10.2 C
United Kingdom
Saturday, April 19, 2025

More

    ਉਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ….


    ਸ਼ਿਵਚਰਨ ਜੱਗੀ ਕੁੱਸਾ, ਲੰਡਨ

    “ਕੋਰੋਨਾ ਵਾਇਰਸ” ਦੀ ਦਹਿਸ਼ਤ ਹੋਣ ਕਾਰਨ ਉੱਤਰੀ ਲੰਡਨ ਦੀ “ਬਜ਼ੁਰਗ ਸਭਾ”  ਦਾ ‘ਮੀਟਿੰਗ ਹਾਲ’ ਕਈ ਹਫ਼ਤਿਆਂ ਤੋਂ ਸੁੰਨਾਂ “ਭਾਂਅ-ਭਾਂਅ” ਕਰ ਰਿਹਾ ਸੀ।

    ਮੀਟਿੰਗ ਹਾਲ ਗੁਰੂ ਘਰ ਦੀ ਵਿਸ਼ਾਲ ਇਮਾਰਤ ਦੀ ਇੱਕ ਨੁੱਕਰ ਵਿੱਚ ਹੀ ਸੀ। ਅੱਜ ਤਿੰਨ ਹਫ਼ਤਿਆਂ ਤੋਂ ਕੁੱਕੜਾਂ ਵਾਂਗ ਖੁੱਡਿਆਂ ਵਿੱਚ ਤਾੜੇ ਲੋਕ ਬਾਹਰ ਨਿਕਲੇ ਸਨ। ਮਸਾਂ ਸੁਖ ਦਾ ਸਾਹ ਆਇਆ ਸੀ। ਨਹੀਂ ਤਾਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨਸੀਹਤਾਂ, ਪਾਬੰਦੀਆਂ ਨੇ ਲੋਕਾਂ ਦਾ ਘੰਡੀ ਵਿੱਚ ਸਾਹ ਰੋਕੀ ਰੱਖਿਆ ਸੀ। “ਕੋਰੋਨਾਂ – ਕੋਰੋਨਾਂ” ਸੁਣ ਕੇ ਲੋਕਾਂ ਦੇ ਕੰਨ ਪੱਕ ਗਏ ਸਨ। ਸਭਾ ਵਿੱਚੋਂ ਅਜੇ ਅਮਰੀਕ ਸਿੰਘ ਢਿੱਲੋਂ ਹੀ ਬਹੁੜਿਆ ਸੀ, ਬਾਕੀ ਬਜ਼ੁਰਗ ਮਿੱਤਰਾਂ ਦੇ ਪਹੁੰਚਣ ਦੀ ਉਸ ਨੂੰ “ਨਾਨਕਾ ਮੇਲ਼” ਵਾਂਗ ਉਡੀਕ ਸੀ। ਕੁਝ ਸਮੇਂ ਵਿੱਚ ਹੀ ਘਰਾਂ ਵਿੱਚ ਇਕਲਾਪੇ ਦੇ ਮਾਰੇ ਬਜ਼ੁਰਗ “ਆਹਣ” ਵਾਂਗ ਉਤਰ ਆਏ। ਉਹ ਇੱਕ-ਦੂਜੇ ਦੇ ਗਲ਼ ਲੱਗ-ਲੱਗ ਇਉਂ ਮਿਲ਼ ਰਹੇ ਸਨ, ਜਿਵੇਂ ਚੌਦਾਂ ਸਾਲ ਦਾ ਬਣਵਾਸ ਕੱਟ ਕੇ ਆਏ ਹੋਣ!

    -“ਲੈ ਬਈ ਅੱਜ ਤਾਂ ਸੁੱਖ ਨਾ’ ਰੰਗ ਭਾਗ ਲੱਗ-ਗੇ…!”
    -“ਤਾਂ ਹੀ ਤਾਂ ਸਿਆਣੇ ਕਹਿੰਦੇ ਐ, ਬਈ ਬੰਦਿਆਂ ਨਾਲ਼ ਈ ਰੌਣਕਾਂ ਹੁੰਦੀਐਂ…!”
    -“ਸੁਣਾਓ ਜੀ ਢਿੱਲੋਂ ਸਾਅਬ, ਸਿਹਤਾਂ ਕਾਇਮ ਨੇ…?” ਦਿਲਬਾਗ ਸਿੰਘ ਚਾਹਲ ਨੇ ਆਉਣ ਸਾਰ ਅਮਰੀਕ ਸਿੰਘ ਢਿੱਲੋਂ ਨਾਲ਼ ਹੱਥ ਮਿਲ਼ਾਇਆ, ਜਿਵੇਂ ਕੋਈ ਸਿਆਸੀ ਸੰਧੀ ਕਰਨੀ ਹੋਵੇ।

    -“ਜਮਾਂ ਈ ਲੋਟ ਐਂ ਚਾਹਲ ਸਾਅਬ, ਤੁਸੀਂ ਦੱਸੋ…?” ਅਮਰੀਕ ਸਿੰਘ ਢਿੱਲੋਂ ਦਾ ਬੋਲ ਦਿਲਬਾਗ ਸਿੰਘ ਚਾਹਲ ਨੂੰ “ਖੁੱਸਿਆ-ਖੁੱਸਿਆ” ਜਿਹਾ ਲੱਗਿਆ।
    -“ਕਿਵੇਂ ਪੈਂਚਰ ਜੇ ਹੋਏ ਬੋਲਦੇ ਓਂ…? ਕਿਤੇ ਕਰੋਨਾ ਤਾਂ ਨੀ ਕਲੋਲ ਕਰ ਗਿਆ…?” ਚਾਹਲ ਨੇ ਵਿਅੰਗ ਕਸਿਆ।
    -“ਜੇ ਕਰੋਨੇ ਨੇ ਕਲੋਲ ਕੀਤੀ ਹੁੰਦੀ, ਹੁਣ ਨੂੰ ਐਥੇ ਬੈਠੇ ਹੁੰਦੇ…? ਫ਼ੇਰ ਤਾਂ ਹੁਣ ਨੂੰ ਚੜ੍ਹ ਗਏ ਹੁੰਦੇ ਤੱਕੜ ‘ਤੇ…!”
    -“ਹੁਣ ਨੂੰ ਤਾਂ ਸਹਿਜ ਪਾਠ ਦਾ ਭੋਗ ਵੀ ਪੈ ਗਿਆ ਹੁੰਦਾ, ਚਾਹਲ ਸਾਅਬ…!” ਅਖਾੜਾ ਪਿੰਡ ਵਾਲ਼ੇ ਸ਼ਰਮਾਂ ਜੀ ਨੇ ਗੱਲ ਅੱਧ ਵਿੱਚ ਹੀ ਬੋਚ ਕੇ ਰੇਖ ‘ਚ ਮੇਖ ਮਾਰੀ।

