
ਦੇਸ਼ ਭਰ ‘ਚ ਕਿਸਾਨ ਅੰਦੋਲਨ ਨਾਲ ਥਮਿਆ ਜੀਵਨ
ਰੇਲ ਪਟੜੀਆਂ ਤੇ ਟੈਂਟ ਲਗਾਕੇ, ਰਾਜ ਅਤੇ ਰਾਸ਼ਟਰੀ ਮਾਰਗ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ
ਮਾਲੇਰਕੋਟਲਾ, 25 ਸਤੰਬਰ (ਜਮੀਲ ਜੌੜਾ): ਅੱਜ ਪੂਰੇ ਦੇਸ਼ ਦੇ ਕਿਸਾਨ ਖੇਤੀ ਬਿਲ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਕਿਸਾਨ ਰੇਲ ਦੀਆਂ ਪਟੜੀਆਂ ਉੱਪਰ ਟੈਂਟ ਲਗਾ ਲਏ ਹਨ ਜਿਸ ਕਾਰਨ ਅਨੇਕਾਂ ਟਰੇਨਾਂ ਕੈਂਸਲ ਕਰਨੀਆਂ ਪਈਆਂ । ਕਿਸਾਨਾਂ ਦਾ ਅੰਦੋਲਨ ਤੋਂ ਜਾਪਦਾ ਹੈ ਕਿ ਹੁਣ ਉਹ ਕੇਂਦਰ ਦੀ ਸਰਕਾਰ ਨੂੰ ਬਿਲ ਵਾਪਿਸ ਲੈਣ ਲਈ ਮਜ਼ਬੂਰ ਕਰਕੇ ਛੱਡਣਗੇ । ਕਿਸਾਨਾਂ ਨੂੰ ਮਜ਼ਦੂਰ, ਦੁਕਾਨਦਾਰ, ਵਪਾਰੀ, ਕਾਰਖਾਨੇ ਵਾਲੇ ਆਦਿ ਹਰ ਵਰਗ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ । ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੇ ਵੀਡੀਓ ਸ਼ੋਸਲ ਮੀਡੀਆ ਅਤੇ ਸਥਾਨਕ ਚੈਨਲਾਂ ਤੇ ਖੂਬ ਵਾਇਰਲ ਹੋ ਰਹੇ ਹਨ ਕਰੋੜਾਂ ਲੋਕ ਕਿਸਾਨਾਂ ਦੇ ਸਮਰਥਨ ‘ਚ ਵੀਡੀਓ ਅਤੇ ਫੋਟੋਆਂ ਸ਼ੇਅਰ ਕਰ ਰਹੇ ਹਨ । ਕੇਂਦਰ ਦੀ ਬੀਜੇਪੀ ਸਰਕਾਰ ਨੇ ਖੇਤੀ ਬਿਲ ਲਿਆ ਕੇ ਸੁੱਤੇ ਸ਼ੇਰ ਨੂੰ ਜਗਾ ਦਿਤਾ ਹੈ । ਕਿਸਾਨ ਉਹ ਨਿਡਰ ਪ੍ਰਾਣੀ ਹੈ ਜੋ ਆਪਣੀ ਫਸਲ ਬਚਾਉਣ ਲਈ ਸ਼ੇਰਾਂ, ਬਘਿਆੜਾਂ ਨਾਲ ਟੱਕਰ ਲੈ ਲੈਂਦਾ ਹੈ ਫਿਰ ਉਹ ਆਪਣੀ ਹੋਂਦ ਨੂੰ ਬਚਾਉਣ ਲਈ ਸਰਕਾਰ ਦਾ ਤਖਤਾ ਪਲਟਣ ਵਿੱਚ ਪਿਛੇ ਨਹੀਂ ਹਟੇਗਾ ।

