ਦੁੱਖਭੰਜਨ ਰੰਧਾਵਾ
0351920036369
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |
ਉਹ ਦੁੱਖਾਂ ਮੇਰਿਆਂ ਦੀ,
ਪਟਰਾਣੀ ਬਣ ਬਹਿ ਗਈ |
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |
ਰੱਬ ਜਾਣੇਂ ਮੇਰੇ ਲਈ ਉਹ,
ਰੱਬੋਂ ਵੀ ਉਤਾਂਹ ਏ |
ਦੁੱਖਾਂ ਮੇਰਿਆਂ ਨੂੰ ਉਹ,
ਦੁਆਵਾਂ ਜੇਹੀ ਛਾਂ ਏ |
ਮੇਰੇ ਲਈ ਤਾਂ ਉਹ,
ਬਾਣੀ ਬਣ ਬਹਿ ਗਈ |
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |
ਖੁੱਭ ਗਈ ਉਹ ਕੰਡੇ ਵਾਂਗੂ,
ਦਿਲ ਦੀ ਜਮੀਨ ਤੇ |
ਕੁੰਡਲੀ ਲਈ ਮਾਰ ਉਹਨੇ,
ਸਾਹ ਸਾਡੇ ਮਹੀਨ ਤੇ |
ਸਾਡੀ ਜਿੰਦਗੀ ਵੀ ਤਾਂ,
ਕਹਾਣੀ ਬਣ ਬਹਿ ਗਈ |
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |
ਮੰਗਦੇ ਰਹੇ ਉਹਦੇ ਕੋਲੋ,
ਦਿਲ ਦੇ ਸਕੂਨ ਨੂੰ |
ਰੱਖ ਲਿਆ ਗਿਰਵੀ ਉਹਨੇ,
ਦਿਲ ਦੇ ਜਨੂੰਨ ਨੂੰ |
ਅਸੀਂ ਉਹਦੇ ਮੰਗਤੇ ਉਹ,
ਸਾ਼ਹਣੀ ਬਣ ਬਹਿ ਗਈ |
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |
ਦੁਖਦੇ ਰਹੇ ਫੋੜੇ ਤੇ ਉਹ,
ਟੀਸਾਂ ਬਣ ਆਉਂਦੀ ਰਹੀ |
ਰੱਜ-ਰੱਜ ਦੇਵੇ ਪੀੜਾਂ ਨਾਲੇ,
ਸਹਿਣ ਸਮਝਾਉਂਦੀ ਰਹੀ |
ਦੀਦਿਆਂ ਚੋਂ ਵਹਿੰਦਾ ਹੋਇਆ,
ਪਾਣੀ ਬਣ ਬਹਿ ਗਈ |
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |
ਜਦੋਂ ਦਾ ਸੰਬੰਧ ਹੋਇਆ ਮੈਂ,
ਹਰ ਪਲ ਨਾਲ ਮਾਣਿਆ |
ਰੂਹ-ਰੂਹ ਵਿੱਚ ਵੱਸੇ ਦੂਰ,
ਰਹਿ ਕੇ ਲਾਗੋਂ ਜਾਣਿਆ |
ਉਹ ਮੇਰੀ ਮਠਿਆਈ ਦੀ,
ਚਾਹਣੀ ਬਣ ਬਹਿ ਗਈ |
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |
ਛੱਟ ਦਿੱਤਾ ਉਹਦੇ ਮੈਨੂੰ,
ਰੂਪ ਵਾਲੇ ਛੱਜ ਨੇਂ |
ਉਹਦਾ ਚੱਜ ਵੀ ਨਾ ਰਹਿਣ,
ਦਿੱਤਾ ਮੇਰੇ ਕੁਚੱਜ ਨੇਂ |
ਤਸਵੀਰ ਦਿਲ ਦੇ ਫਰੇਮ ਚ,
ਪੁਰਾਣੀ ਬਣ ਬਹਿ ਗਈ |
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |
ਦੁੱਖਭੰਜਨ ਤੂੰ ਵੇਖੇਂਗੀ,
ਨੀ ਹਰ ਥਾਂ ਤੇ ਹਰਦਾ |
ਕਿਸ਼ਤਾਂ ਪਿਆਰ ਦੀਆਂ,
ਉਮਰ ਭਰ ਭਰਦਾ |
ਉਹ ਦਿਲ ਮੇਰੇ ਦੇ ਘਰ ਦੀ,
ਸੁਆਣੀਂ ਬਣ ਬਹਿ ਗਈ |
ਅਸੀਂ ਰਹੇ ਨਿਆਣੇ ਉਹ,
ਸਿਆਣੀ ਬਣ ਬਹਿ ਗਈ |