
ਆਗੂਆਂ ਵੱਲੋਂ ਮਾਮਲੇ ਦੀ ਹਾਈਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ2020: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਜੌਗਰ ਪਾਰਕ ਚੋਂ ਮਿਲੇ ਭਾਰੀ ਮਾਤਰਾ ’ਚ ਆਟੇ ਨੂੰ ਲੈਕੇ ਅੱਜ ਕਾਂਗਰਸ ਨੂੰ ਘੇਰਿਆ ਅਤੇ ਇਸ ਨੂੰ ਸੱਤਾਧਾਰੀ ਕਾਂਗਰਸੀਆਂ ਵੱਲੋਂ ਕੋਰੋਨਾ ਮਹਾਂਮਾਰੀ ‘ਚ ਗ਼ਰੀਬਾਂ ਦੇ ਪੇਟ ‘ਤੇ ਡਾਕੇ ਮਾਰ ਕੇ ਰਾਜਨੀਤੀ ਚਮਕਾਉਣਾ ਕਰਾਰ ਦਿੱਤਾ ਹੈ। ਪਾਰਟੀ ਨੇ ਇਸ ਮਾਮਲੇ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਤੋਂ ਕਾਂਗਰਸੀ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲਿਆ ਅਤੇ ਕਾਂਗਰਸੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਆਪ ਆਗੂ ਨੇ ਕਿਹਾ ਕਿ ਇਹ ਉਹਨਾਂ ਦੇ ਚਹੇਤਿਆਂ ਵੱਲੋਂ ਗ਼ਰੀਬਾਂ ਲਈ ਆਏ ਸਰਕਾਰੀ ਰਾਸ਼ਨ ‘ਚ ਹੋਏ ਵੱਡੇ ਘੁਟਾਲੇ ਦਾ ਜਿੰਦਾ-ਜਾਗਦਾ ਸਬੂਤ ਹੈ।
ਉਹਨਾਂ ਕਿਹਾ ਕਿ ਇਹ ਰਾਸ਼ਨ ਘੁਟਾਲਾ ਸਿਰਫ਼ ਬਠਿੰਡਾ ਤੱਕ ਸੀਮਤ ਨਹੀਂ, ਸਗੋਂ ਪੂਰੇ ਪੰਜਾਬ ‘ਚ ਸੱਤਾਧਾਰੀ ਕਾਂਗਰਸੀਆਂ ਨੇ ਗ਼ਰੀਬਾਂ ਦੇ ਰਾਸ਼ਨ ਨਾਲ ਹੱਥ ਰੰਗੇ ਹਨ। ਇਸ ਮੌਕੇ ਬਲਜਿੰਦਰ ਕੌਰ ਨੇ ਕਿਹਾ ਕਿ ਇਹ ਸਰਕਾਰ ਘਪਲਿਆਂ ਦੀ ਸਰਕਾਰ ਬਣ ਚੁੱਕੀ ਹੈ। ਸ਼ਾਇਦ ਹੀ ਕੋਈ ਅਜਿਹਾ ਖੇਤਰ ਬਚਿਆ ਹੋਵੇ ਜਿੱਥੇ ਭਿ੍ਰਸ਼ਟਾਚਾਰ ਵਿਚ ਇਹਨਾਂ ਦੇ ਲੀਡਰਾਂ ਦੀ ਕਥਿਤ ਸ਼ਮੂਲੀਅਤ ਨਾ ਹੋਵੇ। ਉਹਨਾਂ ਕਿਹਾ ਕਿ ਜਦੋਂ ਭਿਆਨਕ ਮਹਾਂਮਾਰੀ ਦੌਰਾਨ ਗ਼ਰੀਬ ਲੋਕ ਰਾਸ਼ਨ ਲਈ ਤ੍ਰਾਹ-ਤ੍ਰਾਹ ਕਰ ਰਹੇ ਸਨ, ਉਸ ਸਮੇਂ ਇਨਾਂ ਦੇ ਲੀਡਰ ਆਪਣੀ ਰਾਜਨੀਤੀ ਚਮਕਾਉਣ ਲਈ ਅਨਾਜ ਦਾ ਕਾਂਗਰਸੀਕਰਨ ਕਰ ਰਹੇ ਸੀ ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਉਹਨਾਂ ਕਿਹਾ ਕਿ ਜੋ ਅਨਾਜ ਲੋਕਾਂ ਦੇ ਢਿੱਡ ਵਿਚ ਜਾਣਾ ਚਾਹੀਦਾ ਸੀ, ਜਿਸ ਨੂੰ ਜ਼ਮੀਨ ਵਿਚ ਦੱਬਿਆ ਗਿਆ ਹੈ।
ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨੇ ਸੰਕਟ ਦੌਰਾਨ ਗਰੀਬ ਪ੍ਰੀਵਾਰਾਂ ਨਾਲ ਧਰੋਹ ਕਮਾਇਆ ਹੈ ਇਸ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ। ਇਸ ਦੌਰਾਨ ਜ਼ਿਲਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਜਾਣਕਾਰੀ ਮਿਲਣ ਉਪਰੰਤ ਜਦੋਂ ਉਹ ਮੌਕੇ ‘ਤੇ ਪਹੁੰਚੇ ਅਤੇ ਉਸ ਸਥਾਨ ਦੀ ਖ਼ੁਦਾਈ ਕਰਵਾਉਣ ਤੇ ਥੱਲਿਓਂ ਭਾਰੀ ਮਾਤਰਾ ਵਿੱਚ ਆਟੇ ਅਤੇ ਦਾਲਾਂ ਦੀਆਂ ਬੋਰੀਆਂ ਦੱਬਿਆ ਮਿਲਿਆਂ ਹਨ। ਉਹਨਾਂ ਕਿਹਾ ਕਿ ਇਹ ਮਾਮਲਾ ਸਾਹਮਣੇ ਆਉਣ ਤੇ ਬਠਿੰਡਾ ਕਾਂਗਰਸ ਦੀ ਨੀਤੀ ਅਤੇ ਗਰੀਬਾਂ ਪ੍ਰਤੀ ਨੀਅਤ ਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ। ਇਸ ਮੌਕੇ ਜ਼ਿਲਾ ਪ੍ਰਧਾਨ (ਦਿਹਾਤੀ) ਗੁਰਜੰਟ ਸਿੰਘ ਸੀਬੀਆ, ਅਨਿਲ ਠਾਕੁਰ, ਅਮਰਦੀਪ ਰਾਜਨ, ਮਹਿੰਦਰ ਸਿੰਘ ਫੁਲੋਮਿੱਠੀ, ਐਮ.ਐਲ ਜਿੰਦਲ, ਪ੍ਰਦੀਪ ਕਾਲੀਆ ਅਤੇ ਹਰਜਿੰਦਰ ਕੌਰ ਹਾਜਰ ਸਨ।