23.1 C
United Kingdom
Sunday, June 21, 2026

More

    ਕਿਸਾਨ ਮੋਰਚੇ ਦਾ ਸੱਦਾ: ਕਿਤੇ ਮਰਦ ਦਲੇਰ ਕਮਲਿਆ ਖੁਦਕਸ਼ੀਆਂ ਨਹੀਂ ਕਰਦੇ

    ਅਸ਼ੋਕ ਵਰਮਾ
    ਮਾਨਸਾ,8ਅਕਤੂਬਰ2020। ਨਵੇਂ ਖੇਤੀ ਕਾਨੂੰਨਾ ਖਿਲਾਫ ਚੱਲ ਰਹੇ
    ਕਿਸਾਨ ਮੋਰਚੇ ਵਿੱਚ ਅੱਜ ਨਾਟਕਕਾਰ ਟੀਮਾਂ ਨੇ ਕਿਸਾਨ ਖੁਦਕਸ਼ੀਆਂ ਦੁ ਮੁੱਦਾ ਉਭਾਰਿਆ ਤਾਂ ਮਹੌਲ ਭਾਵੁਕ ਬਣ ਗਿਆ।  ਇਸ ਮੌਕੇ ਕਲਾਕਾਰਾਂ ਨੇ ਕਿਸਾਨਾਂ ਸਿਰ ਚੜੇ ਕਰਜਿਆਂ ਦੀ ਗੱਲ ਉੱਭਰਵੇਂ ਰੂਪ ’ਚ ਕੀਤੀ ਤਾਂ ਪੰਡਾਲ ’ਚ ਬੈਠੀਆਂ ਕਿਸਾਨ ਬੀਬੀਆਂ ਦੀਆਂ ਅੱਖਾਂ ਨਮ ਹੋ ਗਈਆਂ। ਉੱਘੇ ਨਾਟਕਕਾਰ ਸਾਹਿਬ ਸਿੰਘ ਨੇ ਅੱਜ ਮਾਨਸਾ ਕੈਂਚੀਆਂ ਨੇੜੇ ਰਿਲਾਇੰਸ ਕੰਪਨੀ ਦੇ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਏ ਧਰਨੇ ਵਿੱਚ ਖੇਡੇ ਗਏ ਨਾਟਕ ‘ਰੰਗ ਕਰਮੀ ਦਾ ਬੱਚਾ’ ਦਾ ਮੰਚਨ ਕੀਤਾ। ਰੰਗਕਰਮੀਆਂ ਨੇ ਬਿਨਾਂ ਸੋਚੇ ਸਮਝਿਆਂ ਕੀਤੇ ਲਾਕਡਾਊਨ ਦੌਰਾਨ ਆਮ ਜਨਤਾ ਨੇ ਹੰਢਾਇਆ ਸੰਤਾਪ ਨਾਟਕ ਰਾਹੀ ਬਿਆਨ ਕੀਤਾ ਤਾਂ ਧਰਨੇ ’ਚ ਬੈਠੇ ਸੋਚਣ ਲਈ ਮਜ਼ਬੂਰ ਹੋ ਗਏ ਕਿ ਅਸਲ ਕਹਾਣੀ ਕੁੱਝ ਹੋਰ ਹੈ।
                          ਲੋਕਪੱਖੀ ਕਲਾਕਾਰਾਂ ਤੇ ਨਾਟਕਕਾਰ ਦੀ ਪੇਸ਼ਕਾਰੀ ’ਚ ਸਾਹਮਣੇ ਆਇਆ ਕਿ ਲੋਕਾਂ ਦਾ ਵੱਡਾ ਹਿੱਸਾ ਪੈਸੇ ਦੀ ਥੁੜ ਦੀ ਕਾਰਨ ਬਿਨਾਂ ਇਲਾਜ ਤੋਂ ਸਮੇਂ ਤੋਂ ਪਹਿਲਾਂ ਮਰ ਜਾਂਦਾ ਹੈ। ਮਾਪਿਆਂ ਵੱਲੋਂ ਮਹਿੰਗੇ ਵਿਆਜ ਤੇ ਚੁੱਕੇ ਕਰਜੇ ਨਾਲ ਬੱਚੇ ਪੜ ਲਿਖ ਤਾਂ ਗਏ ਪਰ ਹੁਣ ਬੇਰੁਜ਼ਗਾਰੀ ਉਨਾਂ ਦਾ ਪ੍ਰਛਾਵਾਂ ਬਣ ਕੇ ਨਾਲ ਤੁਰਦੀ ਹੈ । ਜਿਹੜੀਆਂ ਾਂ ਧੀਆਂ ਨੂੰ ਸਕੂਲਾਂ-ਕਾਲਜਾਂ ਵਿੱਚ ਪੜਨ ਲਈ ਇਕੱਲਿਆ ਨਹੀਂ ਤੋਰਦੇ ਸਨ ਪਰ ਬੇਰੁਜ਼ਗਾਰੀ ਨੇ ਮਾਪਿਆਂ ਦੀ ਮਜ਼ਬੂਰੀ ਬਣਾ ਦਿੱਤੀ ਕਿ ਆਪਣੀਆਂ ਜ਼ਮੀਨਾਂ ਵੇਚ ਕੇ ਸੱਤ ਸਮੁੰਦਰੋਂ ਪਾਰ ਜਾਣ ਲਈ ਕੁੜੀਆਂ ਨੂੰ ਇਕੱਲੀਆਂ ਨੂੰ ਹੀ ਜਹਾਜ ਚੜਾ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਹੁਣ ਗੱਲ ਇੱਥੇ ਹੀ ਸੀਮਤ ਨਹੀਂ ਰਹੀ ਬਲਕਿ ਜਮੀਨਾਂ ਤੇ ਅੱਖ ਰੱਖ ਲਈ ਹੈ ਜੋ ਕਿਸਾਨਾਂ ਨੂੰ ਦਿਹਾੜੀਦਾਰ ਬਣਾ ਦੇਵੇਗੀ।
                      ਇਸ ਮੌਕੇ ਕਿਸਾਨ ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਬੇਵਫਾਈਆਂ ਖਿਲਾਫ ਜੰਗ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ। ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ’ਚ ਕੀਤੀ ਜਾ ਰਹੀ ਦੇਰੀ ਅਤੇ ਇਸ ਮਸਲੇ ਨੂੰ ਹੱਲ ਕਰਨ ਦੀ ਥਾਂ ਲਟਕਾਉਣ ਨੂੰ ਲੈਕੇ ਅੱਜ ਕਿਸਾਨ ਮੋਰਚੇ ’ਚ ਗੁੱਸਾ ਸੱਤਵੇਂ ਅਸਮਾਨ ਤੇ ਰਿਹਾ। ਕਿਸਾਨ ਆਗੂਆਂ ਨੇ ਜਿੱਥੇ ਮੋਦੀ ਸਰਕਾਰ ਉਪਰ ਤਿੱਖੇ ਸ਼ਬਦੀ ਹਮਲੇ ਕੀਤੇ ਉੱਥੇ ਹੀ ਕੈਪਟਨ ਸਰਕਾਰ ਨੂੰ ਵੀ ਬਰਾਬਰ ਨਿਸ਼ਾਨਾ ਬਣਾਇਆ। ਭੜਕੇ ਕਿਸਾਨਾਂ ਨੇ ਕੇਂਦਰ ਸਰਕਾਰ ਦੀਆਂ ਨੀਤਆਂ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਅੱਜ ਜੰਮ ਕੇ ਭੜਾਸ ਕੱਢੀ। ਬੁਲਾਰਿਆਂ  ਨੇ ਆਖਿਆ ਕਿ ਮੋਦੀ ਤੇ ਕਾਰਪੋਰੇਟ ਘਰਾਣਿਆਂ ਦਾ ਗੱਠਜੋੜ ਕਿਸਾਨਾਂ ਦੀਆਂ ਜਮੀਨਾਂ  ਦਾ ਦੁਸ਼ਮਣ ਬਣ ਗਿਆ ਹੈ, ਜਿਸ ਲਈ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ।
                              ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਲਾਕਾਰਾਂ, ਨਾਟਕਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਟਕਾਂ ਰਾਹੀਂ ਲੋਕਾਂ ਦੀ ਚੇਤਨਾ ਵਿੱਚ ਵਾਧਾ ਹੁੰਦਾ ਹੈ। ਲੁੱਟ-ਖਸੁੱਟ ਦੇ ਖਿਲਾਫ ਜਦੋਂ ਵੀ ਅੰਦੋਲਨ ਹੋਏ ਨੇ ਤਾਂ ਲੋਕਪੱਖੀ ਲੋਕ ਗਾਇਕਾਂ ਦੀ ਹੇਕ ਵੀ ਹਕੂਮਤਾਂ ਖਿਲਾਫ ਨਾਅਰਾ ਬਣ ਜਾਂਦੀ ਹੈ। ਹੁਣ ਤੱਕ ਆਈਆਂ ਹਕੂਮਤਾਂ ਨੇ ਲੋਕਾਂ ਦਾ ਸਭ ਕੁੱਝ ਲੁੱਟ ਕੇ ਸਰਮਾਏਦਾਰਾਂ ਦੀ ਝੋਲੀ ਵਿੱਚ ਪਾਇਆ ਹੈ। ਕਰਜਿਆਂ ਦੀ ਬਿੰਨੀ ਕਿਰਸਾਨੀ ਕੋਲੋਂ ਜਦੋਂ ਹੁਣ ਜ਼ਮੀਨਾਂ ਖੋਹਣ ਦਾ ਰਾਹ ਪੱਧਰਾ ਕਰ ਲਿਆ, ਜਿਸ ਨੂੰ ਰੋਕਣ ਲਈ ਖੇਤਾਂ ਦੇ ਜਾਏ ਆਪਣੀ ਧੀਆਂ-ਪੁੱਤਾਂ ਨੂੰ ਨਾਲ ਲੈ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਪਏ ਹਨ। ਖੇਤਾਂ ਵੱਲ ਹਕੂਮਤਾਂ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਵਧਾਏ ਹੱਥ ਵਾਪਸ ਮੋੜ ਕੇ ਹੀ ਰਹਿਣਗੇ।
                    ਇਸ ਮੌਕੇ ਸਾਧੂ ਸਿੰਘ ਅਲੀਸ਼ੇਰ, ਜਗਦੇਵ ਭੈਣੀ ਬਾਘਾ, ਬੱਲਮ ਸਿੰਘ ਫਫੜੇ, ਹਰਿੰਦਰ ਸਿੰਘ ਟੋਨੀ, ਮੇਜਰ ਸਿੰਘ ਅਕਲੀਆ ਆਦਿ ਆਗੂਆਂ ਨੇ ਕਿ ਕਿਰਤੀ ਲੋਕਾਂ ਦੀ ਕਿਸਮਤ ਜਾਂ ਕਰਮ ਮਾੜੇ ਨਹੀਂ ਸਗੋਂ ਪਿਛਲੇ 70 ਸਾਲਾਂ ਤੋਂ ਬਦਲ-ਬਦਲ ਕੇ ਰਾਜ ਸੱਤਾ ਤੇ ਕਾਬਜ ਹੋਈਆਂ ਹਕੂਮਤਾਂ ਦੀਆਂ ਨੀਤੀਆਂ ਮਾੜੀਆਂ ਹਨ ਜਿਨਾਂ ਦੀ ਵਜਾ ਅੱਜ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਕਰਜੇ ਦੀ ਪੰਡ ਥੱਲੇ ਦੱਬ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਉਨਾਂ ਆਖਿਆ ਕਿ ਮੋਦੀ ਸਰਕਾਰ ਤਰੱਕੀ ਦਾ ਜੋ ਨਕਸ਼ਾ ਦਿਖਾਉਣ ਲੱਗੀ ਹੈ ਉਸ ਚੋਂ ਕਿਸਾਨ ਮਨਫੀ ਹਨ ਤੇ ਕਾਰਪੋਰੇਟ ਘਰਾਣਿਆਂ ਨੂੰ ਜਰਬਾਂ ਦਿੱਤੀਆਂ ਗਈਆਂ ਹਨ। ਆਗੂਆਂ ਨੇ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਸਿਆਸੀ ਲੋਕਾਂ ਤੋਂ ਭਲੇ ਦੀ ਝਾਕ ਛੱਡਦਿਆਂ ਆਪਣੇ ਹੱਕਾਂ ਲਈ ਸੰਘਰਸ਼ ਤੇ ਟੇਕ ਰੱਖਣ ਦਾ ਸੱਦਾ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!