(ਹਰਜੀਤ ਲਸਾੜਾ, ਬ੍ਰਿਸਬੇਨ 8 ਅਕਤੂਬਰ)
ਆਸਟ੍ਰੇਲੀਆ ‘ਚ ਅੰਤਰਰਾਸ਼ਟਰੀ ਆਵਾਜਾਈ ਤੇ ਲੱਗੀ ਹੱਦਬੰਦੀ ਦੇ ਚਲਦਿਆਂ ਸੋਸ਼ਲ ਮੀਡੀਆ ਰਾਹੀਂ ਨਿੰਦਾ ਕਰਦਿਆਂ ਲੇਬਰ ਪਾਰਟੀ ਸੈਨੇਟਰ ਕ੍ਰਿਸਟਿਨਾ ਕੇਨੇਲੀ ਨੇ ਕਿਹਾ ਕਿ ਮੌਰੀਸਨ ਸਰਕਾਰ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵੀਜ਼ਾ ਧਾਰਕਾਂ ਤੋਂ ਪਹਿਲਾਂ ਕਾਰੋਬਾਰੀ ਲੋਕਾਂ ਨੂੰ ਦੇਸ਼ ਵਿਚ ਦਾਖ਼ਲ ਹੋਣ ਨੂੰ ਤਰਜੀਹ ਦੇ ਰਹੀ ਹੈ, ਜਦਕਿ ਇਸ ਵੇਲ਼ੇ ਬਾਹਰ ਫ਼ਸੇ ਤਕਰੀਬਨ 26,800 ਆਸਟ੍ਰੇਲੀਅਨ ਵਾਪਸ ਦੇਸ਼ ਮੁੜਨ ਵਿੱਚ ਅਸਮਰੱਥ ਹਨ। ਆਸਟ੍ਰੇਲੀਅਨ ਬਾਰਡਰ ਫੋਰਸ ਦੇ ਕਮਿਸ਼ਨਰ ਮਾਈਕਲ ਆਉਟਰਾਮ ਨੇ ਕੋਵਿਡ-19 ਸੈਨੇਟ ਕਮੇਟੀ ਨੂੰ ਦੱਸਿਆ ਕਿ ਭਾਵੇਂ ਅੰਤਰਰਾਸ਼ਟਰੀ ਆਵਾਜਾਈ ‘ਤੇ ਹਫ਼ਤਾਵਾਰੀ ਕੈਪ ਵਿੱਚ 1,600 ਸਥਾਨ ਵਧਾਏ ਗਏ ਨੇ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਬਾਹਰ ਫ਼ਸੇ ਆਸਟ੍ਰੇਲੀਅਨ ਨਾਗਰਿਕਾਂ ਜਾਂ ਸਥਾਈ ਵਸਨੀਕਾਂ ਨੂੰ ਇਨ੍ਹਾਂ ਸਥਾਨਾਂ ਨੂੰ ਅਲਾਟ ਕੀਤੇ ਜਾਣ ਵਿੱਚ ਕੋਈ ਤਰਜੀਹ ਦਿੱਤੀ ਜਾਵੇਗੀ। ਸ਼੍ਰੀ ਆਉਟਰਾਮ ਨੇ ਕਿਹਾ ਕਿ ਕਾਰੋਬਾਰੀ ਵੀਜ਼ਾ ਧਾਰਕ (ਉਪ-ਕਲਾਸ 188), ਜੋ ਕੀ ਖ਼ਾਸ ਛੋਟ ਸ਼੍ਰੇਣੀ ਅਧੀਨ ਆਉਂਦੇ ਹਨ, ਅੰਤਰਰਾਸ਼ਟਰੀ ਆਮਦ ਹੱਦਬੰਦੀ ਦੇ ਅਧੀਨ ਨਿਰਧਾਰਤ ਕੀਤੇ ਗਏ ਸਥਾਨਾਂ ਨੂੰ ਲੈ ਸਕਦੇ ਹਨ ਜਿਸਦੇ ਚਲਦਿਆਂ ਆਸਟ੍ਰੇਲੀਅਨ ਨਾਗਰੀਕਾਂ ਨੂੰ ਵਾਪਸ ਪਹੁੰਚਣ ਵਿੱਚ ਹੋਰ ਦੇਰ ਲਗ ਸਕਦੀ ਹੈ। ਗੌਰਤਲਬ ਹੈ ਕਿ ਹੱਦਬੰਦੀ ਨੀਤੀਆਂ ਅਧੀਨ ਅਲਾਟ ਕੀਤੇ ਜਾ ਰਹੇ ਸਥਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਬੁਨਿਆਦੀ ਢਾਂਚਾ, ਟ੍ਰਾਂਸਪੋਰਟ, ਸ਼ਹਿਰਾਂ ਅਤੇ ਖੇਤਰੀ ਵਿਕਾਸ ਵਿਭਾਗ ਦੇ ਸੈਕਟਰੀ ਸਾਈਮਨ ਐਟਕਿਨਸਨ ਨੇ ਸੈਨੇਟ ਕਮੇਟੀ ਨੂੰ ਦੱਸਿਆ ਕਿ “ਇਹ ਆਉਣ ਵਾਲੀਆਂ ਉਡਾਣਾਂ ਵਿੱਚ ਬਰਾਬਰ ਤਕਸੀਮ ਕੀਤਾ ਜਾਂਦਾ ਹੈ।”