    -“ਤੁਸੀਂ ਸੁਣਾਓ ਸ਼ਰਮਾਂ ਜੀ…?”
    -“ਮੈਂ ਵੀ ਥੋਡੇ ਨਾਲ਼ ਈ ਆਂ…! ਮੈਂ ਕਿਹੜਾ ਝੰਡਾ ਚੱਕ ਕੇ ਪ੍ਰਲੋਕ ਚਲਿਆ ਜਾਣਾ ਸੀ…?” ਸ਼ਰਮਾਂ ਜੀ ਅੱਖਾਂ ਮੀਟ ਕੇ ਗੁੱਝਾ ਜਿਹਾ ਹੱਸ ਪਏ।
    -“ਊਂ ਇੱਕ ਗੱਲ ਹੋਰ ਐ, ਸ਼ਰਮਾਂ ਜੀ…!” ਨੰਬਰਦਾਰ ਸਾਹਿਬ ਨੇ ਵਾਰੀ ਲਈ ਤਾਂ ਸਾਰੇ ਉਸ ਵੱਲ ਝਾਕਣ ਲੱਗ ਪਏ।
    -“ਓਹ ਕਿਹੜੇ “ਸੀਲ” ਹੁੰਦੇ ਐ…?” ਨੰਬਰਦਾਰ ਸਾਹਿਬ ਨੇ ਦਿਮਾਗ ‘ਤੇ ਧੱਫਾ ਜਿਹਾ ਮਾਰਿਆ, ਜਿਵੇਂ “ਘਿਰੜ-ਘਿਰੜ” ਕਰਦੇ ਰੇਡੀਓ ‘ਤੇ ਮਾਰੀਦੈ।
    -“ਸੀਲ…?” ਸਾਰੇ ਹੈਰਾਨ ਜਿਹੇ ਹੋ ਕੇ ਨੰਬਰਦਾਰ ਵੱਲ ਝਾਕੇ।
    -“ਸੰਘਰਸ਼-ਸ਼ੀਲ…?” ਦਿਲਬਾਗ ਸਿੰਘ ਚਾਹਲ ਨੇ ਜਮਾਤ ਦੇ “ਮੁਨੀਟਰ” ਵਾਂਗ ਪਹਿਲ ਕੀਤੀ।
    -“ਓਏ ਕਾਹਨੂੰ…! ਇੱਕ ਹੋਰ “ਸੀਲ” ਹੁੰਦੇ ਐ, ਯਾਰ…!”
    -“ਤਰਕਸ਼ੀਲ….?”

    -“ਆਹ…! ਜਮਾਂ ਓਹੀ…!! ਤਰਕਸ਼ੀਲ…!! ਤਰਕਸ਼ੀਲ ਤੇ ਵਿਗਿਆਨੀ ਕਦੋਂ ਦੇ “ਗਲੋਬਲ ਵਾਰਮਿੰਗ” ਤੇ ਪ੍ਰਦੂਸ਼ਣ ਬਾਰੇ ਪਿੱਟੀ ਜਾਂਦੇ ਸੀ, ਕਿਸੇ ਨੇ ਕੰਨ ਈ ਨੀ ਸੀ ਕਰਿਆ, ਤੇ ਰੱਬ ਨੇ ਕੋਰੋਨਾ ਵਾਇਰਸ ਆਲ਼ਾ ਇੱਕੋ ਪੈਰ ਦੜੱਕਾ ਮਾਰਿਆ, ਵਾੜਤੇ ਨ੍ਹਾਂ ਲੋਕ ਭੇਡਾਂ ਬੱਕਰੀਆਂ ਮਾਂਗੂੰ ਘਰਾਂ ‘ਚ…? ਕਾਰਾਂ ਬੱਸਾਂ ਦੀ ਤਾਂ ਗੱਲ ਛੱਡੋ, ਰੋਕਤੇ ਨ੍ਹਾਂ ਵੱਡੇ-ਵੱਡੇ ਜਹਾਜ ਤੇ ਸਿੱਪ…!”

    -“ਕਹਿੰਦੇ ਨੀ ਹੁੰਦੇ…? ਜਦੋਂ ਰੱਬ ਦਾ ਰੈਂਗੜਾ ਫ਼ਿਰਦੈ, ‘ਵਾਜ ਨੀ ਕਰਦਾ…!” ਬਚਨ ਸਿਉਂ ਬੋਲਿਆ।
    -“ਬਚਨ ਸਿਆਂ, ਤੂੰ ਆਬਦੀ ਹਰ ਗੱਲ ‘ਚ ਰੱਬ ਆਲ਼ਾ ਫਾਨਾਂ ਨਾ ਠੋਕਿਆ ਕਰ….!” ਕਾਮਰੇਡ ਗੱਜਣ ਸਿਉਂ ਨੂੰ ਰੱਬ ਦੇ ਨਾਂ ਤੋਂ ਖਿਝ ਸੀ।

    -“ਚੱਲ ਕੌਮਨਸ਼ਟਾ ਤੂੰ ਦੱਸ ਲੈ….? ਜੇ ਤੇਰੇ ਤੋਂ ਰੱਬ ਦੇ ਘਰ ਦੀ ਨੀ ਸੁਣੀ ਜਾਂਦੀ, ਤੂੰ ਕੋਈ ਜੱਗ ਦੀ ਸੁਣਾ ਲੈ…!” ਗਿਆਨੀ ਬੋਹੜ ਸਿੰਘ ਨੇ ਕਾਮਰੇਡ ਨੂੰ ਕਿਹਾ। ਉਹ ਮਜ਼ਾਕ ਨਾਲ਼ ਕਮਿਊਨਿਸਟਾਂ ਨੂੰ “ਕੌਮਨਸ਼ਟ” ਅਤੇ ਤਰਕਸ਼ੀਲਾਂ ਨੂੰ “ਨਰਕਸ਼ੀਲ” ਆਖਦਾ ਹੁੰਦਾ। ਪਰ ਉਸ ਦਾ ਕੋਈ ਗੁੱਸਾ ਨਾ ਕਰਦਾ। ਸਭਾ ਵਿੱਚ ਸਾਰੇ ਇੱਕ ਪ੍ਰੀਵਾਰ ਵਾਂਗ ਵਿਚਰਦੇ।

    -“ਜਿੰਨ੍ਹਾਂ ਦੇ ਸਿਰ ‘ਤੇ ਇੱਕ ਦੂਜੇ ਮੁਲਕ ਨੂੰ ਡਰਾਇਆ ਧਮਕਾਇਆ ਜਾਂਦਾ ਸੀ, ਕਿੱਥੇ ਗਏ ਦੁਨੀਆਂ ਦੇ ਆਫਰੇ ਮੁਲਕਾਂ ਦੇ ਪ੍ਰਮਾਣੂੰ ਹਥਿਆਰ, ਮਿਜ਼ਾਈਲਾਂ, ਤੇ ਅੱਗ ਲੱਗੜੇ ਲੜਾਕੂ ਜਹਾਜ਼…? ਆਬਦੀਆਂ-ਆਬਦੀਆਂ ਫ਼ੌਜਾਂ ਦੇ ਸਿਰ ‘ਤੇ ਵੱਡੀਆਂ-ਵੱਡੀਆਂ ਟਾਹਰਾਂ ਮਾਰਨ ਵਾਲ਼ੇ ਦੇਸ਼ ਵੜ ਗਏ ਨ੍ਹਾਂ ਜਿੱਥੋਂ ਨਿਕਲ਼ੇ ਸੀ…? ਵੱਡਿਆਂ ਨਾਢੂ ਖਾਨਾਂ ਦੀ ਔਕਾਤ ਕੀ ਐ, ਕੁਦਰਤ ਨੇ ਮਿੰਟ ‘ਚ ਸਾਹਮਣੇ ਦਿਖਾ-ਤੀ…! ਕੀ ਵੱਡਾ, ਕੀ ਛੋਟਾ, ਇੱਕ ਦੂਜੇ ਨੂੰ ਢਾਹੁੰਣ ਲਈ ਮੁੱਛ ‘ਤੇ ਮੋਰ ਬਿਠਾਈ ਫ਼ਿਰਦੇ ਸੀ, ਹੁਣ ਦੇਖੋ ਕਿਵੇਂ ਡਰੇ ਕੁੱਤੇ ਮਾਂਗੂੰ ਚੱਡਿਆਂ ‘ਚ ਪੂਛ ਦੇਈ ਫ਼ਿਰਦੇ ਐ…?”

    -“ਪੈਸਾ ਬਣਾਉਣ ਤੇ ਅੱਗੇ ਨਿਕਲਣ ਦੀ ਅੰਨ੍ਹੀ ਦੌੜ ‘ਚ ਅਸੀਂ ਕੁਦਰਤ ਨੂੰ ਤਾਂ ਟਿੱਲੇ ਆਲ਼ਾ ਸਾਧ ਈ ਸਮਝ ਲਿਆ ਸੀ, ਜਦੋਂ ਕੋਈ ਕੁਦਰਤ ਦੇ ਅਸੂਲਾਂ ਤੇ ਵਸੀਲਿਆਂ ਦਾ ਘਾਣ ਕਰਦੈ, ਤਾਂ ਕੁਦਰਤ ਇਉਂ ਈ ਨਾਸਾਂ ਪਰਨੇ ਮਾਰਦੀ ਐ…!” ਅਮਰੀਕ ਸਿੰਘ ਢਿੱਲੋਂ ਨੇ ਆਪਣੀ ਗੱਲ ਰੱਖੀ।

    -“ਪਰ ਢਿੱਲੋਂ ਸਾਅਬ ਇੱਕ ਗੱਲ ਹੋਰ ਸੋਚਣ ਵਾਲ਼ੀ ਐ…!” ਸ਼ਰਮਾਂ ਜੀ ਨੇ ਮੁੜ ਗੱਲ ਤੋਰੀ।
    -“ਕਿਹੜੀ…?” ਸਾਰੇ ਤੁੱਕਿਆਂ ਵੱਲ ਝਾਕਦੇ ਬੋਕ ਵਾਂਗ ਓਧਰ ਝਾਕਣ ਲੱਗ ਪਏ।
    -“ਇੱਕ ਦੂਜੇ ਨੂੰ ਮਿਟਾਉਣ, ਜਾਂ ਖਤਮ ਕਰਨ ਵਾਸਤੇ ਅਸੀਂ ਅਰਬਾਂ ਖਰਬਾਂ ਡਾਲਰ, ਪੌਂਡ ਜਾਂ ਰੁਪਈਏ ਖਰਚ ਕਰੀ ਜਾਨੇ ਆਂ, ਪਰ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਬਚਾਅ ਲਈ ਅਸੀਂ ਇੱਕ ਵੀ ਹੀਲਾ ਕਰਨ ਬਾਰੇ ਨੀ ਸੋਚਦੇ…?”

    -“ਗੱਲ ਸ਼ਰਮਾਂ ਜੀ ਦੀ ਲੱਖ ਰੁਪਈਏ ਦੀ ਐ…!” ਨੰਬਰਦਾਰ ਸਾਹਿਬ ਨੇ ਸ਼ਰਮਾਂ ਜੀ ਦੀ ਗੱਲ ਦੀ ਪ੍ਰੋੜਤਾ ਕੀਤੀ।

    -“ਰੁੱਖ, ਪਾਣੀ, ਨਦੀਆਂ, ਪਹਾੜਾਂ ਦੀ ਅਹਿਮੀਅਤ ਭੁਲਾ ਕੇ ਅਸੀਂ ਆਪਹੁਦਰੇ ਬਣੇ ਹੋਏ ਸੀ, ਵਾਇਰਸ ਦੇ ਇੱਕ ਧੱਫੇ ਨੇ ਸਾਰੀ ਦੁਨੀਆਂ ਨੂੰ ਇੱਕ ਖੂੰਜੇ ਨੂੰ ਧੱਕ ਦਿੱਤਾ, ਸਾਰਾ ਸੰਸਾਰ ਇੱਕ ਵਾਇਰਸ ਅੱਗੇ ਬੇਵੱਸ ਹੋਇਆ ਬੈਠੈ ਕਿ ਨਹੀਂ…? ਜਿਹੜੇ ਘਰਾਂ ਅੱਗੇ ਪਹਿਲਾਂ “ਜੀ ਆਇਆਂ ਨੂੰ” ਦਾ ਫੱਟਾ ਲੱਗਿਆ ਹੁੰਦਾ ਸੀ, ਹੁਣ “ਅੰਦਰ ਆਉਣਾ ਸਖ਼ਤ ਮਨ੍ਹਾਂ ਹੈ” ਲਿਖਾਈ ਫ਼ਿਰਦੇ ਐ…!”

    -“ਕੁਦਰਤ ਦੇ ਰੰਗ ਮਾਨਣ ਲਈ ਤਾਂ ਸਾਡੇ ਕੋਲ਼ੇ ਵਿਹਲ੍ਹ ਈ ਨੀ ਸੀ…!”

    -“ਇੱਕ ਗੱਲ ਹੋਰ ਵੀ ਸੋਚਣ ਆਲ਼ੀ ਐ ਮਿੱਤਰ ਪਿਆਰਿਓ…!” ਰਣਜੀਤ ਚੱਕ ਤਾਰੇਵਾਲ਼ ਨੇ ਹੋਰ ਨਵੀਂ ਗੱਲ ਸ਼ੁਰੂ ਕੀਤੀ।

    -“ਕੋਰੋਨਾਂ ਦਾ ਡਰਾਮਾ ਖੜ੍ਹਾ ਕਰ ਕੇ ਸਟੌਕ ਮਾਰਕੀਟ ਬਿਲਕੁਲ ਹੇਠਾਂ ਸਿੱਟੀ ਗਈ। ਸਰਕਾਰਾਂ ਵੱਲੋਂ “ਬੇਲ-ਆਊਟ” ਲਈ ਬਿਲੀਅਨਜ਼ ਡਾਲਰ ਕੰਪਨੀਆਂ ਨੂੰ ਦਿੱਤੇ ਗਏ। ਇਸ ਮੌਕੇ ਦਾ ਲਾਹਾ ਲੈਂਦਿਆਂ ਦੁਨੀਆਂ ਦੀਆਂ ਮਹਾਂ ਪਾਵਰਾਂ ਨੇ ਪਿਛਲੇ ਦਰਵਾਜੇ ਰਾਹੀਂ ਦੋ ਟਰਿਲੀਅਨਜ਼ ਦੇ ਦਿੱਤੇ, ਸਟੌਕ ਖਰੀਦਿਆ, ਜਾਂ ਬੇਲ-ਆਊਟ ਕੀਤਾ? ਪਿਛਲੇ ਕੁਛ ਦਿਨਾਂ ਤੋਂ ਸਟੌਕ ਫ਼ੇਰ ਚੜ੍ਹਨ ਲੱਗ ਪਏ। ਅਗਲੇ ਦੋ-ਚਾਰ ਹਫ਼ਤੇ ਵਿੱਚ ਕੋਰੋਨਾਂ ਦੇ ਕੇਸ ਵੀ ਸਕਰੀਨਾਂ ‘ਤੇ ਘੱਟ ਦਿਸਣ ਲੱਗ ਜਾਣਗੇ…! ਆਮ ਲੋਕਾਂ ਦਾ ਪੈਸਾ ਗੌਰਮਿੰਟਾਂ ਅਤੇ ਕਾਰਪੋਰੇਟਾਂ ਰਲ਼-ਮਿਲ਼ ਕੇ ਹਜ਼ਮ ਕਰ ਜਾਣਗੀਆਂ। ਇਸ ਕੋਰੋਨਾ ਡਰਾਮੇਂ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਹੋਰ ਔਖੀ ਹੋਊਗੀ, ਤੇ ਜਿਹੜੀ ਹੁਣ ਸੌ ਬਿਲੀਅਨ ਦੀ ਕੰਪਨੀ ਐਂ, ਉਹ ਡੇੜ੍ਹ ਸੌ ਬਿਲੀਅਨ ਦੀ ਹੋ ਜਾਊਗੀ। ਲੋਕ ਜਾਨ ਬਚੀ ਕਰ ਕੇ ਰੱਬ ਦਾ ਸ਼ੁਕਰ ਕਰਨਗੇ, ਤੇ ਇਹ ਠੱਗ ਵਣਜਾਰੇ ਉਹਨਾਂ ਭੋਲ਼ੇ ਲੋਕਾਂ ਨੂੰ ਦੇਖ ਕੇ ਅੰਦਰੇ-ਅੰਦਰ ਹੱਸਣਗੇ ਤੇ ਕੱਛਾਂ ਵਜਾਉਣਗੇ, ਬਈ ਇਹ ਤਾਂ ਪੈਦਾ ਈ ਲੁੱਟੇ ਜਾਣ ਲਈ ਹੋਏ ਨੇ, ਇਹਨਾਂ ਨੂੰ ਜਿਵੇਂ ਮਰਜ਼ੀ ਐ ਧਰ ਕੇ ਠੱਗੋ, ਇਹਨਾਂ ਲਾਈਲੱਗਾਂ ਨੇ ਕਿਹੜਾ ਬੋਲਣੈ…? ਇਹ ਤਾਂ ਮੋਮ ਦੇ ਨੱਕ ਐ, ਜਿੱਧਰ ਮਰਜ਼ੀ ਐ, ਮੋੜ ਲਓ…!”

    -“ਇਹਨਾਂ ਗੱਲਾਂ ਨੂੰ ਡੂੰਘਾਈ ਨਾਲ਼ ਸਮਝੂ ਕੌਣ, ਤੇ ਇਤਬਾਰ ਕੌਣ ਕਰੂ…?” ਸ਼ਰਮਾਂ ਜੀ ਨੇ ਉਦਾਸੀ ਅਤੇ ਨਿਰਾਸ਼ਤਾ ਦੇ ਆਲਮ ਵਿੱਚ ਸਿਰ ਫ਼ੇਰਿਆ।
    -“ਇਹਦਾ ਮਤਲਬ ਅਸੀਂ ਸਾਰੇ ਬੱਠਲ਼ ਸਿਰੇ ਈ ਤੁਰੇ ਫ਼ਿਰਦੇ ਆਂ…?” ਨਿਰੰਜਣ ਸਿੰਘ ਪੁਕਾਰ ਉਠਿਆ।
    -“ਸਰਕਾਰਾਂ, ਪੂੰਜੀਪਤੀ ਤੇ ਕਾਰਪੋਰੇਟ ਤਾਂ ਸਾਨੂੰ ਇਹੀ ਸਮਝ ਰਹੇ ਆ…!” ਰਣਜੀਤ ਚੱਕ ਤਾਰੇਵਾਲ਼ ਨੇ ਉਤਰ ਦਿੱਤਾ।
    -“ਪਰ ਮੈਂ ਸਹੇ ਤੋਂ ਵੱਧ ਪਹੇ ਨੂੰ ਰੋਨੈ…!”

    _ “ਓਹ ਕਿਵੇਂ….?”

    -“ਦੁਨੀਆਂ ਭਰ ਦੇ ਲੋਕਾਂ ਨੇ ਕੋਰੋਨਾ ਦਾ ਕਹਿਰ ਝੱਲਿਆ ਤੇ ਝੱਲ ਵੀ ਰਹੇ ਐ, ਪਰ ਕੋਰੋਨੇ ਦੇ ਸੰਤਾਪ ਤੋਂ ਬਾਅਦ ਅਗਲੀਆਂ ਵੱਡੀਆਂ ਮੁਸ਼ਕਿਲਾਂ, ਆਰਥਿਕ ਮੰਦਹਾਲੀ ਤੇ ਭੁੱਖਮਰੀ ਵੀ ਸਿਰ ‘ਤੇ ਆ ਖੜ੍ਹਨੀਐਂ…! “ਬਰੈਗਜ਼ਿੱਟ” ਦੇ ਹੱਕ ‘ਚ ਢੰਡੋਰਾ ਪਿੱਟਣ ਵਾਲ਼ਿਆਂ ਨੂੰ ਹੁਣ ਸੁਰਤ ਜ਼ਰੂਰ ਆਈ ਹੋਊ, ਬਈ ਪੂਰਬੀ ਯੂਰਪ ਵਿੱਚੋਂ ਕਾਮੇਂ ਰੁਕ ਜਾਣ ਕਾਰਨ ਕਿਸੇ ਹੱਦ ਤੱਕ ਕੰਮ ਖੜ੍ਹੇ ਐ ਕਿ ਨਹੀਂ ਖੜ੍ਹੇ…? ਤੇ ਇੱਕ ਹੋਰ ਵੱਡਾ ਖ਼ਤਰਾ ਲੱਗਭੱਗ ਸੱਤ ਕਰੋੜ ਘਰ-ਘਾਟ ਛੱਡ ਕੇ ਰਿਫ਼ਿਊਜੀ ਕੈਂਪਾਂ ‘ਚ ਰਹਿ ਰਹੇ ਲੋਕਾਂ ਦਾ ਐ, ਜੋ ਦੁਨੀਆਂ ਦੇ ਹਰ ਖਿੱਤੇ ‘ਚ ਨੇ…! ਜਿਹਨਾਂ ਕੋਲ਼ ਹੱਥ ਧੋਣ ਲਈ ਸਾਫ਼ ਪਾਣੀ ਤੱਕ ਵੀ ਨਹੀਂ, ਉਹਨਾਂ ਨੂੰ ਗੌਰਮਿੰਟਾਂ ਕਿਹੜੇ ਖਾਤੇ ‘ਚ ਪਾਉਣਗੀਆਂ…? ਸਭ ਤੋਂ ਵੱਡਾ ਖ਼ਤਰਾ ਤੇ ਵੰਗਾਰ ਤਾਂ ਉਹ ਲੋਕ ਬਣਨਗੇ…!” ਰਣਜੀਤ ਚੱਕ ਤਾਰੇਵਾਲ਼ ਹਰ ਵਾਰ ਫ਼ਿਲਾਸਫ਼ਰਾਂ ਵਾਂਗ ਗੱਲ ਕਰਦਾ ਅਤੇ ਆਪਣੀ ਗਜ ਵਰਗੀ ਉਂਗਲ਼ ਅਗਲੇ ਦੀਆਂ ਨਾਸਾਂ ‘ਚ ਦੇਣ ਤੱਕ ਜਾਂਦਾ।

    -“ਪੰਜਾਬ ‘ਚ ਪੁਲ਼ਸ ਨੇ ਦੇਖ ਲਓ ਲੋਕਾਂ ਨਾਲ਼ ਕੀ ਵਰਤਾਓ ਕੀਤਾ-!” ਬਚਨ ਸਿੰਘ ਨੇ ਗੱਲ ਦੀ ਸ਼ਿਸ਼ਤ ਮੁੜ ਪੰਜਾਬ ਵੱਲ ਸਿੰਨ੍ਹੀ।
    -“ਯਾਰ ਲੋਕ ਕਿਹੜਾ ਟਿਕਦੇ ਸੀ….? ਜਦੋਂ ਕਰਫ਼ਿਊ ਲਾ ਈ ਦਿੱਤਾ, ਚੁੱਪ ਕਰ ਕੇ ਘਰੇ ਬੈਠਦੇ, ਬਾਹਰ ਜਾ ਕੇ ਕੜਛ ਮਾਂਜਣਾਂ ਸੀ…?”

