
ਅਸ਼ੋਕ ਵਰਮਾ
ਬਠਿੰਡਾ, 18ਅਕਤੂਬਰ2020: ਸਿਵਲ ਹਸਪਤਾਲ ਬਠਿੰਡਾ ਵਿਚ ਇੱਕ ਔਰਤ ਅਤੇ ਇੱਕ ਬੱਚੇ ਨੂੰ ਐਚਆਈਵੀ ਪਾਜ਼ਿਟਿਵ ਦਾ ਖੂਨ ਚੜ੍ਹਾਉਣ ਸਬੰਧੀ ਹੁਣ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਸਰਕਾਰ ਨੇ ਹੁਣ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈਂਦਿਆਂ ਸਰਕਾਰੀ ਬਲੱਡ ਬੈਂਕ ਬਠਿੰਡਾ ਦੀ ਐਮਐਲਟੀ ਰਿਚਾ ਗੋਇਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਰਿਚਾ ਗੋਇਲ ਨੂੰ ਸਿਵਲ ਹਸਪਤਾਲ ਦੀ ਜਾਂਚ ਕਮੇਟੀ ਨੇ ਪੜਤਾਲ ਦੌਰਾਨ ਕਸੂਰਵਾਰ ਪਾਇਆ ਸੀ। ਸਿਹਤ ਵਿਭਾਗ ਨੂੰ ਹੁਣ ਬੀਓਟੀ ਡਾ ਕਰਿਸ਼ਮਾ ਖਿਲਾਫ ਪੁਲਿਸ ਕਾਰਵਾਈ ਲਈ ਕੌਮੀ ਸਿਹਤ ਮਿਸ਼ਨ ਦੇ ਆਦੇਸ਼ਾਂ ਦੀ ਉਡੀਕ ਹੈ। ਮੰਨਿਆ ਜਾ ਰਿਹਾ ਹੈ ਕਿ ਐਮਐਲਟੀ ਬਲਦੇਵ ਸਿੰਘ ਰੋਮਾਣਾ ਨੂੰ ਧਾਰਾ 307 ਤਹਿਤ ਗਿ੍ਰਫਤਾਰ ਕਰਨ ਤੋਂ ਬਾਅਦ ਡਾ ਕਰਿਸ਼ਮਾ ਗੋਇਲ ਖਿਲਾਫ ਸਖਤ ਪੁਲਿਸ ਕਾਰਵਾਈ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਓਧਰ ਐਮਐਲਟੀ ਬਲਦੇਵ ਸਿੰਘ ਰੋਮਾਣਾ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਕੇਸ ’ਚ ਧਾਰਾ 307 ਦਾ ਵਾਧਾ ਕਰਕੇ ਥਾਣਾ ਕੋਤਵਾਲੀ ਪੁਲਿਸ ਨੇ ਰੋਮਾਣਾ ਨੂੰ ਸ਼ੁੱਕਰਵਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਉਸ ਨੂੰ ਵੀ ਜਾਂਚ ਕਮੇਟੀ ਤੇ ਪੜਤਾਲ ਦੌਰਾਨ ਦੋਸ਼ੀ ਪਾਇਆ ਸੀ। ਉਸ ਮਗਰੋਂ ਤਿੰਨੇ ਮੁਲਾਜਮ ਬਦਲ ਦਿੱਤੇ ਗਏ ਸਨ ਅਤੇ ਬਾਅਦ ’ਚ ਮੁਅੱਤਲ ਵੀ ਕਰ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਰੋਮਾਣਾ ਨੇ ਮੋਬਾਇਲ ਰਾਹੀਂ ਇੱਕ ਵਿਅਕਤੀ ਨੂੰ ਖੂਨਦਾਨ ਦੇਣ ਲਈ ਬੁਲਾਇਆ ਸੀ ਜੋਕਿ ਏਡਜ਼ ਪੀੜਤ ਸੀ। ਜਾਣਕਾਰੀ ਅਨੁਸਾਰ ਇਹੋ ਖੂਨ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਥੈਲੀਸੀਮੀਆਂ ਤੋਂ ਪੀੜਤ ਬੱਚੀ ਨੂੰ ਲਗਾ ਦਿੱਤਾ ਗਿਆ ਜਿਸ ਬਾਰੇ ਮੁਲਜਮ ਨੂੰ ਜਾਣਕਾਰੀ ਸੀ।
