
ਅਸ਼ੋਕ ਵਰਮਾ
ਬਠਿੰਡਾ,25 ਸਤੰਬਰ। ਬਠਿੰਡਾ ਪੁਲਿਸ ਨੇ 100 ਤੋਂ ਵੱਧ ਸਿਹਤ ਮੁਲਾਜਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਿੰਨਾਂ ਨੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਵਿੱਤ ਮੰਤਰੀ ਦੇ ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਸਿਹਤ ਮੁਲਾਜਮ ਬੈਰੀਕੇਡ ਟੱਪ ਕੇ ਅੱਗੇ ਜਾਣਾ ਚਾਹੁੰਦੇ ਸਨ ਤਾਂ ਉਨਾਂ ਦੀ ਪੁਲਿਸ ਨਾਲ ਤਕਰਾਰ ਵੀ ਹੋਈ ਸੀ। ਪੁਲਿਸ ਮੁਲਾਜਮਾਂ ਨੇ ਸਿਹਤ ਕਾਮਿਆਂ ਦੀ ਖਿੱਚ ਧੂਹ ਵੀ ਕੀਤੀ ਸੀ।
ਇਸ ਮਾਮਲੇ ਨੂੰ ਲੈਕੇ ਹੁਣ ਥਾਣਾ ਸਿਵਲ ਲਾਈਨ ਪੁਲਿਸ ਨੇ ਸਿਹਤ ਵਿਭਾਗ ਦੀ ਜੱਥੇਬੰਦੀ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ, ਕਨਵੀਨਰ ਸ਼ਿੰਦਰ ਕੌਰ,ਜਿਲਾ ਪ੍ਰਧਾਨ ਫਰੀਦਕੋਟ ਗੁਰਮੀਤ ਕੌਰ,ਗੁਲਜਾਰ ਖਾਂ ਸੂਬਾ ਕਮੇਟੀ ਮੈਬਰ ਸੰਗਰੂਰ, ਸੁਖਵਿੰਦਰ ਸਿੰਘ ਜਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਟਹਿਲ ਸਿੰਘ ਜਿਲਾ ਪ੍ਰਧਾਨ ਫਾਜਿਲਕਾ, ਕੇਵਲ ਸਿੰਘ ਪ੍ਰਧਾਨ ਮਾਨਸਾ, ਸੱਤਪਾਲ ਸਿੰਘ ਜਿਲਾ ਪ੍ਰਧਾਨ ਫਿਰੋਜਪੁਰ, ਜਸਵਿੰਦਰ ਸ਼ਰਮਾ ਜਿਲਾ ਪ੍ਰਧਾਨ ਬਠਿੰਡਾ, ਜਗਦੀਪ ਸਿੰਘ ਵਿਰਕ ਜਰਨਲ ਸਕੱਤਰ, ਅਜਾਇਬ ਸਿੰਘ ਪ੍ਰੈਸ ਸਕੱਤਰ, ਪਰਮਜੀਤ ਸਿੰਘ ਮੁੱਖ ਸਲਾਹਕਾਰ, ਮਨਪ੍ਰੀਤ ਸਿੰਘ,ਅਤੇ ਪਵਨ ਕੁਮਾਰ ਬਠਿੰਡਾ ਅਤੇ ਕਰੀਬ 100 ਅਣਪਛਾਤਿਆਂ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ।
ਪੁਲਿਸ ਨੇ ਇਹ ਮੁਲਾਜਮ ਆਗੂ ਧਾਰਾ 353,186,188,269,270 ,51 ਡਿਜਾਸਟਰ ਮੈਨੇਜਮੈਂਟ ਐਕਟ,2005 ਤਹਿਤ ਨਾਮਜਦ ਕੀਤੇ ਹਨ । ਪੁਲਿਸ ਅਨੁਸਾਰ ਫਿਲਹਾਲ ਕਿਸੇ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ। ਐਫਆਈਆਰ ਅਨੁਸਾਰ ਸਿਪਾਹੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਹੁਮੰਤਵੀ ਖੇਡ ਸਟੇਡੀਅਮ ਬਠਿੰਡਾ ਲਾਗੇ ਮੁਲਾਜਮ ਸੰਘਰਸ਼ ਕਮੇਟੀ ਅਤੇ ਹੈਲਥ ਵਰਕਰਾਂ ਵੱਲੋਂ ਲਾਏ ਜਾ ਰਹੇ ਧਰਨੇ ਦੀ ਡਿਊਟੀ ਤੇ ਸੀ । ਧਰਨਾਕਾਰੀਆਂ ਨੂੰ ਰੋਕਣ ਲਈ ਸਟੇਡੀਅਮ ਦੀ ਬੈਕ ਸਾਈਡ ਬੈਰੀਕੇਡਿੰਗ ਕੀਤੀ ਗਈ ਸੀ।