    -“ਨਿੱਤ ਦਿਹਾੜੀ ਕਰ ਕੇ ਖਾਣ ਵਾਲ਼ੇ ਘਰਾਂ ‘ਚ ਕਿਵੇਂ ਬਹਿੰਦੇ…? ਭੁੱਖੇ ਜੁਆਕ ਕਿਤੇ ਜਰੇ ਜਾਂਦੇ ਐ….?”
    -“ਨਾਲ਼ੇ ਚਿੱਟਾ ਵੇਚਣ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ਿਆਂ ਦੇ ਤਾਂ ਪੁਲ਼ਸ ਨੇ ਛਿੱਤਰ ਫੇਰਿਆ ਨਾ…? ਹੁਣ ਗਰੀਬ ਤੇ ਮਜਬੂਰ ਦਿਹਾੜੀਦਾਰਾਂ ਨੂੰ ਫੜ-ਫੜ ਕੁੱਟੀ ਜਾਂਦੇ ਸੀ…! ਸੁਆਦ ਤਾਂ ਫੇਰ ਸੀ, ਜੇ ਵੱਡੇ ਮਗਰਮੱਛਾਂ ਦੇ ਝਾਂਬਾ ਫੇਰਦੇ…!”

    -“ਇਸ ਕੋਰੋਨਾ ਵਾਇਰਸ ਨਾਲ਼ ਦੁਨੀਆਂ ‘ਚ ਬਹੁਤ ਵੱਡਾ ਬਦਲਾਓ, ਜਾਗਰਤੀ ਤੇ ਇਨਕਲਾਬ ਜ਼ਰੂਰ ਆਊ…!”
    -“ਸਭ ਤੋਂ ਵੱਡੀ ਬਿਜਲੀ ਤਾਂ ਹੁਣ ਸਾਧ ਲਾਣੇਂ ‘ਤੇ ਡਿੱਗੂ…!” ਡਾਕਟਰ ਪਰਮਜੀਤ ਧੰਜੂ ਬੋਲਿਆ।
    -“ਡਿੱਗਣੀ ਈ ਐਂ…! ਹੁਣ ਕਿਸੇ ਸਾਧ ਨੇ ਸ਼ਕਤੀ ਦਿਖਾਈ…?” ਬਾਬਾ ਬਖਤੌਰਾ ਬੱਗੀਆਂ ਮੁੱਛਾਂ ਵਿੱਚੋਂ ਮੁਛਕੜੀਏਂ ਹੱਸਿਆ।
    -“ਸਾਧ ਲਾਣੇ ਨੇ ਵੀ ਦੁਨੀਆਂ ਦਾ ਵਿਸ਼ਵਾਸ ਗੁਆ ਲਿਆ…! ਹੁਣ ਲੋਕ ਸੁਆਲ ਕਰਿਆ ਕਰਨਗੇ, ਬਈ ਬਾਬਾ ਜੀ, ਤੁਸੀਂ ਕਰੋਨੇ ਵੇਲ਼ੇ ਕਿੱਥੇ ਸੀ…? ਦੱਸੋ ਕੀ ਉਤਰ ਦੇਣਗੇ…? ਬਈ ਅਸੀਂ ਕੁਬੇਰ ਪਰਬਤ ‘ਤੇ ਤਪੱਸਿਆ ਕਰਨ ਗਏ ਵੇ ਸੀ…?” ਪਰਮਜੀਤ ਰਤਨਪਾਲ ਦੇ ਕਹਿਣ ‘ਤੇ ਹਾਸੜ ਪੈ ਗਈ।

    -“ਲਓ ਜੀ ਕਵੀ ਸਾਅਬ ਵੀ ਆਗੇ…!” ਕਿਸੇ ਨੇ ਕਵੀ ਨੂੰ ਅੰਦਰ ਆਉਂਦਿਆਂ ਦੇਖ ਕੇ ਕਿਹਾ।
    -“ਆਓ ਜੀ ਲੇਖਕ ਜੀ, ਜੀ ਆਇਆਂ ਨੂੰ…!”
    -“ਹੁਣ ਇਹਨਾਂ ਦੀ ਕਵਿਤਾ ਦਾ ਰੁੱਖ ਵੀ ਬਦਲ-ਜੂ…!”
    -“ਓਹ ਕਿਵੇਂ…?”
    -“ਅੱਗੇ ਲਿਖਦੇ ਸੀ, “ਤੇਰੀ ਆਈ ਮੈਂ ਮਰਜਾਂ, ਤੇਰਾ ਵਾਲ਼ ਵਿੰਗਾ ਨਾ ਹੋਵੇ…!” …ਤੇ ਹੁਣ ਲਿਖਿਆ ਕਰਨਗੇ; “ਮਿਲਣੇ ਨੂੰ ਛੱਡ ਸੋਹਣੀਏਂ, ਕਿਤੇ ਮੈਨੂੰ ਵੀ ਕਰੋਨਾਂ ਨਾ ਕਰਾਦੀਂ…!”
    -“ਮਿਲਣੇ ਨੂੰ ਛੱਡ ਬੱਲੀਏ, ਕਿਤੇ ਪੁੜਿਆਂ ‘ਚ ਡਾਗਾਂ ਨਾ ਪੁਆਦੀਂ….!”

    ਹਾਸੜ ਪੈ ਗਈ।

    -“ਕਵੀ ਸਾਅਬ, ਮੂੰਹ ‘ਤੇ ਨੀਲ ਜੇ ਪਏ ਲੱਗਦੇ ਐ…?”
    -“ਘਰਵਾਲ਼ੀ ਨੂੰ ਕਵਿਤਾਵਾਂ ਸੁਣਾਉਂਦਾ ਹੋਊ, ਤੇ ਅਗਲੀ ਨੇ ਅੱਕ ਕੇ ਦੇਤਾ ਹੋਊ ਗੋਲਡ ਮੈਡਲ਼…?”
    -“ਕਵਿਤਾ ਸੁਣਾਉਣੋਂ ਕਿਹੜਾ ਬਾਜ ਆਉਂਦੇ ਐ…? ਪਿੰਡ ਉਜੜਿਆ ਜਾਵੇ, ਤੇ ਕਮਲ਼ੀ ਨੂੰ ਕੱਤਣ ਦੀ, ਚਾਹੇ ਦੁਨੀਆਂ ਕਿੱਡੀ ਵੀ ਮੁਸੀਬਤ ‘ਚ ਫ਼ਸੀ ਹੋਵੇ, ਇਹ ਆਬਦਾ ਤੂੰਬਾ ਖੜਕਾਉਣ ਲੱਗ ਜਾਂਦੇ ਐ…!”

