7.5 C
United Kingdom
Sunday, March 8, 2026

More

    ਹਰਸਿਮਰਤ ਵੱਲੋਂ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਲੜਾਈ ਲੜਨ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ,1ਅਕਤੂਬਰ2020। ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਨੂੰ ਕਾਲੇ ਕਰਾਰ ਦਿੰਦਿਆਂ ਇੰਨ ਦੀ ਵਾਪਸੀ ਤੱਕ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸੰਸਦ ਮੈਂਬਰ ਪਿੰਡ ਬਾਦਲ ਤੋਂ ਚੱਲ ਕੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੇ ਸਨ ਜਿੱਥੇ ਉਨਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਮਾਰਚ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਪਿਡ ਬਾਦਲ ਵਿਖੇ ਵੱਡੀ ਗਿਣਤੀ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਬੀਬੀ ਬਾਦਲ ਨੂੰ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਮੋਢੇ ਨਾਲ ਮੋਢਾ ਜੋੜ ਕੇ ਲੜਨ ਦਾ ਵਿਸ਼ਵਾਸ਼ ਦਿਵਾਇਆ। ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਕਿਸਾਨ ਮਾਰੂ ਕਾਨੂੰਨਾਂ ਦੇ ਖੇਤੀ ਖੇਤਰ ਦੇ ਨਾਲ ਨਾਲ ਸਮਾਜ ਦ ਹਰ ਵਰਗ ਲਈ ਤਬਾਹਕੁੰਨ ਸਿੱਟੇ ਨਿੱਕਲਣਗੇ।
                             ਉਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਦੀ ਲੜਾਈ ਲੜੀ ਹੈ ਇਸ ਲਈ ਹੁਣ ਨਵੇਂ ਕਾਨੂੰਨਾਂ ਖਿਲਾਫ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਸ਼ੁਰੂਆਤ ਅੱਜ ਅਰਦਾਸ ਕਰਨ ਉਪਰੰਤ ਕੀਤੀ ਗਈ ਹੈ। ਉਨਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ,ਮਜਦੂਰਾਂ,ਵਪਾਰੀਆਂ ਅਤੇ ਹੋਰ ਵਰਗਾਂ ਨੂੰ ਤਬਾਹ ਕਰਨ ਵਾਲੇ ਬਿੱਲ ਲੈ ਆਂਦੇ ਤਾਂ ਉਹ ਫੌਰੀ ਤੌਰ ਤੇ ਵਜ਼ੀਰੀ ਨੂੰ ਠੋਕਰ ਮਾਰ ਕੇ ਪੰਜਾਬ ਦੇ ਲੋਕਾਂ ਨਾਲ ਖੜ ਗਏ ਹਨ। ਬੀਬਾ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਜੜਾਂ ਹਿਲਾਉਣ ਲਈ ਕੀਤਾ ਜਾ ਰਿਹਾ ਇਹ ਰੋਸ ਮਾਰਚ ਤਲਵੰਡੀ ਸਾਬੋ ਤੋਂ ਚੱਲ ਕੇ ਵਾਇਆ ਮੌੜ ਮੰਡੀ, ਰਾਮਪੁਰਾ, ਤਪਾ, ਬਰਨਾਲਾ, ਸੰਗਰੂਰ, ਭਵਾਨੀਗੜ ਹੁੰਦਾ ਹੋਇਆ ਪਟਿਆਲਾ, ਰਾਜਪੁਰਾ ਅਤੇ ਜੀਰਕਪੁਰ ਰਾਹੀਂ ਚੰਡੀਗੜ ਪਹੁੰਚੇਗਾ ਜਿਸ ਵਿੱਚ ਲਗਭਗ 40 ਹਜ਼ਾਰ ਵਾਹਨ ਸ਼ਾਮਿਲ ਹੋਣਗੇ।
                                     ਉਹਨਾਂ ਕਿਹਾ ਕਿ ਤਿੰਨੇ ਮਾਰਚ ਰਾਜਭਵਨ ਜਾਣਗੇ ਜਿੱਥੇ ਪੰਜਾਬ ਦੇ ਰਾਜਪਾਲ ਬੀ ਪੀ ਸਿੰਘ ਬਦਨੌਰ ਨੂੰ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਜਾਵੇਗਾ।  ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਬਿੱਲ ਧੱਕੇ ਨਾਲ ਪਾਸ ਕੀਤੇ ਹਨ, ਜਿਨਾਂ ਨੂੰ ਵਾਪਿਸ ਕਰਵਾਕੇ ਹੀ ਪਿੱਛੇ ਹਟਿਆ ਜਾਏਗਾ। ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ,ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਜਗਮੀਤ ਬਰਾੜ, ਮੈਂਬਰ ਐਸਜੀਪੀਸੀ ਮੋਹਨ ਸਿੰਘ ਬੰਗੀ, ਅਤੇ ਹੋਰ ਪਾਰਟੀ ਆਗੂ ਸ਼ਾਮਲ ਸਨ ਜਿੰਨਾਂ ਦੇ ਨਾਲ ਗਿਣਤੀ ਪਾਰਟੀ ਆਗੂ ਤੇ ਵਰਕਰਾਂ ਨੇ ਅਕਾਲੀ ਦਲ ਦੇ ਕਿਸਾਨ ਮਾਰਚ ਵਿੱਚ ਸੈਂਕੜੇ ਵਾਹਨਾਂ ਰਾਹੀਂ ਸ਼ਮੂਲੀਅਤ ਕੀਤੀ।
     
