ਉਪਿੰਦਰ ਸ਼ੈਲੀ (ਆਬੂ ਧਾਬੀ)

ਜਿਸ ਦੇਸ਼ ਦੇ ਰਾਜੇ ਦੀ ਜ਼ਮੀਰ ਮਰਜੇ, ਉਸ ਦੇਸ਼ ਦਾ ਤਾਂ ਰੱਬ ਹੀ ਰਾਖਾ ਹੈ। ਇਹ ਉਨ੍ਹਾਂ ਲੀਡਰਾਂ ਦਾ ਕਸੂਰ ਨਹੀਂ, ਸਾਰਾ ਕਸੂਰ ਸਾਡਾ ਹੈ, ਜੋ ਅਸੀਂ ਪੰਜ ਸਾਲ ਕੁੱਟ ਖਾ ਕੇ ਲੁੱਟ ਹੋ ਕੇ ਫਿਰ ਉਨ੍ਹਾਂ ਲੀਡਰਾਂ ਨੂੰ ਹੀ ਆਪ ਵੋਟਾਂ ਪਾ ਕੇ ਚੁਣਦੇ ਹਾਂ। ਜੇ ਅਸੀਂ ਵੋਟ ਪਾਉਂਦੇ ਹਾਂ ਤਾਂ ਹੀ ਇਹ ਲੀਡਰ ਜਿੱਤਦੇ ਨੇ ਤੇ ਜਿੱਤ ਕੇ ਪੰਜ ਸਾਲ ਸਾਡੀ ਰੱਜ ਕੇ ਕੁਪੱਤ ਕਰਦੇ ਹਨ। ਵੋਟਾਂ ਨੇੜੇ ਆ ਕੇ ਅਸੀਂ ਫਿਰ ਭੁੱਲ ਜਾਂਦੇ ਹਾਂ। ਸਮਝ ਨਹੀਂ ਆਉਂਦੀ ਕਿ ਅਸੀਂ ਐਨੇ ਪਾਗਲ ਕਿਵੇਂ ਹੋ ਗਏ? ਹੁਣ ਜੋ ਪੰਜਾਬ ਵਿਚ ਚੱਲ ਰਿਹਾ ਹੈ, ਪੂਰਾ ਪੰਜਾਬ ਕੇਂਦਰ ਦੀ ਸਰਕਾਰ ਖਿਲਾਫ਼ ਸੜਕਾਂ ‘ਤੇ ਹੈ। ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਆਪ ਉਨ੍ਹਾਂ ਦੀ ਆ ਕੇ ਗੱਲ ਨਾ ਸੁਣਨਾ, ਇਹ ਪੂਰੇ ਪੰਜਾਬ ਦੇ ਮੂੰਹ ‘ਤੇ ਇਕ ਚਪੇੜ ਨਹੀਂ ਤਾਂ ਹੋਰ ਕੀ ਹੈ? ਹੁਣ ਇਸ ਤਰ੍ਹਾਂ ਲਗਦਾ ਐ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੀ ਨਹੀਂ, ਸਗੋਂ ਪੰਜਾਬ ਵਿਰੋਧੀ ਹੈ। ਅਸੀਂ ਭਾਵੇਂ ਐੱਨ.ਆਰ.ਆਈ. ਹਾਂ ਪਰ ਸਾਡੇ ਪੇਕੇ ਪੰਜਾਬ ‘ਚ ਨੇ। ਅਸੀਂ ਚਾਹੁੰਦੇ ਹਾਂ ਹਰ ਪਲ ਸਾਡੇ ਪੇਕਿਆਂ ਵੱਲੋਂ ਠੰਢੀ ਹਵਾ ਦੇ ਬੁੱਲੇ ਆਉਣ ਪਰ ਪੰਜਾਬ ਤੋਂ ਆਉਂਦੀਆਂ ਅੱਗ ਦੀਆਂ ਲਾਟਾਂ ਸਾਡੀਆਂ ਖ਼ੁਸ਼ੀਆਂ ਨੂੰ ਲੂੰਹਦੀਆਂ ਨੇ। ਹੁਣ ਵੇਲਾ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਸੰਘਰਸ਼ ਕਮੇਟੀਆਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ। ਅਸੀਂ ਸਾਰੇ ਐੱਨ.ਆਰ.ਆਈ. ਸਾਡੇ ਪੇਕਿਆਂ ਦੇ ਅੰਨ ਦਾਤਾ ਨੂੰ ਬਚਾਉਣ ਲਈ ਦਿਨ-ਰਾਤ ਇਕ ਕਰ ਦੇਵਾਂਗੇ।
ਦਲਵੀਰ ਸਿੰਘ ਸਿੱਧੂ (ਯੂ.ਐੱਸ.ਏ.)