    ਹਾਸਾ ਫ਼ੇਰ ਉਚਾ ਉਠਿਆ।

    -“ਲੇਖਕ ਸਾਅਬ, ਮੈਂ ਇੱਕ ਦਿਨ ਥੋਡੇ ਘਰੇ ਗਿਆ ਸੀ, ਤੁਸੀਂ ਮਿਲ਼ੇ ਨੀ…?”
    -“ਮੈਂ ਤਾਂ ਕਿਤੇ ਗਿਆ ਈ ਨੀ, ਘਰੇ ਈ ਸੀ…!”
    -“ਦਿਸੇ ਤਾਂ ਕਿਤੇ ਹੈਨ੍ਹੀ…?”
    -“ਭਾਂਡੇ ਧੋਂਦੇ ਹੋਣੇ ਐਂ…? ਘਰੇ ਬੈਠੇ ਸਾਰੇ ਟੱਬਰ ਦੇ ਬਰਤਨ ਕਿਹੜਾ ਥੋੜ੍ਹੇ ਹੁੰਦੇ ਐ…?” ਢਿੱਲੋਂ “ਖੀਂ-ਖੀਂ” ਕਰ ਕੇ ਹੱਸਿਆ, “ਜਾਂ ਰਜਾਈਆਂ ਦੇ ਛਾੜ ਬਦਲਦੇ ਹੋਣੇ ਐਂ…!”

    ਫ਼ੇਰ ਹਾਸੜ ਪੈ ਗਈ।

    -“ਜਰਮਨੀ ਦੇ ਕਿਸੇ ਸਾਇੰਸਦਾਨ ਨੇ ਇੱਕ ਵਾਰ ਜਾਨਵਰਾਂ ਦੀ ਅਕਲ ਨੂੰ ਕਸਵੱਟੀ ‘ਤੇ ਨਾਪਿਆ ਸੀ, ਕਿ ਉਹ ਕਿੰਨੇ “ਲਫ਼ਜ਼” ਬਣਾ ਸਕਦੇ ਨੇ, ਇਸ ਆਧਾਰ ‘ਤੇ ਉਸ ਨੇ ਨਿਰਣਾ ਕੀਤਾ ਕਿ ਪਾਲਤੂ ਬਿੱਲੀ ਸਭ ਤੋਂ “ਕਮ-ਅਕਲ” ਐ, ਕਿਉਂਕਿ ਉਹ ਸਿਰਫ਼ 128 “ਲਫ਼ਜ਼” ਹੀ ਬਣਾ ਸਕਦੀ ਐ, ਪਰ ਸਾਡੇ ਹਿੰਦੋਸਤਾਨੀਆਂ ਦੇ ਮੁਕਾਬਲੇ ਬਿੱਲੀ ਕਿਤੇ ਅਕਲਮੰਦ ਐ…!” ਖਿਝੇ ਕਵੀ ਨੇ ਜ਼ੁਬਾਨ ਖੋਲ੍ਹੀ ਤਾਂ ਉਸ ਦੇ ਕੱਛ ‘ਚੋਂ ਕੱਢ ਕੇ ਮਾਰੇ ਮੂੰਗਲ਼ੇ ‘ਤੇ ਸਾਰੇ ਦੰਗ ਰਹਿ ਗਏ।

    -“ਇਹ ਕੀਹਦੇ ‘ਤੇ ਤਵਾ ਠੋਕਤਾ ਲੇਖਕ ਜੀ…?” ਸ਼ਰਮਾਂ ਜੀ ਨੇ ਪੁੱਛਿਆ।
    -“ਇਹ ਕੀਹਦੀ ਬੱਖਲ਼ ‘ਚ ਮਾਰੀ…?” ਚਾਹਲ ਵੀ ਨਾਲ਼ ਹੀ ਬੋਲ ਉਠਿਆ।
    -“ਕਿਤੇ ਹਿੰਦੋਸਤਾਨੀ ਥਾਲ਼ੀਆਂ ਖੜਕਾਉਣ ਲੱਗ ਜਾਂਦੇ ਐ, ਤੇ ਕਦੇ ਮੋਮਬੱਤੀਆਂ ਜਗਾਉਣ ਲੱਗ ਜਾਂਦੇ ਐ, ਜਦੋਂ ਨਿਰਦੋਸ਼ ਜਨਤਾ ਦੇ ਦੁਆਈਆਂ ਜਾਂ ਸਹੂਲਤਾਂ ਦੀ ਘਾਟ ਖੁਣੋਂ ਸਿਵੇ ਬਲ਼ਦੇ ਹੋਣ, ਓਦੋਂ ਮੋਮਬੱਤੀਆਂ ਨੀ ਬਾਲ਼ੀਆਂ ਜਾਂਦੀਆਂ…!”

    -“ਓਹ ਤਾਂ ਜਿਵੇਂ ਨਰਿੰਦਰ ਭਾਈ ਮੋਦੀ ਜੀ ਕਹੀ ਜਾਂਦੇ ਐ, ਓਹੀ ਕਰੀ ਜਾਂਦੇ ਐ…!” ਨੰਬਰਦਾਰ ਵਿਅੰਗ ਨਾਲ਼ ਮੁਸਕੁਰਾਇਆ।
    -“ਮੋਦੀ ਤਾਂ ਕਹੂਗਾ ਖੂਹ ‘ਚ ਛਾਲ਼ ਮਾਰੋ, ਮਾਰੋਂਗੇ…?” ਕਵੀ ਭੱਠ ਵਾਂਗ ਤਪ ਗਿਆ।
    -“ਕਵੀ ਜੀ ਨੂੰ ਠੰਢਾ ਪਾਣੀ ਪਿਆਓ, ਇਹ ਤਾਂ ਕੱਚਾ ਧੂੰਆਂ ਮਾਰਨ ਲੱਗਪੇ…!”
    -“ਧੂੰਆਂ ਮਾਰਾਂ ਨਾ…? ਕੋਈ ਆਬਦਾ ਦਿਮਾਗ ਤਾਂ ਵਰਤਦਾ ਈ ਨੀ, ਜੋ ਮੋਦੀ ਕਹੀ ਜਾਂਦੈ, ਪਿੱਛਲੱਗ ਜਨਤਾ ਓਹੀ ਮੰਨੀ ਜਾਂਦੀ ਐ..! ਮੈਨੂੰ ਇੱਕ ਗੱਲ ਦੱਸੋ…?”

    -“……………।” ਸਾਰੇ ਚੁੱਪ ਸਨ।

    -“ਦਮੇਂ, ਸਾਹ ਤੇ ਫ਼ੇਫ਼ੜਿਆਂ ਦੇ ਕੈਂਸਰ ਨਾਲ਼ ਹਿੰਦੋਸਤਾਨ ‘ਚ ਅੱਗੇ ਕਿੰਨੇ ਲੋਕ ਮਰਦੇ ਸੀ…?”
    -“ਲੱਖਾਂ ਮਰਦੇ ਸੀ….!”
    -“….ਤੇ ਹੁਣ ਫ਼ੇਰ ਕੋਰੋਨਾਂ ਦੀਆਂ ਅੱਜ ਤੱਕ ਹੋਈਆਂ ਇੱਕ ਸੌ ਤੇ ਗਿਆਰਾਂ ਮੌਤਾਂ ਕਰ ਕੇ ਐਨਾਂ ਹੋ-ਹੱਲਾ ਕਿਉਂ…? ਐਦੂੰ ਜਾਅਦੇ ਤਾਂ ਲੋਕ ਕੈਂਸਰ ਤੇ ਕਾਲ਼ੇ ਪੀਲ਼ੀਏ ਨਾਲ਼ ‘ਕੱਲੇ ਬਠਿੰਡੇ ਜਿਲ੍ਹੇ ‘ਚ ਮਰ ਜਾਂਦੇ ਐ….! ਓਦੋਂ ਨੀ ਬੋਲਦੇ….!”

