ਇਸਲਾਮਾਬਾਦ, ਪਾਕਿਸਤਾਨ – ਪੂਰਬੀ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੀ ਇੱਕ ਅਦਾਲਤ ਨੇ ਇੱਕ ਈਸਾਈ ਆਦਮੀ ਨੂੰ “ਕੁਫ਼ਰ” ਕਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਉਸਦੇ ਵਕੀਲ ਦਾ ਕਹਿਣਾ ਹੈ ਕਿ ਇਸ ਤਾਜ਼ਾ ਮਾਮਲੇ ਦੇ ਹਵਾਲੇ ਨਾਲ ਇਹ ਸਾਫ ਹੈ ਕਿ ਘੱਟ ਗਿਣਤੀਆਂ ਖਿਲਾਫ ਪਾਕਿਸਤਾਨ ਵਿੱਚ ਸਖਤ ਧਾਰਮਿਕ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਵਕੀਲ ਸੈਫ-ਉਲ-ਮਲੂਕ ਨੇ ਦੱਸਿਆ ਕਿ 37 ਸਾਲਾ ਆਸਿਫ ਪਰਵੇਜ਼ 2013 ਤੋਂ ਹਿਰਾਸਤ ਵਿੱਚ ਹੈ ਜਦੋਂ ਉਸ ਉੱਤੇ ਦੋਸ਼ ਲਾਇਆ ਗਿਆ ਸੀ ਕਿ ਉਸਨੇ ਕੰਮ ਉੱਤੇ ਇੱਕ ਸਾਬਕਾ ਸੁਪਰਵਾਈਜ਼ਰ ਨੂੰ ਇਸਲਾਮ ਵਿਰੁੱਧ ਗਾਲਾਂ ਕੱਢਣ ਦੇ ਸੰਦੇਸ਼ ਭੇਜੇ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਉਸ ਦੀ ਗਵਾਹੀ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਸ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਮੰਗਲਵਾਰ ਨੂੰ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਦਾ ਸ਼ਿਕਾਇਤ ਕਰਤਾ ਇਕ ਹੌਜ਼ਰੀ ਫੈਕਟਰੀ ਵਿਚ ਸੁਪਰਵਾਈਜ਼ਰ ਸੀ, ਜਿਥੇ ਆਸਿਫ ਉਸ ਦੇ ਅਧੀਨ ਕੰਮ ਕਰਦਾ ਸੀ। ਇਸਦੇ ਵਿਰੁੱਧ ਆਸਿਫ਼ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਹ ਆਦਮੀ ਉਸਨੂੰ ਇਸਲਾਮ ਧਰਮ ਧਾਰਨ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਉਸ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਉੱਪਰ ਉਸ ਆਦਮੀ ਨੂੰ ਕੁਫ਼ਰ ਦੇ ਟੈਕਸਟ ਸੁਨੇਹੇ ਭੇਜਣ ਦਾ ਦੋਸ਼ ਲਾਇਆ ਗਿਆ। ਪਾਕਿਸਤਾਨ ਵਿੱਚ ਕੁਫਰ ਦੇ ਕਾਨੂੰਨ ਇਸਲਾਮ ਦੇ ਪੈਗੰਬਰ ਮੁਹੰਮਦ ਦੀ ਬੇਇੱਜ਼ਤੀ ਕਰਨ ਦੇ ਜੁਰਮ ਲਈ ਲਾਜ਼ਮੀ ਮੌਤ ਦੀ ਸਜ਼ਾ ਅਤੇ ਇਸਲਾਮ, ਪਵਿੱਤਰ ਕੁਰਾਨ ਜਾਂ ਕੁਝ ਪਵਿੱਤਰ ਲੋਕਾਂ ਦੀ ਬੇਇੱਜ਼ਤੀ ਵਰਗੇ ਹੋਰ ਉਲੰਘਣਾ ਦੇ ਮਾਮਲਿਆਂ ਵਿੱਚ ਸਖਤ ਜੁਰਮਾਨੇ ਵੀ ਦਿੰਦੇ ਹਨ। ਇਸ ਸੰਬੰਧ ਵਿੱਚ ਸੰਯੁਕਤ ਰਾਜ ਦੇ ਅੰਤਰਰਾਸ਼ਟਰੀ ਧਾਰਮਿਕ ਅਜ਼ਾਦੀ ਬਾਰੇ ਸੰਯੁਕਤ ਰਾਜ ਕਮਿਸ਼ਨ (ਯੂ ਐਸ ਸੀ ਆਈ ਆਰ ਐਫ) ਦੇ ਅਨੁਸਾਰ ਪਾਕਿਸਤਾਨ ਵਿੱਚ ਇਸ ਸਮੇਂ ਘੱਟੋ-ਘੱਟ 80 ਲੋਕ “ਕੁਫ਼ਰ” ਦੇ ਅਪਰਾਧ ਲਈ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ ਵਿੱਚੋਂ ਘੱਟੋ ਘੱਟ ਅੱਧਿਆਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਸੁਣਾਈ ਜਾ ਰਹੀ ਹੈ।