇ ਵਕੀਲ ਮਨਦੀਪ ਕੌਸ਼ਿਕ ਨੇ ਜ਼ੋਰਦਾਰ ਬਹਿਸ ਕੀਤੀ, ਜਿਸਤੇ ਜੱਜ ਸਾਹਿਬ ਨੇ ਤੱਥਾਂ ਨੂੰ ਦੇਖਦਿਆਂ ਜੱਗੀ ਨੂੰ ਜਮਾਨਤ ਦੇ ਦੀਤੀ । ਜਿਕਰਯੋਗ ਹੈ ਕਿ ਜੱਗੀ ਦਾ ਪਹਿਲਾਂ ਹੀ ਇੱਕ ਕੇਸ ਖਾਰਿਜ ਹੋ ਚੁੱਕਿਆ ਹੈ ਅਤੇ ਹੁਣ ਉਸ ਦੇ ਖ਼ਿਲਾਫ਼ 8 ਐਨਆਈਏ ਕੇਸ ਵਿਚਾਰ ਅਧੀਨ ਹਨ ਜਿਨ੍ਹਾਂ ਵਿੱਚੋਂ ਦੋ ਮੋਹਾਲੀ ਅਤੇ ਛੇ ਕੇਸ ਦਿੱਲੀ ਅਦਾਲਤ ਅੰਦਰ ਚਲ ਰਹੇ ਹਨ ।