ਰਿਪੋਰਟ ਮੁਤਾਬਕ ਬਲੱਡ ਬੈਂਕ ਨੂੰ ਖੂਨ ਦੇ ਏਡਜ਼ ਪੀੜਤ ਹੋਣ ਅਤੇ ਅੱਗੇ ਖੂਨ ਚੜ੍ਹਾਉਣ ਬਾਰੇ ਪਤਾ ਲੱਗ ਗਿਆ ਸੀ। ਇਸ ਦੇ ਬਾਵਜੂਦ ਵੀ ਨਾਂ ਤਾਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਅਤੇ ਨਾਂ ਹੀ ਔਰਤ ਦੀ ਜਿੰਦਗੀ ਦਾ ਖਿਆਲ ਰੱਖਿਆ। ਜਦੋਂ ਮਾਮਲਾ ਸਾਹਮਣੇ ਆ ਗਿਆ ਤਾਂ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਕਮੇਟੀ ਬਣਾਈ ਸੀ ਜਿਸ ਦੀ ਦੀ ਰਿਪੋਰਟ ਵਿੱਚ ਸਾਬਕਾ ਬੀਟੀਓ ਡਾ: ਕਰਿਸ਼ਮਾ ਗੋਇਲ, ਐਮਐਲਟੀ ਬਲਦੇਵ ਸਿੰਘ ਰੋਮਾਣਾ ਅਤੇ ਐਮਐਲਟੀ ਰਿਚਾ ਗੋਇਲ ਕਸੂਰਵਾਰ ਪਾਏ ਗਏ ਸਨ। ਰਿਪੋਰਟ ਮੁਤਾਬਕ ਰੋਮਾਣਾ ਦੇ ਬੀਟੀਓ ਅਤੇ ਐਲਟੀ ਖਾਸ ਤੌਰ ਤੇ ਰਿਚਾ ਗੋਇਲ ਨਾਲ ਸਬੰਧ ਸੁਖਾਵੇਂ ਨਹੀਂ ਸਨ ਜਿਸ ਕਰਕੇ ਜਾਤੀ ਰੰਜਿਸ਼ ਕੱਢਣ ਲਈ ਇਹ ਕਾਂਡ ਕੀਤਾ ਗਿਆ ਹੈ।
ਐਨ ਐਚ ਐਮ ਦੇ ਪੱਤਰ ਦੀ ਉਡੀਕ:ਐਸਐਮਓ
ਸਿਵਲ ਹਸਪਤਾਲ ਬਠਿਡਾ ਦੇ ਸੀਨੀਅਰ ਮੈਡੀਕਲ ਅਫਸਰ ਡਾ: ਮਨਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਰਿਚਾ ਗੋਇਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਡਾ ਕਰਿਸ਼ਮਾ ਗੋਇਲ ਖਿਲਾਫ ਪੁਲਿਸ ਕਾਰਵਾਈ ਲਈ ਕੌਮੀ ਸਿਹਤ ਮਿਸ਼ਨ ਦੇ ਪੱਤਰ ਦਾ ਇੰਤਜਾਰ ਕੀਤਾ ਜਾ ਰਿਹਾ ਹੈ।
ਰੋਮਾਣਾ ਦਾ ਰਿਮਾਂਡ ਵਧਣ ਦੀ ਸੰਭਾਵਨਾ
ਏਡਜ਼ ਪੀੜਤ ਮਾਮਲੇ ’ਚ ਪੁਲਿਸ ਰਿਮਾਂਡ ਅਧੀਨ ਚੱਲ ਰਹੇ ਐਮਐਲਟੀ ਬਲਦੇਵ ਸਿੰਘ ਰੋਮਾਣਾ ਦਾ ਪੁਲਿਸ ਵੱਲੋਂ ਹੋਰ ਰਿਮਾਂਡ ਮੰਗਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਰੋਮਾਣਾ ਜਾਂਚ ਦੌਰਾਨ ਪੁਲਿਸ ਨੂੰ ਸਹਿਯੋਗ ਦੇਣ ਦੀ ਬਜਾਏ ਮਾਮਲੇ ਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਚੱਲਦਿਆਂ ਪੁਲਿਸ ਆਪਣੀ ਪੜਤਾਲ ਨੂੰ ਪੁਖਤਾ ਕਰਨਾ ਚਾਹੁੰਦੀ ਹੈ। ਮਨੁੱਖੀ ਜਿੰਦਗੀਆਂ ਨਾਲ ਜੁੜਿਆ ਦਰਦਨਾਕ ਮਾਮਲਾ ਹੋਣ ਕਰਕੇ ਪੁਲਿਸ ਕੇਸ ਦੇ ਹਰ ਪੱਖ ਨੂੰ ਮਜਬੂਤ ਕਰਨਾ ਚਾਹੁੰਦੀ ਹੈ ਜਿਸ ਕਰਕੇ ਹੋਰ ਰਿਮਾਂਡ ਦੀ ਜਰੂਰਤ ਪਵੇਗੀ। ਸੂਤਰਾਂ ਮੁਤਾਬਕ ਪੁਲਿਸ ਨੂੰ ਖੂਨ ਲੱਗਣ ਵਾਲੀ ਬੱਚੀ ਦੀ ਰਿਪੋਰਟ ਦਾ ਵੀ ਇੰਤਜਾਰ ਹੈ।
ਮੁਲਜਮ ਦਾ ਪੁਲਿਸ ਰਿਮਾਂਡ: ਜਾਂਚ ਅਧਿਕਾਰੀ
ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਪੁੱਛਗਿਛ ਜਾਰੀ ਹੈ ਅਤੇ ਮੁਲਜਮ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਏਗਾ। ਜਾਂਚ ਅਧਿਕਾਰੀ ਨੇ ਪੜਤਾਲ ਪ੍ਰਭਾਵਿਤ ਹੋਣ ਦੀ ਦਲੀਲ ਦਿੰਦਿਆਂ ਹੋਰ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।