              ਸਰੂਪ ਸਿੰਗਲਾ ਦੀ ਅਗਵਾਈ ’ਚ ਪੁੱਜਿਆ ਜੱਥਾ
    ਚਧਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ 300 ਤੋਂ ਵੱਧ ਗੱਡੀਆਂ ਦਾ ਜੱਥਾ ਹਰਸਿਮਰਤ ਕੌਰ ਬਾਦਲ ਦੇ ਕਾਫਲੇ ’ਚ ਸ਼ਾਮਲ ਹੋਇਆ। ਇਸ ਮੌਕੇ ਸ਼ਹਿਰੀ ਅਕਾਲੀ ਦਲ ਦੇ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ੍ਰੀ ਸਿੰਗਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾ ਕੇ ਕਾਰਪੋਰੇਟ ਕੰਪਨੀਆਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਖੁੱਲ ਦੇ ਦਿੱਤੀ ਹੈ। ਉਨਾਂ ਆਖਿਆ ਕਿ ਪ੍ਰਧਾਨ ਮੰਤਰੀ ਆਖਦੇ ਆ ਰਹੇ ਹਨ ਕਿ ਇਸ ਨਾਲ ਕਿਸਾਨਾਂ ਨੂੰ ਅਜ਼ਾਦੀ ਦਿੱਤੀ ਗਈ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਕਿਸੇ ਵੀ ਸੂਬੇ ’ਚ ਆਪਣੀ ਜਿਣਸ ਵੇਚ ਸਕਦੇ ਸਨ ਤਾਂ ਇਸ ’ਚ ਨਵੀਂ ਕੀ ਗੱਲ ਹੈ। ਉਨਾਂ ਵੀ ਅਕਾਲੀ ਦਲ ਵੱਲੋਂ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ। ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸ਼ਹਿਰੀ ਪ੍ਰਧਾਨ  ਰਾਜਵਿੰਦਰ ਸਿੰਘ ਸਿੱਧੂ,ਪਾਰਟੀ ਦੇ ਬੁਲਾਰੇ ਚਮਕੌਰ ਮਾਨ, ਪ੍ਰੈਸ ਸਕੱਰ ਡਾ ਓਮ ਪ੍ਰਕਾਸ਼ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਇਸਤਰੀ ਵਿੰਗ ਦੀਆਂ ਆਗੂ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!