ਏਦਾਂ ਲੱਗਦਾ ਹੈ ਜਿਵੇਂ ਲੱਤਾਂ ਖਾ ਕੇ ਮੰਨਣ ਵਾਲੇ ਭੂਤ ਬਾਤਾਂ ਨਾਲ ਨਹੀਂ ਮੰਨਦੇ। ਲੋਕ ਚਾਹੁੰਦੇ ਨੇ ਕਿ ਭਗਤ ਸਿੰਘ ਦੁਬਾਰਾ ਜਨਮ ਲਵੇ ਪਰ ਜੰਮੇ ਗੁਆਂਢੀਆਂ ਦੇ ਕਿਉਂਕਿ ਹਰ ਇਕ ਨੂੰ ਪਤਾ ਹੈ ਕਿ ਭਗਤ ਸਿੰਘ ਨੇ ਫਾਂਸੀ ‘ਤੇ ਚੜ੍ਹਨਾ ਹੈ। ਉਹ ਵੀ ਲੋਕਾਂ ਲਈ, ਜਿਨ੍ਹਾਂ ਨੇ ਉਸਦੀ ਸ਼ਹੀਦੀ ਦੀ ਭੋਰਾ ਕਦਰ ਨਹੀਂ ਜਾਣੀ।
ਪੰਜਾਬ ‘ਚ ਜਿੰਨੀ ਚੋਰ-ਬਾਜ਼ਾਰੀ, ਠੱਗੀ-ਠੋਰੀ, ਬੇਰੁਜ਼ਗਾਰੀ ਤੇ ਕੁਰੱਪਸ਼ਨ ਵਧ ਚੁੱਕੀ ਹੈ। ਹੁਣ ਤਾਂ ਸ਼ਾਇਦ ਘਰ-ਘਰ ਭਗਤ ਸਿੰਘ ਨੂੰ ਜਨਮ ਲੈਣਾ ਪਵੇਗਾ। ਧਰਮ ਦੇ ਨਾਂ ‘ਤੇ ਰਾਜਨੀਤੀ ਹੋ ਰਹੀ ਹੈ। ਹਰ ਇਕ ਲੀਡਰ ਰਾਜੇ ਸਿਕੰਦਰ ਵਾਂਗ ਮਾਇਆ ਨੂੰ ਜੱਫੇ ਮਾਰਨ ਲੱਗਿਆ ਹੋਇਆ ਹੈ। ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ‘ਕੋਈ ਮਰੇ ਤੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’ ਵਾਲਾ ਕੰਮ ਹੋਇਆ ਪਿਆ ਹੈ। ਆਪਣਾ ਹੀ ਘਰ ਭਰਨ ਦੀਆਂ ਗੱਲਾਂ ਨੇ। ਕੋਈ ਲੀਡਰ ਜਿੰਨਾ ਮਰਜ਼ੀ ਵੱਡਾ ਘਪਲਾ ਕਰ ਦੇਵੇ, ਕੋਈ ਫ਼ਰਕ ਈ ਨਹੀਂ ਪੈਂਦਾ। ਕਾਨੂੰਨ ਸਿਰਫ਼ ਗਰੀਬਾਂ ਲਈ ਨੇ। ਜੇ ਹੁਣ ਵੀ ਲੋਕ ਨਾ ਜਾਗੇ ਤਾਂ ਫਿਰ ਅਸੀਂ ਕਿਸੇ ਨੂੰ ਦੱਸਣ ਜੋਗੇ ਨਹੀਂ ਰਹਿਣਾ ਕਿ ਅਸੀਂ ਪੰਜਾਬੀ ਹਾਂ। ਆਉ! ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਰਲ-ਮਿਲ ਕੇ ਹੰਭਲਾ ਮਾਰੀਏ।
ਇਕਬਾਲ ਸਿੰਘ ਬੜੈਚ ਪੁਰਤਗਾਲ