ਪਰੰਤੂ ਦੇਸ਼ ਦੇ ਰਾਸ਼ਟਰੀ ਚੈਨਲਾਂ ਤੇ ਕਿਸਾਨਾਂ ਦੇ ਦੇਸ਼ ਵਿਆਪੀ ਧਰਨੇ ਪ੍ਰਦਰਸ਼ਨ ਨੂੰ ਛੱਡ ਕੇ ਬਾਲੀਵੁੱਡ ਦੇ ਅਦਾਕਾਰਾਂ ਦੇ ਨਵੇਂ ਖੁਲਾਸੇ ਦਿਖਾਏ ਜਾ ਰਹੇ ਹਨ । ਇਹ ਸਿਰਫ ਅੱਜ ਹੀ ਨਹੀਂ ਬਲਿਕ ਪਿਛਲੇ 15 ਦਿਨਾਂ ਤੋਂ ਚੱਲ ਰਹੇ ਹਨ । ਇਸ ਤੋਂ ਪਹਿਲਾਂ ਦੇਸ ਦਾ ਯੁਵਾ ਬੇਰੋਜਗਾਰੀ ਨੂੰ ਲੈ ਕੇ ਸੜਕਾ ਤੇ ਸੀ ਉਸ ਹਕੀਕਤ ਨੂੰ ਛੁਪਾਉਣ ਲਈ ਦੇਸ਼ ਦੇ ਨਾਮੀ ਚੈਨਲ ਦੇਸ਼ ਦੀ ਅਸਲ ਤਸਵੀਰ ਦਿਖਾਉਣ ਦੀ ਬਜਾਏ ਉਸ ਨੂੰ ਛੁਪਾਉਣ ਲਈ ਸੁਸ਼ਾਤ ਸਿੰਘ ਰਾਜਪੂਤ, ਰੀਆ ਚਕਰਵਰਤੀ, ਦੀਪਿਕਾ ਪਾਦੂਕੋਨ ਦੇ ਕਿਸੇ ਟਟੋਲ ਰਿਹਾ ਹੈ । ਦੇਸ਼ ਦੇ ਵੱਡੇ ਮੀਡੀਆ ਸੰਸਥਾਨ ਕਿਸਾਨ ਅੰਦੋਲਨ ਦੀ ਚਰਚਾ ਤਾਂ ਦੂਰ ਕੋਈ ਖਬਰ ਜਾਂ ਆਰਟੀਕਲ ਵੀ ਨਹੀ ਛਾਪ ਸਕੇ ।
ਜੀ ਨਿਊਜ਼ ਦੇ ਫੇਸਬੁਕ ਪੇਜ਼ ਨੂੰ ਚੈਕ ਕਰ ਕੇ ਦੇਖੋ ਤਾਂ ਆਪ ਨੂੰ ਪਤਾ ਚੱਲੇਗਾ ਕਿ ਕਿਸਾਨਾਂ ਲਈ ਉਸ ਨੇ ਕੀ ਆਵਾਜ਼ ਉਠਾਈ ਹੈ । ਕਿਸਾਨਾਂ ਦੇ ਲੱਖਾਂ ਦੀ ਭਾਰੀ ਗਿਣਤੀ ਨਾਲ ਕੀਤੇ ਪ੍ਰਦਰਸ਼ਨ ਦੇ ਵੀਡੀਓ ਇਨ੍ਹਾਂ ਵੱਡੇ ਚੈਨਲਾਂ ਤੱਕ ਨਹੀਂ ਪਹੁੰਚ ਪਾਉਂਦੇ ਪਰੰਤੂ ਦੀਪਿਕਾ ਪਾਦੂਕੋਨ ਨੇ ਨਾਰਕੋਟੈਕ ਸੈਲ ‘ਚ ਪੇਸ਼ ਹੋਣਾ ਹੈ ਉਸ ਦੀ ਲਾਈਵ ਕਵਰੇਜ਼ ਦੇਸ਼ ਲਈ ਬਹੁਤ ਜਰੂਰੀ ਹੈ । ਸਾਰੀਆਂ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਇਸ ਅੰਦੋਲਨ ਦਾ ਸਮਰਥਨ ਕਰ ਰਹੀਆਂ ਹਨ ਜੋ ਕਿ ਮਜਬੂਤ ਲੋਕਤੰਤਰ ਲਈ ਵਿਰੋਧੀ ਪਾਰਟੀਆਂ ਦੀ ਭੂਮਿਕਾ ਹੁੰਦੀ ਹੈ ਕਿ ਉਹ ਜਨਤਾ ਨਾਲ ਜੁੜ ਕੇ ਸਰਕਾਰ ਨੂੰ ਗਲਤ ਨੀਤੀਆਂ ਲਈ ਘੇਰੇ । ਪਰੰਤੂ ਐਨਡੀਟੀਵੀ ਤੋਂ ਇਲਾਵਾ ਟੀਵੀ ਤੋਂ ਕਿਸਾਨਾਂ ਦਾ ਮੁੱਦਾ ਬਿਲਕੁਲ ਗਾਇਬ ਹੈ ।
ਦੇਸ਼ ਦਾ ਅੰਨਦਾਤਾ ਕਿਸਾਨ ਰੇਲ ਦੀਆਂ ਪਟੜੀਆਂ ਤੇ ਟੈਂਟ ਲਗਾ ਕੇ ਅੰਦੋਲਨ ਕਰ ਰਿਹਾ ਹੈ ਅਤੇ ਮੀਡੀਆ ਖਾਮੋਸ਼ ਹੈ । 2014 ਤੋਂ ਪਹਿਲਾਂ ਅਗਰ ਦੇਸ਼ ਦੇ ਕਿਸੇ ਕੋਨੇ ਵਿੱਚ ਪ੍ਰਦਰਸ਼ਨ ਹੁੰਦਾ ਸੀ ਤਾਂ ਮੀਡੀਆ ਖੂਬ ਕਰਵੇਜ ਕਰਦਾ ਸੀ ਜੋ ਕਿ ਇੱਕ ਇਮਾਨਦਾਰ ਮੀਡੀਆ ਦਾ ਕਰਤੱਵ ਹੁੰਦਾ ਹੈ । ਜੋ ਪ੍ਰਦਰਸ਼ਨ ਕਰ ਰਿਹਾ ਹੈ ਉਸ ਦੀ ਸਮੱਸਿਆ ਸੁਣੀ ਜਾਵੇ ਅਤੇ ਪੂਰੇ ਦੇਸ਼ ਨੂੰ ਦਿਖਾਈ ਜਾਵੇ ਪਰੰਤੂ ਅੱਜ ਮੀਡੀਆ ਦੇ ਫਰਜ਼, ਜ਼ਿੰਮੇਦਾਰੀਆਂ ਬਦਲ ਗਈਆਂ ਹਨ ਅਤੇ ਆਪਣਾ ਰੁਤਬਾ ਵੀ ਗਵਾ ਲਿਆ ਹੈ ।
ਮਾਲੇਰਕੋਟਲਾ ਵਿਖੇ ਅੱਜ ਕਿਸਾਨ ਅੰਦੋਲਨ ‘ਚ ਇੱਕ ਖਾਸ ਗੱਲ ਦੇਖਣ ਨੂੰ ਮਿਲੀ ਕਿ ਕਿਸਾਨਾਂ ਨੇ ਆਪਣਾ ਅੰਦੋਲਨ ਖੁਦ ਮੈਨੇਜ ਕੀਤਾ ਅਤੇ ਉਸ ਨੂੰ ਗੈਰ ਸਿਆਸੀ ਰੱਖਿਆ । ਦੂਜੇ ਪਾਸੇ ਸਿਆਸੀ ਪਾਰਟੀਆਂ ਨੇ ਆਪਣੇ ਅਲਗ-ਅਲਗ ਸਥਾਨਾਂ ‘ਤੇ ਧਰਨੇ ਅਤੇ ਪ੍ਰਦਰਸ਼ਨ ਕੀਤੇ ।