ਰਜਨੀ ਵਾਲੀਆ
ਮੁੱਲ ਕਾਦਰ ਦਾ ਸਾਰਾ ਏ,
ਬੰਦਾ ਤਾਂ ਬੱਸ ਧੇਲੇ ਦਾ |
ਮਸਰੂਫ ਲੋਕ ਹੁੰਦੇ ਨੇ ਗਹਿਣੇਂ,
ਨਹੀਂ ਮੁੱਲ ਕੋਈ ਵਿਹਲੇ ਦਾ |
ਮੁੱਲ ਕਾਦਰ ਦਾ ਸਾਰਾ ਏ,
ਬੰਦਾ ਤਾਂ ਬੱਸ ਧੇਲੇ ਦਾ |
ਇਸ਼ਕ ਹਕੀਕੀ ਰੱਬ ਵਰਤਾਵੇ,
ਕਰਮਾਂ ਵਾਲੇ ਨੂੰ ਹੀ ਮਿਲਦਾ |
ਇਹ ਨਹੀਂ ਕਾਫਰ ਲੋਕਾਂ ਦੇ ਲਈ,
ਸੌਦਾ ਇਹ ਬਿੱਸਮਿੱਲਾਹ ਦਿਲ ਦਾ |
ਜਿੱਥੇ ਰਾਂਝਣ ਨੇਂ ਵੱਗ ਚਰਾਇਆ,
ਸੀ ਮੁੱਲ ਪਿਆ ਉਸ ਬੇਲੇ ਦਾ |
ਮੁੱਲ ਕਾਦਰ ਦਾ ਸਾਰਾ ਏ,
ਬੰਦਾ ਤਾਂ ਬੱਸ ਧੇਲੇ ਦਾ |
ਇਨਸਾਨਾਂ ਦੀ ਕਦਰ ਜੋ ਕਰਦਾ,
ਉਸ ਤੇ ਹੁੰਦੀ ਏ ਰੱਬੀ ਮਿਹਰ |
ਸਦਾ ਭੁੱਖੇ ਥੀਂ ਉਹ ਰੋਟੀ ਦੇਵੇ,
ਗਰੀਬੜੇ ਜਾਵਣ ਜਿੰਨੀ ਵੇਰ |
ਕੋਈ ਵੀ ਮੁੱਲ ਪਾ ਨਹੀਂ ਸਕਦਾ,
ਕਦੇ ਉਸ ਮਾਲਕ ਦੇ ਚੇਲੇ ਦਾ |
ਮੁੱਲ ਕਾਦਰ ਦਾ ਸਾਰਾ ਏ,
ਬੰਦਾ ਤਾਂ ਬੱਸ ਧੇਲੇ ਦਾ |
ਜਬਰ ਜਨਾਹ ਜਦ ਵੀ ਹੁੰਦਾ ਏ,
ਕਾਦਰ ਦਾ ਤਖਤਾ ਹਿੱਲਦਾ ਏ |
ਅੰਤ ਬੁਰੇ ਦਾ ਬੁਰਾ ਹੀ ਹੁੰਦਾ,
ਕਾਲ ਆ ਜਾਬਰ ਨੂੰ ਮਿਲਦਾ ਏ |
ਕਿਸਦਾ ਕੀ ਕਿਰਦਾਰ ਉਹ ਜਾਣੇਂ,
ਦੁਨੀਆਂ ਤੇ ਰੰਗ-ਮੰਚ ਇਸ ਮੇਲੇ ਦਾ |
ਮੁੱਲ ਕਾਦਰ ਦਾ ਸਾਰਾ ਏ,
ਬੰਦਾ ਤਾਂ ਬੱਸ ਧੇਲੇ ਦਾ |
ਫੁੱਲਾਂ ਨੇਂ ਜਦ ਵੀ ਮਹਿਕਾਂ ਵੰਡੀਆਂ,
ਤਦ ਲੋਕਾਂ ਨੇ ਫੁੱਲ ਤੋੜਕੇ ਸੁੱਟੇ |
ਅਲੋਪ ਹੋਈਆਂ ਮਹਿਕਾਂ ਬਾਗਾਂ ਚੋਂ
ਬਦਨ ਕਲੀਆਂ ਦੇ ਵੀ ਮਰੋੜ ਕੇ ਸੁੱਟੇ |
ਮੁੱਲ ਪਾਇਆ ਮੈਂ ਆਪਣੇਂ ਘਰ ਵਿੱਚ,
ਮਹਿਕਾਂ ਦੇ ਭਰੇ ਠੇਲੇ ਦਾ |
ਮੁੱਲ ਕਾਦਰ ਦਾ ਸਾਰਾ ਏ,
ਬੰਦਾ ਤਾਂ ਬੱਸ ਧੇਲੇ ਦਾ |
ਦਿਲ ਵਿੱਚ ਜਿਹੜੇ ਥਾਂ ਰੱਖਦੇ ਨੇ,
ਜਾਵਣ ਵੇਲੇ ਰੌਣਕ ਨਾਲ ਲੈ ਜਾਂਦੇ |
ਕਰ ਜਾਂਦੇ ਖਾਲੀ ਦਿਲ ਦਾ ਬਨੇਰਾ,
ਸਕੂਨ ਆਰਾਮ ਹਰ ਹਾਲ ਲੈ ਜਾਂਦੇ |
ਮੁੱਲ ਤਾਂ ਮਾਲਕ ਪਾ ਧਰਦਾ ਏ ਸਦਾ,
ਰਜਨੀ ਵੇਲਿਓਂ ਹੋਏ ਕੁਵੇਲੇ ਦਾ |
ਮੁੱਲ ਕਾਦਰ ਦਾ ਸਾਰਾ ਏ,
ਬੰਦਾ ਤਾਂ ਬੱਸ ਧੇਲੇ ਦਾ |