ਅਸ਼ੋਕ ਵਰਮਾ
ਚੰਡੀਗੜ 8 ਅਕਤੂਬਰ 2020।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਹਰਿਆਣਾ ਵਿਖੇ ਨਿਆਂ ਸੰਗਤ ਮੰਗਾਂ ਦੀ ਪ੍ਰਾਪਤੀ ਲਈ ਜਮਹੂਰੀ ਲੀਹਾਂ ’ਤੇ ਚੱਲ ਰਹੇ ਸੂਬੇ ਦੇ ਸਾਂਝੇ ਕਿਸਾਨ ਘੋਲ ਨੂੰ ਜਾਬਰ ਹਥਕੰਡਿਆਂ ਰਾਹੀਂ ਦਬਾਉਣ ਨੂੰ ਲੈਕੇ ਖੱਟਰ ਸਰਕਾਰ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਇਸ ਹਿਟਲਰੀ ਪਹੁੰਚ ਦੀ ਜੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਨੇ ਇਸ ਜਾਬਰਾਨਾ ਨੀਤੀ ਵਿਰੁੱਧ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਗਏ 9 ਅਕਤੂਬਰ ਨੂੰ ਦੋ ਘੰਟਿਆਂ ਦੇ ਸੜਕੀ ਆਵਾਜਾਈ ਜਾਮ ਦੇ ਸੱਦੇ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ । ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਇੱਕ ਬਿਆਨ ਰਾਹੀਂ ਕਿਸਾਨ ਸੰਗਠਨਾਂ ਦੀ ਗੱਲ ਸੰਜੀਦਗੀ ਨਾਲ ਸੁਣ- ਕੇ ਆਪਣੇ ਤਬਾਹਕੁੰਨ ਕਾਨੂੰਨਾਂ ਨੂੰ ਮਨਸੂਖ਼ ਕਰਨ ਦੀ ਬਜਾਇ ਟਰਕਾਊ ਰਵੱਈਆ ਅਖਤਿਆਰ ਕਰਨ ਅਤੇ ਕਿਸਾਨ ਘੋਲ ਨੂੰ ਗੁੰਮਰਾਹਕੁੰਨ ਨਾਅਰਿਆਂ ਰਾਹੀਂ ਫੇਲ ਕਰਨ ਦੀਆਂ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਪਛਾੜਨ ਦਾ ਸੱਦਾ ਦਿੱਤਾ ਦਿੱਤਾ ਹੈ।
ਸਾਥੀ ਪਾਸਲਾ ਅਤੇ ਜਾਮਾਰਾਏ ਨੇ ਉੱਪਰ ਪ੍ਰਦੇਸ਼ ਦੀ ਯੋਗੀ ਸਰਕਾਰ ਅਤੇ ਸੰਘ ਭਾਜਪਾ ਆਗੂਆਂ ਵਲੋਂ ਦਿਲ ਦਹਿਲਾ ਦੇਣ ਵਾਲੇ ਹਾਥਰਸ ਦਰਿੰਦਗੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ, ਇਸ ਘਟਣਾ ਨੂੰ ਬੇਪਰਦ ਕਰਨ ਵਾਲੇ ਪੱਤਰਕਾਰਾਂ ਅਤੇ ਕਾਰਕੁੰਨਾਂ ਖਿਲਾਫ ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਅਤੇ ਪੀੜਤ ਲੜਕੀ ਦੇ ਪਰਿਵਾਰ ਤੇ ਮਦਦਗਾਰਾਂ ਦੀ ਜੁਬਾਨਬੰਦੀ ਦੇ ਕੋਝੇ ਯਤਨਾਂ ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਮੰਨੂਵਾਦੀ ਮਾਨਸਿਕਤਾ ਅਧੀਨ ਕੀਤੇ ਗਏ ਅਮਾਨਵੀ ਕਾਰੇ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਵੀ ਐਲਾਨ ਕੀਤਾ ਗਿਆ ਹੈ।ਕਿਸਾਨ ਸੰਘਰਸ਼ ਦੀ ਸੁਚੱਜੀ ਅਗਵਾਈ ਕਰ ਰਹੀਆਂ ਜੱਥੇਬੰਦੀਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਧਮਕੀ ਭਰਪੂਰ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਦੋਹਾਂ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ’ਤੇ ਫੌਰੀ ਅਮਲ ਕਰਨ।
ਲੋਕ ਸੰਘਰਸ਼ਾਂ ਨੂੰ ਬਸਤੀਵਾਦੀ ਸ਼ਾਸ਼ਨ ਵੇਲੇ ਦੇ ਢੰਗ-ਤਰੀਕੇ ਕਹਿਣ ਦੇ ਅਦਾਲਤੀ ਫੈਸਲੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਸਾਥੀ ਪਾਸਲਾ ਅਤੇ ਜਾਮਾਰਾਏ ਨੇ ਕਿਹਾ ਕਿ ਇਕ ਲੋਕ ਤੰਤਰਿਕ ਦੇਸ਼ ਵਿਚ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਸਰਕਾਰਾਂ ਵਲੋਂ ਵਰਤੇ ਜਾਂਦੇ ਬਸਤੀਵਾਦੀ ਜਾਬਰ ਹੱਥਕੰਡੇ ਅਤੇ ਲਾਗੂ ਕੀਤੇ ਜਾ ਰਹੇ ਬਸਤੀਵਾਦੀ ਕਾਨੂੰਨਾਂ ਨਿਆਂ ਪ੍ਰਣਾਲੀ ਦੀ ਫਿਕਰਮੰਦੀ ਹੋਣੇ ਚਾਹੀਦੇ ਹਨ। ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇ ਪੀ ਐਮ ਓ) ਦੇ ਸੂਬਾਈ ਕਨਵੀਨਰਾਂ ਸਾਥੀ ਗੁਰਨਾਮ ਸਿੰਘ ਦਾਊਦ, ਨੱਥਾ ਸਿੰਘ ਡਡਵਾਲ, ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਬਟਾਲਾ, ਪਰਮਜੀਤ ਸਿੰਘ ਨੇ ਦਸਿਆ ਕਿ ਮੰਚ ਵਿੱਚ ਸ਼ਾਮਲ ਜੱਥੇਬੰਦੀਆਂ ਸੀਟੀਯੂ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਜਨਵਾਦੀ ਇਸਤਰੀ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਕਾਰਕੁੰਨ ਵੀ ਭਲਕੇ ਦੇ ਸੜਕ ਰੋਕੋ ਐਕਸ਼ਨ ਵਿੱਚ ਪੂਰੀ ਸ਼ਕਤੀ ਨਾਲ ਸ਼ਮੂਲੀਅਤ ਕਰਨਗੇ।