    -“…………………।”

    -“ਜੇ ਇੱਕ ਸੌ ਗਿਆਰਾਂ ਮੌਤਾਂ ਹੋਈਐਂ, ਤਾਂ ਤਿੰਨ ਸੌ ਉਨੀ ਠੀਕ ਵੀ ਹੋਏ ਐ….! ਅੱਜ ਤੱਕ ਸੰਸਾਰ ਭਰ ਵਿੱਚ ਇੱਕ ਕਰੋੜ, ਤੀਹ ਲੱਖ, ਨੌਂ ਹਜ਼ਾਰ ਚਾਰ ਸੌ ਉਨਤਾਲ਼ੀ ਕੇਸ ਨੇ, ਇਹਨਾਂ ‘ਚੋਂ ਦੋ ਲੱਖ ਤਿਹੱਤਰ ਹਜ਼ਾਰ ਪੰਜ ਸੌ ਛਿਆਲ਼ੀ ਠੀਕ ਹੋਏ, ਤੇ ਬਹੱਤਰ ਹਜ਼ਾਰ ਛੇ ਸੌ ਅਠੱਤੀ ਮੌਤਾਂ ਹੋਈਆਂ, ਕੀ ਦੁਨੀਆਂ ਨੂੰ ਕੋਈ ਸਬੂਤ ਦਿੱਤਾ ਗਿਆ ਕਿ ਇਹ ਮੌਤਾਂ ਕੋਰੋਨਾਂ ਨਾਲ਼ ਹੀ ਹੋਈਐਂ….? ਟੀ. ਬੀ., ਨਮੂਨੀਏਂ, ਸਾਹ, ਦਮੇਂ ਜਾਂ ਫ਼ੇਫ਼ੜਿਆਂ ਦੇ ਕੈਂਸਰ ਨਾਲ਼ ਵੀ ਹੋ ਸਕਦੀਐਂ…? ਕਿਸੇ ਨੇ ਕੋਈ ਪੋਸਟ ਮਾਰਟਮ ਹੁੰਦਾ ਦੇਖਿਆ…? ਕੋਈ ਰਿਪੋਰਟ ਦੇਖੀ…? ਇਹ ਤਾਂ ਸਾਰੀ ਦੁਨੀਆਂ ਨੂੰ ਡਰਾਉਣ ਲਈ ਇਹਨਾਂ ਮੌਤਾਂ ਨੂੰ ਕੋਰੋਨਾਂ ਦੇ ਖਾਤੇ ‘ਚ ਪਾ ਕੇ ਹਊਆ ਬਣਾਇਆ ਜਾ ਰਿਹੈ…!”

    -“ਪਰ ਜਿਹੜੇ ਠੱਗਾਂ ਨੇ ਲਾਹਾ ਲੈਣੈ, ਉਹਨਾਂ ਨੇ ਇਸ ਮੁਸੀਬਤ ਦਾ ਵੀ ਲੈ ਲੈਣੈ, ਚਾਹੇ ਠੱਗ ਛੋਟਾ, ਚਾਹੇ ਵੱਡੈ…! ਠੱਗਾਂ ਦਾ ਕੋਈ ਦੀਨ-ਧਰਮ ਜਾਂ ਇਮਾਨ ਥੋੜ੍ਹੋ ਹੁੰਦੈ….? ਠੱਗ ਤਾਂ ਸ਼ੈਤਾਨ ਦੀ ਨਸਲ ‘ਚੋਂ ਹੁੰਦੈ….!”

    -“ਜੇ ਕਿਸੇ ਅਮੀਰ ਦਾ ਸਕਾ-ਸਬੰਧੀ ਬਿਮਾਰ ਹੁੰਦਾ ਸੀ, ਝੱਟ ਅਮਰੀਕਾ ਲੈ ਵੱਜਦੇ ਸੀ, ਅਮਰੀਕਾ ਸਾਲ਼ਿਆਂ ਨੇ ਬਾਹਰਲਾ ਘਰ ਬਣਾਇਆ ਪਿਆ ਸੀ, ਹੁਣ ਦੱਸੋ ਕਿੱਥੇ ਲੈ ਕੇ ਜਾਣਗੇ…? ਕਰਤੇ ਨਾ ਸਾਰੇ ਰਾਹ ਬੰਦ, ਭੱਜੋ ਕਿੱਧਰ ਭੱਜਦੇ ਐਂ…?”

    -“ਹੋਰ ਗੱਲਾਂ ਛੱਡੋ….! ਜਿੰਨਾਂ ਪ੍ਰਦੂਸ਼ਣ ਐਹਨ੍ਹਾਂ ਦਸਾਂ ਦਿਨਾਂ ‘ਚ ਖਤਮ ਹੋ ਗਿਆ, ਸਰਕਾਰਾਂ ਅੱਧੀ ਸਦੀ ‘ਚ ਖਤਮ ਨੀ ਸੀ ਕਰ ਸਕਦੀਆਂ…! ਹੈ ਨ੍ਹਾਂ ਕੁਦਰਤ ਦਾ ਕ੍ਰਿਸ਼ਮਾਂ…?”

    -“ਮੈਂ ਤਾਂ ਕਹਿੰਨੈ ਬਈ ਦੁਨੀਆਂ ਭਰ ਦੀਆਂ ਤਮਾਮ ਸਰਕਾਰਾਂ ਨੂੰ ਮਿਲ਼ ਕੇ ਸਾਲ ‘ਚ ਦੋ ਹਫ਼ਤੇ “ਲੌਕ-ਡਾਊਨ” ਕਰਨਾ ਚਾਹੀਦੈ, ਤਾਂ ਕਿ ਸੰਸਾਰ ਭਰ ਦੇ ਦੇਸ਼ਾਂ ਦਾ ਵਾਤਾਵਰਣ ਸ਼ੁੱਧ ਰਹੇ…!” ਦਿਲਬਾਗ ਸਿੰਘ ਚਾਹਲ ਨੇ ਕਿਹਾ।

    -“ਵਾਤਾਵਰਣ ਇਹਨਾਂ ਨੇ ਸੁਆਹ ਸ਼ੁੱਧ ਰਹਿਣ ਦੇਣੈ….? ਆਹ “ਫ਼ਾਈਵ-ਜੀ” ਦੇ ਨਵੇਂ ਟਾਵਰਾਂ ਕਰ ਕੇ ਲੰਡਨ ਏਰੀਏ ‘ਚ ਕਿੰਨੇ ਪੰਛੀ ਮਰੇ ਐ….?”

    -“ਅਜੇ ਤਾਂ “ਟੈਸਟਿੰਗ” ਈ ਚੱਲ ਰਹੀ ਐ, ਜਦੋਂ ਟਾਵਰ ਚੱਲ ਪਏ, ਫ਼ੇਰ ਕੀ ਹੋਊ…?”