ਪੰਜਾਬ ਨੂੰ ਨਜ਼ਰਾਂ ਲੱਗ ਗਈਆਂ ਹਨ ਜਾਂ ਜ਼ਮੀਰਾਂ ਮਰ ਗਈਆਂ ਹਨ? ਨਜ਼ਰਾਂ ਤਾਂ ਨਹੀਂ ਲੱਗੀਆਂ ਤੇ ਨਾ ਹੀ ਸਾਰੇ ਲੋਕਾਂ ਦੀਆਂ ਜ਼ਮੀਰਾਂ ਮਰੀਆਂ ਹਨ। ਹੋਇਆ ਇਹ ਕਿ ਅਸੀਂ ਜੋ ਸਾਡੇ ਪੰਜਾਬ ਨੂੰ ਚਲਾਉਣ ਵਾਲੇ ਆਗੂ ਚੁਣੇ, ਬੱਸ ਉਨ੍ਹਾਂ ਦੀਆਂ ਜ਼ਮੀਰਾਂ ਮਰ ਗਈਆਂ। ਉਨ੍ਹਾਂ ਆਗੂਆਂ ਨੇ ਪੰਜਾਬ ਦੇ ਹਿਤਾਂ ਤੋਂ ਨਜ਼ਰ ਫੇਰ ਲਈ। ਉਹੀ ਆਗੂ ਪੰਜਾਬ ਤੇ ਪੰਜਾਬੀਅਤ ਪ੍ਰਤੀ ਬੇਈਮਾਨ ਹੋ ਗਏ। ਲੱਖਾਂ ਘਰਾਂ ਦੇ ਇਨ੍ਹਾਂ ਨੇ ਚਿਰਾਗ ਬੁਝਾ ਦਿੱਤੇ। ਜਵਾਨੀ ਤੇ ਕਿਸਾਨੀ ਨੂੰ ਡੋਬਣ ਲਈ ਕੋਈ ਕਸਰ ਨਹੀਂ ਛੱਡੀ ਇਨ੍ਹਾਂ ਲੀਡਰਾਂ ਨੇ।
ਭਾਵੇਂ ਅਸੀਂ ਬਾਹਰਲੇ ਦੇਸ਼ਾਂ ਵਿਚ ਆ ਕੇ ਵਸ ਗਏ ਪਰ ਅਸੀਂ ਜਦ ਵੀ ਸੌਂਦੇ ਹਾਂ ਤਾਂ ਸੁਪਨਾ ਪੰਜਾਬ ਦਾ ਹੀ ਆਉਂਦੈ। ਉੱਥੇ ਜਿਹੜੇ ਵੀ ਲੋਕੀਂ ਵਸਦੇ ਹਨ, ਉਹ ਸਾਰੇ ਸਾਡੇ ਭੈਣ-ਭਰਾ ਹੀ ਹਨ। ਭਾਵੇਂ ਅਸੀਂ ਪੈਸੇ-ਜਾਇਦਾਦਾਂ ਪੱਖੋਂ ਖ਼ੁਸ਼ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ‘ਚ ਵਸਦੇ ਸਾਰੇ ਭੈਣ-ਭਰਾ ਵੀ ਸੁੱਖ ਦੀ ਜ਼ਿੰਦਗੀ ਜਿਉਣ। ਇਸ ਲਈ ਸਾਥੋਂ ਜੋ ਵੀ ਪੰਜਾਬ ਪ੍ਰਤੀ ਮੱਦਦ ਹੋ ਸਕਦੀ ਹੈ, ਅਸੀਂ ਹਰ ਸਾਹ ਨਾਲ ਹਾਜ਼ਰ ਰਹਿੰਦੇ ਹਾਂ। ਬੱਸ ਇਹੀ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਮੇਰੇ ਪੰਜਾਬ ਦਾ ਹਰ ਇਕ ਇਨਸਾਨ ਖ਼ੁਸ਼ ਰਹੇ ਅਤੇ ਇਹ ਜੋ ਸਾਡੇ ਦੇਸ਼ ਦੇ ਮੋਢੀ ਹਨ, ਵਾਹਿਗੁਰੂ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ।
ਬਲਜਿੰਦਰ ਸਿੰਘ ਉੱਭੀ (ਕੈਨੇਡਾ)

ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ ਵਰਗੀਆਂ ਕਿੰਨੀਆਂ ਹੀ ਸਿਰਮੌਰ ਰੂਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ, ਸਾਨੂੰ ਖ਼ੁਸ਼ ਦੇਖਣ ਵਾਸਤੇ ਆਪਣੀਆਂ ਕੀਮਤੀ ਜਾਨਾਂ ਦੇਸ਼ ਉੱਤੋਂ ਕੁਰਬਾਨ ਕਰ ਦਿੱਤੀਆਂ ਪਰ ਮਿਲਿਆ ਕੀ? ਗੋਰੇ ਕੱਢੇ ਤੇ ਕਾਲੇ ਆ ਗਏ। ਉਨ੍ਹਾਂ ਨੂੰ ਆਪਣੀ ਕੁਰਬਾਨੀ ‘ਤੇ ਫ਼ਖ਼ਰ ਨਹੀਂ, ਸਗੋਂ ਅਫ਼ਸੋਸ ਹੁੰਦਾ ਹੋਵੇਗਾ ਕਿ ਅਸੀਂ ਕਿੰਨ੍ਹਾਂ ਲਈ ਕੁਰਬਾਨੀਆਂ ਦਿੱਤੀਆਂ।
ਭਾਵੇਂ ਸਾਨੂੰ ਵਾਹਿਗੁਰੂ ਨੇ ਹਰ ਇਕ ਸੁੱਖ ਨਾਲ ਨਿਵਾਜਿਆ ਹੈ ਪਰ ਇਕ ਗੱਲ ਦਾ ਹਮੇਸ਼ਾ ਹੀ ਦੁੱਖ ਰਹਿੰਦਾ ਹੈ ਕਿ ਮੇਰੇ ਪੰਜਾਬ ਦੇ ਲੋਕ ਬੇਹੱਦ ਦੁਖੀ ਨੇ। ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ। ਜਵਾਨੀ ਨਸ਼ਿਆਂ ਨੇ ਖਾ ਲਈ। ਰੇਹਾਂ-ਸਪਰੇਹਾਂ ਤੋਂ ਬਿਨਾਂ ਫਸਲ ਨਹੀਂ ਹੁੰਦੀ ਕਿਉਂਕਿ ਫਸਲਾਂ ਉਗਾਉਣ ਬਾਰੇ ਕਿਸਾਨਾਂ ਨੂੰ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ। ਧੀਆਂ-ਭੈਣਾਂ ਦੀ ਇੱਜ਼ਤ ਦਾ ਕੋਈ ਰਖਵਾਲਾ ਨਹੀਂ। ਅਸੀਂ ਜਿਨ੍ਹਾਂ ਨੂੰ ਵੋਟਾਂ ਪਾ-ਪਾ ਜਿਤਾਉਂਦੇ ਹਾਂ, ਉਹੀ ਸਾਨੂੰ ਚੌਕਾਂ ‘ਚ ਕੁੱਟਦੇ ਹਨ ਤੇ ਪੰਜ-ਪੰਜ ਸਾਲ ਵਾਰੀ ਬੰਨ੍ਹ-ਬੰਨ੍ਹ ਲੁੱਟਦੇ ਹਨ ਪਰ ਅਸੀਂ ਹਾਰੇ ਨਹੀਂ, ਹਰ ਹੀਲੇ ਪੰਜਾਬ ਨੂੰ ਪਹਿਲਾਂ ਵਰਗਾ ਰੰਗਲਾ ਪੰਜਾਬ ਬਣਾ ਕੇ ਹਟਾਂਗੇ।

ਗੋਲਡੀ ਬਾਵਾ, ਪੁਰਤਗਾਲ
00351-920-442-920