ਅਸ਼ੋਕ ਵਰਮਾ
ਬਠਿੰਡਾ,8ਅਕਤੂਬਰ2020। ਆਮ ਲੋਕਾਂ ਦੇ ਵਿੱਚ ਕੋਵਿਡ-19 ਸਬੰਧੀ ਫੈਲੀਆਂ ਅਫਵਾਹਾਂ ਪ੍ਰਤੀ ਜਾਗਰੂਕਤਾ ਅਤੇ ਸੈਂਪਲ ਦੇ ਕੇ ਟੈਸਟ ਕਰਵਾਉਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਸ਼ਹਿਰੀ ਅਤੇ ਪਿੰਡ ਪੱਧਰ ਤੇ ਲੋਕਾਂ ਨੂੰ ਹਿੱਸੇਦਾਰ ਬਨਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ।ਇਸ ਗੱਲ ਦਾ ਪ੍ਰਗਟਾਵਾ ਅੱਜ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਦੀਪ ਸਿੰਘ ਨੇ ਸਿਵਲ ਸਰਜਨ ਦਫਤਰ ਵਿਖੇ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਬਠਿੰਡਾ ਜ਼ਿਲੇ ਹੇਠ ਆਉਂਦੇ ਸਿਹਤ ਵਿਭਾਗ ਦੇ ਸਾਰੇ ਬਲਾਕਾਂ ਦੇ ਬਲਾਕ ਐਜ਼ੁਕੇਟਰਾਂ ਸਮੇਤ ਸਿਹਤ ਸੁਪਰਵਾਇਜਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਹੈ।
ਜ਼ਿਲਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਇਨਾਂ ਕਮੇਟੀਆਂ ਵਿੱਚ ਸਿਹਤ ਕਰਮਚਾਰੀਆਂ ਤੋਂ ਇਲਾਵਾ ਸਰਪੰਚ, ਅਧਿਆਪਕ , ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ, ਧਾਰਮਿਕ ਆਗੂ ਸਮੇਤ ਇਲਾਕੇ ਦੇ ਪਤਵੰਤੇ ਵਿਅਕਤੀ ਸ਼ਾਮਲ ਹੋਣਗੇ । ਉਨਾਂ ਦੱਸਿਆ ਕਿ ਇਨਾਂ ਕਮੇਟੀਆਂ ਦਾ ਮੁੱਖ ਮੰਤਵ ਕੋਰੋਨਾ ਮਹਾਂਮਾਰੀ ਵਰਗੀ ਲਾਗ ਨੂੰ ਆਮ ਲੋਕਾਂ ਵਿੱਚ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਜਾਗਰੂਕ ਕਰਨਾ ਹੈ । ਉਨਾ ਦੱਸਿਆ ਕਿ ਇਹ ਕਮੇਟੀਆਂ ਕੋਰੋਨਾ ਬਾਰੇ ਫੈਲੀਆਂ ਅਫਵਾਹਾਂ ਅਤੇ ਗਲਤ ਧਾਰਨਾਵਾਂ ਤੋਂ ਵੀ ਲੋਕਾਂ ਨੂੰ ਜਾਣੂੰ ਕਰਵਾਉਣਗੀਆਂ ।
ਉਨਾਂ ਦੱਸਿਆ ਕਿ ਭਾਈਚਾਰਿਆਂ ਕੋਰੋਨਾ ਟੈਸਟਿੰਗ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜ਼ੋ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਟੈਸਟ ਕਰਵਾਉਣ ਅਤੇ ਹੋਰ ਲੋਕਾਂ ਨੂੰ ਵੀ ਆਪਣੀ ਪੱਧਰ ਤੇ ਜਾਗਰੂਕ ਕਰਨ ।ਇਸ ਮੁਹਿੰਮ ਦੌਰਾਨ ਲੋਕਾਂ ਨੂੰ ਮਾਸਕ ਪਹਿਨਣ ਦੀ ਮਹੱਤਤਾ, ਸ਼ੋਸ਼ਲ ਡਿਸਟੈਸਿੰਗ, ਅਤੇ ਸੈਨੇਟਾਇਜ਼ ਦੀ ਵਰਤੋਂ ਅਤੇ ਹੱਥਾਂ ਨੂੰ ਧੋਣ ਦੀ ਵਿਧੀ ਬਾਰੇ ਵੀ ਦੱਸਿਆ ਜਾਵੇਗਾ ।ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਵੱਲੋਂ ਵੀ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਗਈ ।