ਰਜਨੀ ਵਾਲੀਆ
ਕਪੂਰਥਲਾ
ਪਹਿਲੀ ਨਜਰੇ ਪਰਖੇ ਜਾਂਦੇ,
ਆਪਣੇਂ ਅਤੇ ਬੇਗਾਨੇ ਸਾਰੇ |
ਇੱਕ ਗੱਲ ਮੰਨੀਂ ਸੜ ਨਹੀਂ ਸਕਦੇ,
ਸ਼ਮਾਂ ਲਈ ਪਰਵਾਨੇ ਸਾਰੇ |
ਝੂਠੇ ਲੋਕ ਜੋ ਦਾਅਵਾ ਕਰਦੇ,
ਸਮਿਆਂ ਉੱਤੇ ਹਕੂਮਤ ਦਾ |
ਸਮੇਂ-ਸਮੇਂ ਨਾਲ ਬਦਲਦੇ ਰਹਿੰਦੇ,
ਭਾਈ ਬਦਲਦੇ ਰਹਿਣ ਜਮਾਨੇ ਸਾਰੇ |
ਮੇਰਾ ਸ਼ਹਿਰ ਤਾਂ ਮੇਰਾ ਹੀ ਹੈ,
ਹਰ ਗਲੀ ਆਪਣੀ-ਆਪਣੀ ਏ |
ਇਸ ਸ਼ਹਿਰ ਦੇ ਲੋਕ ਨੇ ਰੁੱਖੇ,
ਬਣ-ਬਣ ਰਹਿੰਦੇ ਅਣਜਾਣੇ ਸਾਰੇ |
ਏਨਾਂ ਕਦੇ ਗਰੂਰ ਨਾ ਕਰੀਏ,
ਜੋ ਜਿਸਦਾ ਉਸਨੂੰ ਮਿਲ ਹੀ ਜਾਣਾ |
ਜੋ ਬਦੀਆਂ ਕਰਦੇ ਔਖੇ ਹੁੰਦੇ,
ਜਾਂਦੇ ਇੱਕ ਦਿਨ ਸ਼ਮਸ਼ਾਨੇ ਸਾਰੇ |
ਜਿਸ ਦਾ ਦਿਲ ਅਮੀਰ ਹੁੰਦਾ ਏ,
ਮਾਇਆ ਦੇ ਨਾਲ ਮੋਹ ਨਹੀਂ ਕਰਦਾ |
ਮਾਲਕ ਉਸਨੂੰ ਹੋਰ ਵੀ ਦੇਂਦਾ,
ਜੋ ਦੇਵੇ ਖੋਲ ਖਜਾਨੇ ਸਾਰੇ |
ਜਿੱਥੇ ਮਨ ਦੀ ਕਰ ਨਹੁ ਸਕਦੇ,
ਜਿੱਥੇ ਮਨ ਦੀ ਕਹਿ ਨਹੀਂ ਸਕਦੇ |
ਇਹ ਕੈਸੀ ਮਹਿਫਲ ਹੈ ਜਿੱਥੇ,
ਆਪਣੇਂ ਹੀ ਲਾਉਣ ਧਿਆਨੇਂ ਸਾਰੇ |
ਰਜਨੀ ਕਿਸੇ ਦਾ ਵੱਸ ਨਹੀਂ ਚੱਲਦਾ,
ਜੋ ਲਿਖਿਆ ਉਹ ਹੋ ਕੇ ਰਹਿੰਦਾ |
ਪਾਣੀਂ ਘੜੇ ਚ ਪੈ ਹੀ ਜਾਂਦਾ,
ਕਿਸੇ ਨਾ ਕਿਸੇ ਆਨੇਂ ਬਹਾਨੇਂ |