23.1 C
United Kingdom
Sunday, June 21, 2026

More

    ਪਰਾਲੀ ਸਬੰਧੀ ਹੁਕਮ: ਅਧਿਆਪਕਾਂ ਵੱਲੋਂ ਪ੍ਰਸ਼ਾਸ਼ਨ ਦਾ ਧੂੰਆਂ ਕੱਢਣ ਦਾ ਐਲਾਨ

    ਅਸ਼ੋਕ ਵਰਮਾ
    ਮਾਨਸਾ,8ਅਕਤੂਬਰ2020। ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਪਰਾਲੀ ਸਾੜਨ ਤੋਂ ਲਾਈਆਂ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਨਾਦਰਸ਼ਾਹੀ ਫਰਮਾਨ ਕਰਾਰ ਦਿੰਦਿਆਂ ਇੰਨਾਂ ਹੁਕਮਾਂ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਡੀਸੀ ਦੇ ਇਸ ਨਵੇਂ ਫੈਸਲੇ ਤੋਂ ਬਾਅਦ ਤਾਂ ਆਪਣੀ ਬਣਦੀ ਡਿਊਟੀ ਦੇ ਰਹੇ ਅਧਿਆਪਕਾਂ ਅਤੇ ਅਧਿਕਾਰੀਆਂ ਵਿਚਕਾਰ ਟਕਰਾਅ ਦਾ ਮੁੱਢ ਬੱਝ ਗਿਆ ਹੈ। ਅੱਜ ਮਾਨਸੇ ਜਿਲੇ ’ਚ ਅਧਿਆਪਕਾਂ ਦੀ ਜੱਥੇਬੰਦੀ ਅਧਿਆਪਕ ਦਲ,ਸਰੀਰਕ ਸਿੱਖਿਆ ਅਧਿਆਪਕਾਂ ਅਤੇ ਡਰਾਇੰਗ ਟੀਚਰਾਂ ਨੇ ਵਿਰੋਧ ਜਤਾਉਂਦਿਆਂ ਆਖਿਆ ਕਿ ਇਹ ਫੈਸਲਾ ਪੂਰੀ ਤਰਾਂ ਗਲਤ ਹੈ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਮਾਨਸਾ ਦੇ ਹੁਕਮਾਂ ਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋ ਰੋਕਣ ਲਈ ਪਿੰਡਾਂ ਸ਼ਹਿਰਾਂ ਵਿੱਚ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇੰਨਾਂ ਕਮੇਟੀਆਂ ’ਚ ਹੋਰਨਾਂ ਵਿਭਾਗਾਂ ਤੋ ਇਲਾਵਾ ਸਿੱਖਿਆ ਮਹਿਕਮੇ ਨਾਲ ਸਬੰਧਤ ਅਧਿਆਪਕਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
                   ਅਧਿਆਪਕ ਦਲ ਦੇ ਜ਼ਿਲਾ ਪ੍ਰਧਾਨ ਗੁਰਜੀਤ ਸਿੰਘ ਲਾਲਿਆਂ ਵਾਲੀ ਨੇ ਕਿਹਾ ਕਿ ਹੁਣ ਸਰਕਾਰ ਅਤੇ ਪ੍ਰਸ਼ਾਸਨ ਨੇ ਅਧਿਆਪਕਾਂ  ਨੂੰ ਕਿਸਾਨਾਂ ਨਾਲ ਲੜਾਉਣ ਦਾ ਨਵਾਂ ਪੰਗਾ ਖੜਾ ਕਰ ਦਿੱਤਾ ਹੈ,ਜਦੋ ਕਿ ਅਧਿਆਪਕ ਤਾਂ ਪਹਿਲਾਂ ਹੀ ਵਿਦਿਆਰਥੀਆਂ ਨੂੰਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ’ਚ 24 ਘੰਟੇ ਰੁਝੇ ਰਹਿੰਦੇ ਹਨ। ਉਨਾਂ ਆਖਿਆ ਕਿ ਇਸ ਫੈਸਲੇ ਨਾਲ ਸਿੱਧੇ ਤੌਰ ਤੇ ਵਿਦਿਆਰਥੀਆਂ ਦੀ ਸਿੱਖਿਆ ਪ੍ਰਭਹਾਵਿਤ ਹੋਵੇਗੀ ਜੋ ਕਰੋਨਾ ਕਰਕੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਉਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਤੋ ਮੰਗ ਕੀਤੀ ਹੈ ਕਿ ਇਹ ਡਿਊਟੀਆਂ ਤਰੁੰਤ ਵਾਪਸ ਲਈਆਂ ਜਾਣ ,ਨਹੀ ਤਾਂ ਉਹ ਪ੍ਰਸ਼ਾਸ਼ਨ ਖਿਲਾਫ ਸੰਘਰਸ਼ ਦਾ ਝੰਡਾ ਚੁੱਕਣ ਲਈ ਮਜਬੂਰ ਹੋਣਗੇ। ਜਥੇਬੰਦੀ ਦੇ ਆਗੂਆਂ ਸੁਰਿੰਦਰ ਸਿੰਘ ਮਾਨ, ਜਸਵੀਰ ਸਿੰਘ ਖਾਲਸਾ, ਜੈ ਪਾਲ ਸਿੰਘ, ਸ਼ਮਸ਼ੇਰ ਸਿੰਘ, ਰਾਜਨ ਸਿੰਘ,ਸ਼ੁਸ਼ੀਲ ਕੁਮਾਰ, ਸੁਰਜੀਤ ਸਿੰਘ ਰਾਏਪੁਰ ਨੇ ਵੀ ਫੈਸਲੇ ਦੀ ਨਿਖੇਧੀ ਕੀਤੀ ਹੈ
          ਇਸੇ ਤਰਾਂ ਹੀ ਸਰੀਰਕ ਸਿੱਖਿਆ ਤੇ ਡਰਾਇੰਗ ਅਧਿਆਪਕਾਂ ਨੇ ਅੱਗ ਲਾਉਣ ਤੋਂ ਰੋਕਣ ਨੂੰ ਲੈਕੇ ਲਾਈ ਉਨਾਂ ਦੀ ਡਿਊਟੀ ਨੂੰ ਪੂਰੀ ਤਰਾਂ ਗਲਤ ਕਰਾਰ ਦਿੰਦਿਆਂ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ ਹੈ। ਅੱਜ ਬਲਵੰਤ ਸਿੰਘ, ਗੁਰਦੀਪ ਸਿੰਘ, ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ, ਰਾਜਨਦੀਪ ਸਿੰਘ, ਰਾਹੁਲ ਮੋਦਗਿੱਲ, ਪਾਲਾ ਸਿੰਘ, ਰੇਸ਼ਮ ਸਿੰਘ, ਅਤੇ ਬੂਟਾ ਸਿੰਘ ਆਦਿ ਆਗੂਆਂ ਨੇ ਆਖਿਆ ਕਿ ਕਿਹਾ ਕਿ ਅਧਿਆਪਕਾਂ ਨੂੰ ਤਾਂ ਆਪਣੇ ਕੰਮ ਹੀ ਸਾਹ ਨਹੀਂ ਲੈਣ ਦਿੰਦੇ ਉੱਪਰੋਂ ਇਹ ਨਵੇਂ ਹੁਕਮ ਆ ਗਏ ਹਨ। ਉਨਾਂ ਆਖਿਆ ਕਿ ਸਕੂਲਾਂ ਚਲਾਉਣ ਲਈ ਅਧਿਆਪਕ ਪਿੰਡ ਵਾਸੀਆਂ ਤੋਂ ਸਹਿਯੋਗ ਲੈਂਦੇ  ਹਨ ਪਰ ਇੰਨਾਂ ਆਦੇਸ਼ਾਂ ਨਾਲ ਨਵਾਂ ਟਕਰਾਅ ਬਣੇਗਾ। ਉਨਾਂ ਡਿਊਟੀਆਂ ਵਾਪਿਸ ਨਾਂ ਲੈਣ ਦੀ ਸੂਰਤ ’ਚ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਡੀ.ਟੀ.ਐਫ. ਦੇ ਪ੍ਰਧਾਨ ਅਮੋਲਕ ਡੇਲੂਆਣਾ ਨੇ ਯੂਨੀਅਨ ਵੱਲੋਂ ਹਮਾਇਤ ਵੀ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!