ਅਸ਼ੋਕ ਵਰਮਾ
ਬਠਿੰਡਾ,8ਅਕਤੂਬਰ2020। ਬਠਿੰਡਾ ਜਿਲੇ ਦੇ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਹਮੀਰਗੜ ’ਚ ਇੱਕ ਪਿਤਾ ਵੱਲੋਂ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਫਾਹਾ ਦੇਕੇ ਮਾਰਨ ਤੋਂ ਬਾਅਦ ਖੁਦਕਸ਼ੀ ਕਰਨ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਘਟਨਾਂ ਦੀ ਸੂਚਨਾ ਮਿਲਣ ’ਤੇ ਡੀਐਸਪੀ ਫੂਲ ਜਸਬੀਰ ਸਿੰਘ ਅਤੇ ਥਾਣਾ ਦਿਆਲਪੁਰਾ ਭਾਈ ਪੁਲਿਸ ਮੌਕੇ ਤੇ ਪੁੱਜੀ ਅਤੇ ਸਥਿਤੀ ਦਾ ਜਾਇਜਾ ਲਿਆ। ਪੁਲਿਸ ਨੇ ਲਾਸ਼ਾਂ ਕਬਜੇ ’ਚ ਲੈ ਲਈਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੁਦਕਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਬੇਅੰਤ ਸਿੰਘ ਪੁੱਤਰ ਗੁਰਦੇਵ ਸਿੰਘ ਵਜੋਂ ਹੋਈ ਹੈ ਜਿਸ ਨੇ ਖੁਦਕਸ਼ੀਂ ਪਹਿਲਾਂ 8 ਪੰਨਿਆਂ ਦਾ ਖੁਦਕਸ਼ੀ ਨੋਟ ਵੀ ਲਿਖਿਆ ਹੈ । ਖੁਦਕਸ਼ੀ ਨੋਟ ’ਚ ਉਸ ਨੇ ਇਸ ਕਾਂਡ ਲਈ ਪਤਨੀ ਦੀ ਮੌਤ ਪਿੱਛੋਂ ਬਣੇ ਹਾਲਾਤਾਂ ਨੂੰ ਜਿੰਮੇਵਾਰ ਦੱਸਿਆ ਹੈ।
ਬੇਅੰਤ ਸਿੰਘ ਜੱਟ ਸਿੱਖ ਪ੍ਰੀਵਾਰ ਨਾਲ ਸਬੰਧ ਰੱਖਦਾ ਸੀ ਅਤੇ ਬੇਜਮੀਨਾ ਸੀ। ਆਪਣੇ ਘਰ ਦਾ ਗੁਜਾਰਾ ਚਲਾਉਣ ਲਈ ਮਿਹਨਤ ਮਜਦੂਰੀ ਕਰਦਾ ਸੀ। ਮੁਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਘਰ ਦੀ ਗਰੀਬੀ ਅਤੇ ਪਤਨੀ ਦੀ ਮੌਤ ਕਾਰਨ ਉਸ ਨੇ ਸਿਰੇ ਦਾ ਖਤਰਨਾਕ ਕਦਮ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਇਹ ਵਿਉਂਤਬੰਦੀ ਕਾਫੀ ਪਹਿਲਾਂ ਹੀ ਕਰ ਲਈ ਸੀ ਕਿਉਂਕਿ ਐਨਾਂ ਲੰਮਾਂ ਖੁਦਕਸ਼ੀ ਨੋਟ ਇਕਦਮ ਲਿਖਣਾ ਸੰਭਵ ਨਹੀਂ ਹੈ। ਪਿੰਡ ਹਮੀਰਗੜ ’ਚ ਵਾਪਰੇ ਇਸ ਕਾਂਡ ਨੂੰ ਲੈਕੇ ਮਹੌਲ ਕਾਫੀ ਗਮਗੀਨ ਬਣਿਆ ਹੋਇਆ ਹੈ। ਪਿੰਡ ਵਾਸੀ ਤੇ ਰਾਜਸੀ ਆਗੂ ਅਜੈਬ ਸਿੰਘ ਹਮੀਰਗੜ ਦਾ ਕਹਿਣਾ ਸੀ ਕਿ ਸਮਾਜ ਲਈ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ।
ਵੇਰਵਿਆਂ ਅਨੁਸਾਰ ਬੇਅੰਤ ਸਿੰਘ ਦੇ ਤਿੰਨ ਬੱਚੇ ਸਨ ਜਿੰਨਾਂ ਚੋਂ ਵੱਡਾ ਪ੍ਰਭਜੋਤ ਸਿੰਘ (7) ਲੜਕੀ ਸੁਖਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਸਾਲ ਦੀ ਸੀ ਜਿੰਨਾਂ ਨੂੰ ਬੇਅੰਤ ਸਿੰਘ ਨੇ ਪਹਿਲਾਂ ਫਾਹਾ ਦੇ ਦਿੱਤਾ ਅਤੇ ਬਾਅਦ ’ਚ ਖੁਦ ਆਤਮ ਹੱਤਿਆ ਕਰ ਲਈ। ਉਸ ਦੀ ਪਤਨੀ ਲਵਪ੍ਰੀਤ ਕੌਰ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪਤਨੀ ਦੀ ਮੌਤ ਉਪਰੰਤ ਉਹ ਮਾਨਸਿਕ ਤੌਰ ਤੇ ਕਾਫੀ ਸਦਮੇ ’ਚ ਰਹਿੰਦਾ ਸੀ। ਉੱਪਰੋਂ ਘਰ ਦੀ ਗੁਰਬਤ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਨੇ ਉਸ ਨੂੰ ਅੰਦਰੋਂ ਬੁਰੀ ਤਰਾਂ ਝੰਬ ਦਿੱਤਾ ਸੀ। ਪੜਿਆ ਲਿਖਿਆ ਹੋਣ ਕਾਰਨ ਖੁਦਕਸ਼ੀ ਨੋਟ ’ਚ ਉਸ ਨੇ ਅੰਗਰੇਜੀ ਭਾਸ਼ਾ ’ਚ ਆਪਣੀ ਪਤਨੀ ਨਾਲ ਬੇਹੱਦ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ। ਉਸ ਨੇ ਇੱਕ ਸਫੇ ਤੇ ਆਪਣੀ ਪਤਨੀ ਲਈ ਕਵਿਤਾ ਵੀ ਲਿਖੀ ਹੈ ਜਿਸ ’ਚ ਉਸ ਨੇ ਪਤਨੀ ਦੇ ਚਲੇ ਜਾਣ ਦਾ ਗਮ ਬਿਆਨ ਕੀਤਾ ਹੈ।
ਖੁਦਕਸ਼ੀ ਨੋਟ ’ਚ ਉਸ ਨੇ ਅੱਜ ਦੀ ਘਟਨਾ ਸਬੰਧੀ ਇਸ਼ਾਰਾ ਵੀ ਕੀਤਾ ਹੈ । ਉਹ ਲਿਖਦਾ ਹੈ ਕਿ ਆਪਣੇ ਹੱਥੀਂ ਨਿੱਕੀਆਂ ਜਿੰਦਾਂ ਨੂੰ ਦੁੱਖ ਦੇਣੇ ਪੈ ਗਏ ਹਨ। ਉਸਨੇ ਲਿਖਿਆ ਹੈ ਕਿ ਪਤਨੀ ਦੀ ਮੌਤ ਪਿੱਛੋਂ ਸਭ ਕੁੱਝ ਖਤਮ ਹੋ ਗਿਆ। ਉਸ ਨੇ ਉਸ ਦਿਨ ਹੀ ਮਿਥ ਲਿਆ ਸੀ ਕਿ ਮੈਂ ਉਸ ਦੇ ਮਗਰ ਹੀ ਜਾਵਾਂਗਾ। ਨੋਟ ’ਚ ਉਸ ਨੇ ਗਿਲਾ ਜਤਾਇਆ ਹੈ ਕਿ ਕਿਸੇ ਨੇ ਉਸ ਦੀ ਬਾਤ ਵੀ ਨਹੀਂ ਪੁੱਛੀ ਹੈ। ਉਨੇ ਆਪਣੇ ਕਮਾਈ ਵਗੈਰਾ ਗੁਰਦਵਾਰੇ ਨੂੰ ਦਾਨ ਕਰਨ ਦੀ ਇੱਛਾ ਜਤਾਈ ਹੈ। ਉਸ ਨੇ ਆਪਣੇ ਸਹੁਰੇ ਪ੍ਰੀਵਾਰ ਨਾਲ ਕੁੜੱਤਣ ਦਾ ਜਿਕਰ ਵੀ ਕੀਤਾ ਹੈ। ਖੁਦਕਸ਼ੀ ਨੋਟ ਵਿੱਚ ਬੇਅੰਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਤੇ ਵੀ ਗਿਲਾ ਜਤਾਇਆ ਹੈ ਕਿ ਉਨਾਂ ਨੇ ਬੇਹੱਦ ਔਕੜਾਂ ਭਰੇ ਸਮੇਂ ’ਚ ਵੀ ਉਸ ਦੀ ਬਾਂਹ ਨਹੀਂ ਫੜੀ ਹੈ।
ਬੇਅੰਤ ਸਿੰਘ ਖਿਲਾਫ ਕੇਸ ਦਰਜ: ਜਾਂਚ ਅਧਿਕਾਰੀ
ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਦਿਆਲਪੁਰਾ ਦੇ ਸਬ ਇੰਸਪੈਕਟਰ ਮਲਕੀਤ ਸਿੰਘ ਦਾ ਕਹਿਣਾ ਸੀ ਕਿ ਬੇਅੰਤ ਸਿੰਘ ਨੇ ਪਹਿਲਾਂ ਤਿੰਨਾਂ ਬੱਚਿਆਂ ਦੀ ਹੱਤਿਆ ਕਰ ਦਿੱਤੀ ਤੇ ਬਾਅਦ ’ਚ ਖੁਦ ਫਾਹਾ ਲੈ ਲਿਆ। ਉਨਾਂ ਦੱਸਿਆ ਕਿ ਕਤਲ ਮਾਮਲੇ ’ਚ ਬੇਅੰਤ ਸਿੰਘ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾਏਗਾ ਜਦੋਂਕਿ ਬਾਅਦ ’ਚ ਧਾਰਾ 174 ਦੀ ਕਾਰਵਾਈ ਕੀਤੀ ਜਾਏਗੀ। ਉਨਾਂ ਦੱਸਿਆ ਕਿ ਮਿ੍ਰਤਕ ਪਤਨੀ ਦੇ ਚਲੇ ਜਾਣ ਕਾਰਨ ਕਾਫੀ ਸਦਮੇ ’ਚ ਸੀ ਜਿਸ ਕਾਰਨ ਇਹ ਘਟਨਾਂ ਵਾਪਰੀ ਹੈ। ਉਨਾਂ ਆਖਿਆ ਕਿ ਫਿਰ ਵੀ ਮਾਮਲੇ ਦੀ ਪੜਤਾਲ ਕੀਤੀ ਜਾਏਗੀ।