ਮੁਲਾਜਮ ਸੰਘਰਸ਼ ਕਮੇਟੀ ਦੇ ਮੈਂਬਰ ਜਦੋਂ ਵਿੱਤ ਮੰਤਰੀ ਮਨਪ੍ਰੀਤ ੰਿਸਘ ਬਾਦਲ ਦੇ ਦਫਤਰ ਵੱਲ ਨਾਅਰੇ ਲਾਉਂਦੇ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਇੰਨਾਂ ਨੂੰ ਸਮਝਾਉਣ ਦੀ,ਕੋਸ਼ਿਸ਼ ਕੀਤੀ ਤਾਂ ਧਰਨਕਾਰੀ ਤੈਸ਼ ’ਚ ਆ ਗਏ ਅਤੇ ਪੁਲਿਸ ਮੁਲਾਜਮਾਂ ਨਾਲ ਧੱਕਾਮੁੱਕੀ ਕੀਤੀ॥ ਪੁਲਿਸ ਮੁਲਾਜਮਾਂ ਦੀ ਵਰਦੀ ਨੂੰ ਹੱਥ ਅਤੇ ਡਿਊਟੀ ’ਚ ਵਿਘਨ ਪਾਇਆ। ਇੰਨਾ ਧਰਨਾਕਾਰੀਆ ਨੇ ਕੋਈ ਮਾਸਕ ਵਗੈਰਾ ਨਹੀ ਪਾਇਆ ਹੋਇਆ ਸੀ। ਥਾ ਸਿਵਲ ਲਾਈ ਪੁਲਿਸ ਨੇ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਦਲਜੀਤ ਸਿੰਘ ਨੂੰ ਸੌਂਪ ਦਿੱਤੀ ਹੈ।
ਜੰਜ ਕੁਪੱਤੀ ਸੁਥਰਾ ਭਲਾਮਾਨਸ
ਸਿਹਤ ਮੁਲਾਜਮ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਪੁਲਿਸ ਝੂਠ ਬੋਲ ਰਹੀ ਹੈ ਜਦੋਂਕਿ ਡੰਡੇ ਤਾਂ ਪੁਲਿਸ ਨੇ ਮੁਲਾਜਮਾਂ ਦੇ ਉਦੋਂ ਮਾਰੇ ਅਤੇ ਖਿੱਚ ਧੂਹ ਕੀਤੀ ਹੈ ਜਦੋਂ ਉਹ ਵਿੱਤ ਮੰਤਰੀ ਦੇ ਦਫਤਰ ਵੱਲ ਜਾਕੇ ਆਪਣੀਆਂ ਮੰਗਾਂ ਦੇ ਹੱਕ ’ਚ ਰੋਸ ਪ੍ਰਗਟਾਉਣ ਦਾ ਯਤਨ ਕਰ ਰਹੇ ਸਨ। ਉਨਾਂ ਆਖਿਆ ਕਿ ਅਸਲ ’ਚ ਇਹ ਪੰਜਾਬ ’ਚ ਕਾਂਗਰਸ ਸਰਕਾਰ ਚਲਾਉਣ ਵਾਲਿਆਂ ਦਾ ਇਹ ਸੱਤਾ ਦੀ ਹਾਉਮੇ ਦਾ ਪ੍ਰਗਟਾਵਾ ਹੈ ਜੋ ਕੇਸ ਦਰਜ ਕਰਨ ਦੇ ਰੂਪ ’ਚ ਕੱਢਿਆ ਹੈ। ਉਨਾਂ ਕਿਹਾ ਕਿ ਅਸਲ ’ਚ ਸਰਕਾਰ ਫਰੰਟਲਾਈਨ ਆਗੂਆਂ ਤੇ ਕੇਸ ਦਰਜ ਕਰਕੇ ਸੰਘਰਸ਼ ਦਬਾਉਣਾ ਚਾਹੁੰਦੀ ਹੈ ਪਰ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਹੱਕੀ ਮੰਗਾਂ ਲਈ ਲੜਾਈ ਜਾਰੀ ਰੱਖੀ ਜਾਏਗੀ। ਉਨਾਂ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਸਿਹਤ ਵਿਭਾਗ ਦੇ ਮੁਲਾਜਮਾਂ ਨਾਲ ਟਕਰਾਅ ਕਰਨ ਦੀ ਥਾਂ ਗੱਲਬਾਤ ਨਾਲ ਮਸਲਾ ਹੱਲ ਕਰੇ।
ਇਹ ਹੈ ਸਿਹਤ ਮੁਲਾਜਮਾਂ ਦਾ ਮਾਮਲਾ
ਸਿਹਤ ਮੁਲਾਜਮ ਸੰਘਰਸ਼ ਕਮੇਟੀ ਆਪਣੀਆਂ ਮੰਗਾਂ ਦੇ ਹੱਕ ’ਚ ਲੰਘੀ 24 ਜੁਲਾਈ ਤੋਂ ਸੰਘਰਸ਼ ਦੇ ਰਾਹ ਪਈ ਹੋਈ ਹੈ। ਇਸ ਤਹਿਤ ਵੀਰਵਾਰ ਰੋਸ ਮੁਜਾਹਰਾ ਕੀਤਾ ਸੀ ਜੋ ਅੱਗੇ ਜਾਕੇ ਟਕਰਾਅ ਦਾ ਕਾਰਨ ਬਣਿਆ। ਮੁਲਾਜਮਾਂ ਨੇ ਕੱਚੇ ਕਾਮਿਆਂ ਨੂੰ ਪੱਕਿਆਂ ਕਰਾਉਣ, ਨਵਨਿਯੁਕਤ ਕਾਮਿਆਂ ਦਾ ਪ੍ਰਵੇਸ਼ਨ ਪੀਰੀਅਡ ਦੋ ਸਾਲ ਅਤੇ ਕੋਵਿਡ ਉੱਨੀ ਦੌਰਾਨ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਸਪੈਸ਼ਲ ਇਨਕਰੀਮੈਂਟ ਦੇਣ ਦੀ ਮੰਗ ਕੀਤੀ ਹੈ। ਆਗੂਆਂ ਨੇ ਪਹਿਲਾਂ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਬਾਅਦ ’ਚ ਖਾਲੀ ਅਸਾਮੀਆਂ ਤੇ ਨਵੀਂ ਭਰਤੀ ਕਰਨ ਦੀ ਮੰਗ ਵੀ ਕੀਤੀ ਹੈ।