ਅਸ਼ੋਕ ਵਰਮਾ
ਬਠਿੰਡਾ,8ਅਕਤੂਬਰ2020। ਅੱਜ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜੋਨ ਬਠਿੰਡਾ ਨੇ ਲੇਬਰ ਵੈਲਫੇਅਰ ਐਕਟ 2016 ਲਾਗੂ ਕਰਵਾਉਣ ਲਈ ਪਟਿਆਲਾ ਵਿਖੇ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ’ ਦੇ ਬੈਨਰ ਹੇਠ ਕੀਤੀ ਜਾਣ ਵਾਲੀ ਰੋਸ ਰੈਲੀ ’ਚ ਪ੍ਰੀਵਾਰਾਂ ਸਮੇਤ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਵਿਭਾਗਾਂ ਚ ਕੰਮ ਕਰ ਰਹੇ ਠੇਕਾ ਕਾਮਿਆਂ ਨੇ ਅਕਾਲੀ ਭਾਜਪਾ ਸਰਕਾਰ ਖ਼ਿਲਾਫ਼ ਵੱਡੇ ਅਤੇ ਤਿੱਖੇ ਸੰਘਰਸ਼ ਕਰਕੇ ਇਹ ਐਕਟ ਬਣਵਾਇਆ ਸੀ ਜਿਸ ਨੂੰ ਲਾਗੂ ਕਰਨ ਦੀ ਥਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਕੱਚੇ ਕਾਮਿਆਂ ਦੀ ਛਾਟੀਆਂ, ਖਾਲੀ ਅਸਾਮੀਆ ਖਤਮ ਕਰਨ ਕਿਰਤ ਕਾਨੂੰਨ ਚ ਸੋਧਾਂ , ਮੁਲਾਜ਼ਮ ਵਿਰੋਧੀ ਬਿਜਲੀ ਸੋਧ ਬਿੱਲ 2020 ਅਤੇ ਮੌਨਟੇਕ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਅਮਲ ’ਚ ਲਿਆਉਣ ਦੇ ਰਾਹ ਤੁਰ ਪਈ ਹੈ।
ਉਨਾਂ ਆਖਿਆ ਕਿ ਇਸ ਨਾਲ ਠੇਕਾ ਮੁਲਾਜਮਾਂ ਤੇ ਤਲਵਾਰ ਲਟਕਾਈ ਜਾ ਰਹੀ ਹੈ ਜਿਸ ਨੂੰ ਬਰਦਾਸ਼ ਨਹੀਂ ਕੀਤਾ ਜਾਏਗਾ। ਜਰਨਲ ਸੱਕਤਰ ਖੁਸ਼ਦੀਪ ਸਿੰਘ ਤੇ ਆਗੂ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਸਬੰਧ ਚ ਸਾਰੇ ਹੀ ਬਿਜਲੀ ਦਫਤਰਾਂ ਅਤੇ ਪਰਿਵਾਰਾਂ ਦੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਬੱਸਾਂ ਲਈ ਫੰਡ ਮੁਹਿਮ ਚਲਾਈ ਜਾ ਰਹੀ ਹੈ। ਮੁਲਾਜਮ ਆਗੂ ਇਕਬਾਲ ਸਿੰਘ ਨੇ ਕਿਹਾ ਜੇਕਰ ਸਰਕਾਰ ‘ਲੇਬਰ ਵੈੱਲਫੇਅਰ ਐਕਟ 2016’ ਇੰਨ ਬਿੰਨ ਲਾਗੂ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਚ ਠੇਕਾ ਕਾਮਿਆਂ ਦੇ ਵੱਡੇ ਕਾਫ਼ਲਿਆਂ ਨਾਲ ਸੰਘਰਸ਼ ਤੇਜ ਕੀਤੇ ਜਾਣਗੇ। ਇਸ ਮੌਕੇ ਮੁਲਾਜਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।ਇਸ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜੋਨ ਬਠਿੰਡਾ ਦੇ ਆਗੂ ਕਿ੍ਪਾਲ ਸਿੰਘ, ਬਲਜੀਤ ਸਿੰਘ , ਕਮੇਟੀ ਮੈਂਬਰ ਰਾਮ ਬਰਨ, ਅਰੁਣ ਕੁਮਾਰ, ਅਨਿਲ ਤੇ ਗੋਰਾ ਆਦਿ ਨੇ ਵੀ ਸੰਬੋਧਨ ਕੀਤਾ।