13.1 C
United Kingdom
Sunday, June 7, 2026

More

    ਔਖੇ ਹੋਣ ਗੁਜਾਰੇ ਸਭ ਦੇ

    ਰਜਨੀ ਵਾਲੀਆ
    ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
    ਕਰਦਾ ਕਿਉਂ ਕਮਾਈਆਂ ਨਹੀਂ |
    ਮਿਹਨਤ ਕਰਕੇ ਖਾਣੀ ਸਿੱਖ ਵੇ,
    ਮਿਲਦੀਆਂ ਇੰਝ ਵਡਿਆਈਆਂ ਨਹੀਂ |
    ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
    ਕਰਦਾ ਕਿਉਂ ਕਮਾਈਆਂ ਨਹੀਂ |

    ਹੱਥੀਂ ਕਰਕੇ ਕਿਰਤਾਂ ਖਾਈਏ,
    ਰੱਖੀਏ ਨਾ ਝਾਕ ਪਰਾਈ ਤੇ |
    ਬਰਕਤ ਮਾਲਕ ਪਾਵਣ ਵਾਲਾ,
    ਸਦਾ ਕੀਤੀ ਹੋਈ ਕਮਾਈ ਤੇ |
    ਕਰ ਸਕਦੈਂ ਤੂੰ ਸਭ ਕੁਝ ਹੱਥਾਂ ਨਾਲ,
    ਤੇਰੀ ਧੌਣ ਵੇ ਹੱਥ ਕਸਾਈਆਂ ਨਹੀਂ |
    ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
    ਕਰਦਾ ਕਿਉਂ ਕਮਾਈਆਂ ਨਹੀਂ |

    ਦੋਸ਼ ਹੋਰਾਂ ਸਿਰ ਮੜ੍ਹਦਾ ਰਹੇਂ,
    ਤੂੰ ਆਪਣੀ ਨਿੱਤ ਕਮਜੋਰੀ ਦਾ |
    ਭੇਦ ਕਿਸੇ ਨੂੰ ਦਿੰਦਾ ਨਹੀਂ ਤੂੰ,
    ਵੇ ਦਿਲ ਅੰਦਰ ਦੀ ਚੋਰੀ ਦਾ |
    ਜੇ ਤੁਰੇਂਗਾ ਮੰਜਿਲ ਪਾ ਲਵੇਂਗਾ,
    ਅੱਗੇ ਖੂਹ ਤੇ ਪਿੱਛੇ ਖਾਈਆਂ ਨਹੀਂ |
    ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
    ਕਰਦਾ ਕਿਉਂ ਕਮਾਈਆਂ ਨਹੀਂ |

    ਸਭ ਤੋਂ ਵੱਡਾ ਐਬ ਤੇਰੇ ਵਿੱਚ,
    ਰੱਖੇਂ ਵੇ ਸੋਚ ਸਦਾ ਕਿਉਂ ਮਾੜੀ |
    ਇੱਕ ਦਿਨ ਡਾਢੇ ਹੱਥੋਂ ਕੁਕਰਮਾਂ,
    ਦੀ ਚਾਦਰ ਜਾਂਦੀ ਏ ਪਾੜੀ |
    ਉਸਨੂੰ ਖੂਬ ਨਿਵਾਜੇ ਮਾਲਕ,
    ਭੁੱਲਦਾ ਜੋ ਕਦੇ ਖੁਦਾਈਆਂ ਨਹੀਂ |
    ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
    ਕਰਦਾ ਕਿਉਂ ਕਮਾਈਆਂ ਨਹੀਂ |

    ਜਦ ਵੀ ਹੋਰਾਂ ਦਿਆਂ ਬਾਲਾਂ ਦੀ,
    ਤੂੰ ਰੋਟੀ ਦੇ ਵੱਲ ਤੱਕਦਾ ਏਂ |
    ਰਿਜ਼ਕ ਹੋਰਾਂ ਦਾ ਪਤਾ ਨਹੀਂ ਕਿਵੇਂ,
    ਆਪਣੇਂ ਮੂੰਹ ਨਾਲ ਫੱਕਦਾ ਏਂ |
    ਅਸਾਂ ਰੀਝਾਂ ਮਾਰਕੇ ਹੋਰਾਂ ਦੀਆਂ,
    ਕਦੇ ਤਲੀਆਂ ਹੇਠ ਦਬਾਈਆਂ ਨਹੀਂ |
    ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
    ਕਰਦਾ ਕਿਉਂ ਕਮਾਈਆਂ ਨਹੀਂ |

    ਤੂੰ ਇੱਕ ਦਿਨ ਕਰਕੇ ਦੇਖੀਂ ਮਿਹਨਤ,
    ਤੇ ਖਾ ਕੇ ਵੇਖੀਂ ਹੱਕ ਹਲਾਲ ਦੀ |
    ਵੇ ਤੈਨੂੰ ਕਿਸੇ ਵੀ ਦਰੋਂ ਨਹੀਂ ਮਿਲਣੀ,
    ਕਦੇ ਰੋਟੀ ਉਹਦੇ ਨਾਲ ਦੀ |
    ਤੈਨੂੰ ਮੌਤ ਨੇ ਜਿਸ ਦਿਨ ਲਿਆ ਕਲਾਵੇ,
    ਉਸ ਦਿਨ ਜਾਣਾ ਏ ਸੁਣਵਾਈਆਂ ਲਈ |
    ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
    ਕਰਦਾ ਕਿਉਂ ਕਮਾਈਆਂ ਨਹੀਂ |

    ਰਜਨੀ ਹੱਕ ਹਲਾਲ ਦੀ ਖਾਵੇ ਆਪਣੇਂ,
    ਹੱਕ ਦਾ ਸਭ ਕੁਝ ਮੰਗਦੀ ਏ |
    ਕਾਲੇ ਦਿਲ ਤੇ ਕੋਝੀਆਂ ਸੋਚਾਂ ,
    ਵਾਲਿਆਂ ਨੂੰ ਛਿੱਕੇ ਟੰਗਦੀ ਏ |
    ਚੰਗਾ ਕਰਨਾ ਤੇ ਚੰਗਾ ਲੈਣਾ,
    ਜਾਣਦੀ ਉਹ ਗਹਿਰਾਈਆਂ ਨਹੀਂ |
    ਔਖੇ ਹੋਣ ਗੁਜਾਰੇ ਸਭ ਦੇ ਤੂੰ ਹੱਥੀਂ,
    ਕਰਦਾ ਕਿਉਂ ਕਮਾਈਆਂ ਨਹੀਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!