ਅਸ਼ੋਕ ਵਰਮਾ
ਬਠਿੰਡਾ,4 ਨਵੰਬਰ। ਵਿਧਵਾ ਸੁਰਜੀਤ ਕੌਰ ਆਪਣਾ ‘ਸੁਹਾਗ’ ਤਾਂ ਬਚਾ ਨਹੀਂ ਸਕੀ ਪਰ ਹੁਣ ਉਹ ਪੈਲੀਆਂ ਦੀ ਸੁੱਖ ਮੰਗਦੀ ਹੈ ਜਿਹਨਾਂ ਤੇ ਹਕੂਮਤਾਂ ਦੇ ਜੋਰ ਤੇ ਧਨਾਢ ਘਰਾਣਿਆਂ ਨੇ ਅੱਖ ਰੱਖ ਲਈ ਹੈ। ਪਿੰਡ ਸਿਰੀਏ ਵਾਲਾ ਦੀ ਸੁਰਜੀਤ ਕੌਰ ਨਾਲੋਂ ਵੱਧ ਰੁੱਸੇ ਖੇਤਾਂ ਦਾ ਦਰਦ ਕੌਣ ਜਾਣਦਾ ਹੈ। ਉਸ ਕੋਲੋਂ ਪਤੀ ਅਤੇ ਜ਼ਮੀਨ ਦੋਵੇਂ ਕਰਜ਼ੇ ਨੇ ਖੋਹ ਲਏ। ਪਤੀ ਕਿਸਾਨ ਬਲਦੇਵ ਸਿੰਘ ਦੇ ਸਿਰ 9 ਲੱਖ ਦਾ ਕਰਜ਼ਾ ਸੀ ਜਿਸ ਦਾ ਭਾਰ ਝੱਲਣਾ ਔਖਾ ਹੋ ਗਿਆ ਤਾਂ ਉਸ ਨੇ ਮੌਤ ਕਬੂਲ ਲਈ। ਅੱਜ ‘ਕਰਵਾ ਚੌਥ’ ਦਾ ਪਤੀ ਅਤੇ ਪੈਲੀਆਂ ਗੁਆ ਚੁੱਕੀਆਂ ਔਰਤਾਂ ਲਈ ਕੋਈ ਅਰਥ ਨਹੀਂ ਰਿਹਾ। ਇਹ ਦਾਸਤਾਨ ਬਠਿੰਡਾ ਪੱਟੀ ਦੀਆਂ ਉਨਾਂ ਵਿਧਵਾ ਔਰਤਾਂ ਦੀ ਹੈ ਜਿਹਨਾਂ ਦੇ ਸਿਰ ਦੇ ਸਾਈਂ ਆਪਣੀਆਂ ਜਮੀਨਾਂ ਚੋਂ ਜ਼ਿੰਦਗੀ ਤਲਾਸ਼ਦੇ ਮਿੱਟੀ ਹੋ ਗਏ ।
ਖੇਤੀ ਸੰਕਟ ਕਾਰਨ ਖੇਤ ਵੀ ਖੁੱਸ ਗਏ ਅਤੇ ਜਿੰਦਗੀ ਵੀ ਕੱਖੋਂ ਹੌਲੀ ਹੋ ਗਈ ਹੈ। ਇਹਨਾਂ ਔਰਤਾਂ ਨੇ ਅੱਜ ਪੰਜਾਬ ਦੇ ਰੁੱਸੇ ਅਤੇ ਖੋਹੇ ਜਾ ਰਹੇ ਖੇਤਾਂ ਲਈ ਦੁਆਵਾਂ ਕੀਤੀਆਂ ਹਨ। ਦੱਸਣਯੋਗ ਹੈ ਕਿ ਮੋਦੀ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ ਜਿਹਨਾਂ ਨੂੰ ਕਿਸਾਨ ਧਿਰਾਂ ਕਾਰਪੋਰੇਟ ਘਰਾਣਿਆਂ ਨੂੰ ਪੈਲੀਆਂ ਤੇ ਕਬਜਾ ਕਰਵਾਉਣ ਦੀ ਮਨਸ਼ਾ ਖਾਤਰ ਲਾਗੂ ਕੀਤੇ ਜਾਣ ਵਾਲੇ ਦੱਸ ਰਹੀਆਂ ਹਨ। ਇਸ ਮਾਮਲੇ ਨੂੰ ਲੈਕੇ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਦਾ ਅਖਾੜਾ ਮਘਿਆ ਹੋਇਆ ਹੈ। ਖੁਦਕਸ਼ੀ ਪੀੜਤ ਘਰਾਂ ਦੀਆਂ ਔਰਤਾਂ ਵੱਲੋਂ ਰੋਜਾਨਾਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ, ਰੇਲ ਲਾਈਨਾਂ ਤੇ ਟੋਲ ਪਲਾਜਿਆਂ ਆਦਿ ਤੇ ਚੱਲ ਰਹੇ ਧਰਨਿਆਂ ’ਚ ਪੁੱਜ ਕੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਵਿਧਵਾ ਚਰਨਜੀਤ ਕੌਰ ਨੂੰ ਅੱਜ ਵੀ ਉਹ ਮਨਹੂਸ ਦਿਨ ਨਹੀਂ ਭੁੱਲਦਾ ਜਿਸ ਦਿਨ ਉਸ ਦਾ ਪਤੀ ਕਰਜ਼ਿਆਂ ਦੀ ਭੇਂਟ ਚੜ ਗਿਆ ਸੀ। ਇਸ ਮਹਿਲਾ ਕੋਲ ਚਾਰ ਏਕੜ ਜ਼ਮੀਨ ਸੀ ਜਿਸ ‘ਚੋਂ ਦੋ ਏਕੜ ਨੂੰ ਕਰਜ਼ਾ ਖਾ ਗਿਆ। ਬੱਚਿਆਂ ਖਾਤਰ ਉਹ ਖੱਡੀ ਬੁਣਦੀ ਹੈ। ਜਦੋਂ ਕਰਵਾ ਚੌਥ ਆਉਂਦਾ ਹੈ ਤਾਂ ਉਹ ਰੁੱਸ ਗਏ ਖੇਤਾਂ ਵੱਲ ਦੇਖਦਿਆਂ ਪੁਰਾਣੇ ਵੇਲੇ ਮੁੜ ਆਉਣ ਦੀ ਅਰਦਾਸ ਕਰਦੀ ਹੈ। ਪਿੰਡ ਭੂੰਦੜ ਦੀ ਕਰਨੈਲ ਕੌਰ ਦੀ ਪਤੀ ਵੀ ਗੁਆ ਬੈਠੀ ਹੈ ਅਤੇ ਜ਼ਮੀਨ ਵੀ । ਉਸ ਦਾ ਪਤੀ ਬੂਟਾ ਸਿੰਘ ਖ਼ੁਦਕੁਸ਼ੀ ਕਰ ਗਿਆ ਤਾਂ ਉਸ ਨੇ ਭਾਣਾ ਮੰਨ ਲਿਆ ਸੀ। ਸਮਾਜਿਕ ਤੌਰ ‘ਤੇ ਜਦੋਂ ਉਸ ਨੂੰ ਦਿਓਰ ਹਰਦੇਵ ਸਿੰਘ ਦੇ ਲੜ ਲਾ ਦਿੱਤਾ ਤਾਂ ਉਸ ਨੂੰ ਮੁੜ ਧਰਵਾਸ ਬੱਝਿਆ। ਕੁੱਝ ਸਮੇਂ ਬਾਅਦ ਹਰਦੇਵ ਸਿੰਘ ਵੀ ਭਰਾ ਵਾਲੇ ਰਾਹ ਚਲਾ ਗਿਆ ਅਤੇ ਪੰਜ ਏਕੜ ਜ਼ਮੀਨ ਵੀ ਕਰਜ਼ੇ ਵਿੱਚ ਵਿਕ ਗਈ ।