    -“ਫ਼ੇਰ ਅਗਲੀ ਤਬਾਹੀ…! ਇਹ ਨਵੀਆਂ ਤਕਨੀਕਾਂ ਲਿਆ-ਲਿਆ ਕੇ ਨਵੇਂ ਕੰਡੇ ਬੀਜਦੇ ਐ, ਅਗਲੀ ਪੀੜ੍ਹੀ ਨੂੰ ਤਾਂ ਨਿੱਤ ਮੁਹਿੰਮਾਂ ਹੋਣਗੀਆਂ…! ਜੀਹਦੀਆਂ ਤਰੰਗਾਂ ਨਾਲ਼ ਵਿਚਾਰੇ ਪੰਛੀ ਫੁੜਕ-ਫੁੜਕ ਡਿੱਗੀ ਜਾਂਦੇ ਐ, ਕੀ ਗਰੰਟੀ ਐ ਬਈ ਬੰਦੇ ਦਾ ਨੁਕਸਾਨ ਨਹੀਂ ਹੋਊ…?”

    -“ਯਾਰ ਕੋਰੋਨਾਂ ਵਾਇਰਸ ਕਰ ਕੇ ਮੇਰੇ ਦਿਮਾਗ ‘ਚ ਇੱਕ ਹੋਰ ਗੱਲ ਆਉਂਦੀ ਐ…!” ਰਣਜੀਤ ਚੱਕ ਤਾਰੇਵਾਲ਼ ਫ਼ੇਰ ਹੀਂਗਣਾਂ ਛੁੱਟਣ ਵਾਂਗ ਬੋਲਿਆ।
    -“ਉਹ ਕੀ…?”
    -“ਹੋ ਸਕਦੈ ਮੈਂ ਗਲਤ ਹੋਵਾਂ…? ਜਿਹੜਾ ਮੀਡੀਆ ਰੌਲ਼ਾ ਪਾਈ ਜਾਂਦਾ ਸੀ, ਬਈ ਸੱਤਰ ਸਾਲ ਤੋਂ ਉਪਰ ਦੇ ਬਜ਼ੁਰਗਾਂ ਦੀ ਜ਼ਿਆਦਾ ਮੌਤ ਹੋਊਗੀ, ਕਿਉਂਕਿ ਉਹਨਾਂ ਦਾ “ਇਮਿਊਨ ਸਿਸਟਮ” ਕਮਜ਼ੋਰ ਹੋਣ ਕਾਰਨ ਉਹ ਬਿਮਾਰੀ ਨਾਲ਼ ਲੜਨ ਦੇ ਪੂਰੇ ਸਮਰੱਥ ਨੀ, ਪਰ ਕੀ ਇਹ ਸੱਤਰ-ਅੱਸੀ ਸਾਲ ਦੇ ਬੁੜ੍ਹਿਆਂ ਨੂੰ ਗੱਡੀ ਚਾੜ੍ਹਨ ਦਾ ਪ੍ਰੋਗਰਾਮ ਤਾਂ ਨੀ ਸੀ…?”

    -“…………..।” ਸਾਰੇ ਤ੍ਰਹਿ ਕੇ ਉਸ ਵੱਲ ਝਾਕੇ। ਜਿਵੇਂ ਰਣਜੀਤ ਚੱਕ ਤਾਰੇਵਾਲ਼ ਉਹਨਾਂ ਦੀ ਮੌਤ ਦਾ ਵਾਰੰਟ ਫ਼ੜੀ ਬੈਠਾ ਸੀ।

    -“ਗੌਰਮਿੰਟਾਂ ਨੂੰ ਬਜ਼ੁਰਗਾਂ ਦਾ ਫ਼ਾਇਦਾ ਤਾਂ ਕੋਈ ਹੈਨ੍ਹੀ…! ਉਹ ਸੋਚਦੇ ਹੋਣਗੇ ਬਈ ਇਹ ਬਜੁਰਗ ਲਾਣਾ ਬੈਠਾ ਪੈਨਸ਼ਨਾਂ ਖਾਈ ਜਾਂਦੈ ਤੇ ਦੁਆਈਆਂ ਲੈ-ਲੈ ਆਰਥਿਕ ਨੁਕਸਾਨ ਕਰੀ ਜਾਂਦੈ…! ਕਈ “ਕੇਅਰ-ਹੋਮ” ‘ਚ ਪਤੰਦਰ ਬਣ ਕੇ ਸੇਵਾ ਕਰਵਾਈ ਜਾਂਦੇ ਐ, ਤੇ ਖਜ਼ਾਨੇ ‘ਤੇ ਬੋਝ ਬਣੇ ਬੈਠੇ ਐ, ਇਹਨਾਂ ਦਾ ਨੰਬਰ ਲਾ ਕੇ, ਇਹਨਾਂ ਦੇ ਮੰਜੇ ਵਿਹਲੇ ਕਰੋ.!”

    -“ਅਸੀਂ ਆਬਦੀ ਪੈਨਸ਼ਨ ਤੇ ਬੀਮਾਂ ਤਨਖਾਹਾਂ ‘ਚੋਂ ਕਟਵਾਉਂਦੇ ਰਹੇ ਆਂ, ਇਹ ਤਾਂ ਫ਼ੇਰ ਹਿਟਲਰ ਆਲ਼ੀਆਂ ਗੱਲਾਂ ‘ਤੇ ਆਗੇ…?”

    -“ਹੋਰ ਘੱਟ ਗੁਜ਼ਾਰਨਗੇ…? ਆਪਣੇ ਆਲ਼ੇ ਕਿਹੜਾ ਘੱਟ ਐ, ਉਹ ਵੀ ਬੁੜ੍ਹੇ ਦਾ ਮੰਜਾ ਪਸ਼ੂਆਂ ਆਲ਼ੇ ਵਾੜੇ ‘ਚ ਜਾ ਡਾਹੁੰਦੇ ਐ, ਬਈ ਘਰੇ ਬੈਠਾ ਬੋਲਣੋ ਨੀ ਹਟਦਾ ਤੇ ਨਿਘੋਚਾਂ ਕੱਢੀ ਜਾਂਦੈ…!”

    -“ਚਲੋ ਛੱਡੋ….! ਸਿਆਣੇ ਕਹਿੰਦੇ ਹੁੰਦੇ ਐ; ਉਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ…!” ਬਚਨ ਸਿੰਘ ਨੇ ਕਿਹਾ।

    -“ਕਰਤਾਰੋਂ ਨਹੀਂ, ਹੁਣ ਤਾਂ ਲੋਕ ਸਰਕਾਰੋਂ ਵੱਧ ਡਰਨਗੇ ਜੀ…! ਚਲੋ ਆਪਾਂ ਚੱਲ ਕੇ ਲੰਗਰ ਛਕੀਏ, ਨਾਲ਼ੇ ਲੇਖਕ ਜੀ ਨੂੰ ਲੱਸੀ-ਲੁੱਸੀ ਪਿਆ ਕੇ ਠੰਢਾ ਕਰੀਏ…! ਇਹ ਤਾਂ ਪਤੰਦਰ ਊਂ ਈਂ ਡਰੈਗਨ ਵਾਂਗੂੰ ਅੱਗ ਕੱਢੀ ਜਾਂਦੈ….!” ਢਿੱਲੋਂ ਸਾਹਿਬ ਬੋਲੇ ਤਾਂ ਸਾਰੇ ਉਠ ਕੇ ਲੰਗਰ ਹਾਲ ਵੱਲ ਤੁਰ ਪਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!