ਪਿੰਡ ਗਿੱਦੜ ਦੀ ਵੀਰਾਂ ਕੌਰ ਨੇ ਪੁੱਤ ਦਾ ਨਾਂ ਸਿਕੰਦਰ ਰੱਖਿਆ ਸੀ ਜਿਸ ਸਿਰ ਉਮਰ ਤੋਂ ਵੱਡਾ ਕਰਜਾ ਹੈ। ਹਾਕਮਾਂ ਨੂੰ ਅੰਨਦਾਤੇ ਦਾ ਝੋਰਾ ਹੁੰਦਾ ਤਾਂ ਵੀਰਾਂ ਕੌਰ ਦੇ ਪਤੀ ਬਿੰਦਰ ਸਿੰਘ ਨੂੰ ਖ਼ੁਦਕੁਸ਼ੀ ਨਾ ਕਰਨੀ ਪੈਂਦੀ । ਜਦੋਂ ਘਰ ਦੇ ਤੀਲੇ ਬਿਖਰਨ ਲੱਗੇ ਤਾਂ ਮਾਪਿਆਂ ਨੇ ਆਪਣੀ ਧੀ ਵੀਰਾਂ ਕੌਰ ਨੂੰ ਮਿ੍ਰਤਕ ਦੇ ਛੋਟੇ ਭਰਾ ਦੇ ਲੜ ਲਾ ਦਿੱਤਾ ਪਰ ਉਹ ਵੀ ਦੁਨੀਆ ਤੋਂ ਵਿਦਾ ਹੋ ਗਿਆ। ਪਿੰਡ ਕੋਟ ਭਾਰਾ ‘ਚ ਦੋ ਕਿਸਾਨ ਪ੍ਰੀਵਾਰ ਅਜਿਹੇ ਹਨ ਜਿਹਨਾਂ ਦੇ ਨਾਂ ਪੁੱਤ ਰਹੇ ਤੇ ਨਾਂ ਖੇਤ ਬਚੇ। ਇਹ ਕੁੱਝ ਮਿਸਾਲਾਂ ਹਨ ਕਪਾਹ ਪੱਟੀ ‘ਚ ਇਸ ਤਰਾਂ ਦੀਆਂ ਸੈਂਕੜੇ ਵਿਧਵਾਵਾਂ ਹਨ ਜਿਹਨਾਂ ਨਾਲ ਖੇਤ ਰੁੱਸੇ ਅਤੇ ਜਿੰਦਗੀ ਬਦਰੰਗ ਹੋ ਗਈ। ਕਰਜਿਆਂ ’ਚ ਜਮੀਨਾਂ ਗੁਆ ਚੁੱਕੀਆਂ ਇਹਨਾਂ ਵਿਧਵਾਵਾਂ ਦੀ ਮਾਨਸਿਕ ਪੀੜ ਵੀ ਘੱਟ ਨਹੀਂ ਹੈ ।
ਸਥਿਤੀ ਦਾ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਜੰਮਦੇ ਨਿਆਣਿਆਂ ਸਿਰ ਕਰਜ਼ਾ, ਚਿੱਟੀਆਂ ਚੁੰਨੀਆਂ ਦਾ ਵਧਣਾ ਤੇ ਜ਼ਿੰਦਗੀ ਦੇ ਆਖਰੀ ਪਹਿਰ ਬਜ਼ੁਰਗਾਂ ਦਾ ਧਰਨਿਆਂ ‘ਤੇ ਬੈਠਣਾ, ਪੰਜਾਬ ਦੀ ਖੇਤੀ ਨੂੰ ਪਏ ਸੋਕੇ ਦੀ ਤਸਵੀਰ ਹੈ। ਫੱਕ ਚਿਹਰਿਆਂ ਅਤੇ ਹੌਲ ਪੈਂਦੇ ਦਿਲਾਂ ਨਾਲ ਕਚਹਿਰੀਆਂ ’ਚ ਜਮੀਨਾਂ ਦੀਆਂ ਰਜਿਸਟਰੀਆਂ ਤੇ ਲੱਗਦੇ ਕਿਸਾਨਾਂ ਦੇ ਅੰਗੂਠੇ ਇਹਨਾਂ ਤੱਥਾਂ ਦੀ ਗਵਾਹੀ ਭਰਦੇ ਹਨ । ਅੱਜ ਸ਼ਹਿਰੀ ਖ਼ਿੱਤੇ ‘ਚ ਤਾਂ ‘ਕਰਵਾ ਚੌਥ’ ਦੇ ਰੰਗ ਜਲੌਅ ‘ਚ ਦਿਸੇ ਪਰ ਪਿੰਡਾਂ ‘ਚ ਇਹ ਦਿਨ ਫਿੱਕਾ ਰਿਹਾ ਕਿਉਂਕਿ ਕੁੱਝ ਕਿਸਾਨ ਝੋਨਾ ਵੇਚਣ ਵਾਸਤੇ ਮੰਡੀਆਂ ‘ਚ ਬੈਠੇ ਹਨ ਜਦੋਂਕਿ ਬਹੁਤਿਆਂ ਨੇ ਮੋਦੀ ਸਰਕਾਰ ਖਿਲਾਫ ਸੜਕਾਂ ਮੱਲੀਆਂ ਹੋਈਆਂ ਹਨ। ਅਜਿਹੇ ਔਕੜਾਂ ਭਰੇ ਵਕਤ ਦੌਰਾਨ ਵੀ ਆਉਣ ਵਾਲੇ ਵਕਤ ਦੌਰਾਨ ਸੁੱਖ ਸਾਂਦ ਰਹੇ ਇਹ ਔਰਤਾਂ ਇਹੋ ਅਰਦਾਸ ਕਰਦੀਆਂ ਹਨ।
ਜਮੀਨਾਂ ਬਚਾਉਣ ਲਈ ਸੰਘਰਸ਼:ਬਿੰਦੂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਿੰਡਾਂ ਵਿਚਲੀਆਂ ਇਹਨਾਂ ਔਰਤਾਂ ਨੂੰ ਲਾਮਬੰਦ ਕੀਤਾ ਹੋਇਆ ਹੈ ਜਿਸ ਕਰਕੇ ਉਹ ਹਰ ਸੰਘਰਸ਼ ‘ਚ ਪੁਰਸ਼ਾਂ ਦੇ ਬਰਾਬਰ ਖਲੋਂਦੀਆਂ ਹਨ। ਜੱਥੇਬੰਦੀ ਦੀ ਸੰਘਰਸ਼ੀ ਆਗੂ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਸੁਹਾਗ ਤੇ ਜਮੀਨਾਂ ਗੁਆ ਚੁੱਕੀਆਂ ਇਹ ਔਰਤਾਂ ਅੱਜ ਦੇ ਦਿਨ ਹੀ ਨਹੀਂ ਬਲਕਿ ਹਮੇਸ਼ਾ ਹੀ ਪੈਲੀਆਂ ਦੇ ‘ਅੱਛੇ ਦਿਨਾਂ’ ਲਈ ਦੁਆ ਕਰਦੀਆਂ ਹਨ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਧਨਾਢ ਘਰਾਣਿਆਂ ਖਾਤਰ ਜਮੀਨਾਂ ਖੋਹਣ ਲੱਗੀ ਹੋਈ ਹੈ ਜਿਹਨਾਂ ਦੀ ਰਾਖੀ ਲਈ ਅੱਜ ਤਾਂ ਹਰ ਔਰਤ ਸੰਘਰਸ਼ ਦੇ ਰਾਹ ਪਈ ਹੋਈ ਹੈ।