4.4 C
United Kingdom
Sunday, March 8, 2026

More

    ਨਕਲੀ ਤੇ ਮਿਲਾਵਟੀ ਦੁੱਧ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ

    ਪੰਜਾਬ ਦੇ ਜਨਜੀਵਨ ਨੂੰ ਖੋਰਾ ਲਗਾ ਰਿਹਾ ਹੈ ਮੁਨਾਫੇਖੋਰੀ ਦੇ ਲਾਲਚ ਲਈ ਵੱਧ ਰਿਹਾ ਨਕਲੀ ਤੇ ਸਿੰਥੈਟਿਕ ਦੁੱਧ ਦਾ ਧੰਦਾ
    ਨਸ਼ਾ ਹਮੇਸ਼ਾ ਹੀ ਇਨਸਾਨ ਆਪਣੀ ਮਰਜ਼ੀ ਨਾਲ ਕਰਦਾ ਹੈ ਪਰੰਤੂ ਜੋ ਜ਼ਹਿਰ ਅਸੀਂ ਬਜ਼ਾਰ ‘ਚੋਂ ਮਿਲਦੇ ਨਕਲੀ ਦੁੱਧ ਰਾਹੀਂ ਖੁਦ ਅਤੇ ਆਪਣੇ ਮਾਸੂਮ ਬੱਚਿਆਂ ਨੂੰ ਪਿਲਾ ਰਹੇ ਹਾਂ ਉਸ ਬਾਰੇ ਨਾ ਤਾਂ ਮਾਪਿਆਂ ਨੂੰ ਅਤੇ ਨਾ ਹੀ ਬੱਚਿਆਂ ਨੂੰ ਜਾਣਕਾਰੀ ਹੈ । ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਜਿੱਥੇ ਨਸ਼ਿਆਂ ਦੇ ਕਾਰੋਬਾਰ ਨੇ ਅਪਨੇ ਪੈਰ ਪਸਾਰੇ ਹਨ ਉਥੇ ਹੀ ਹਰ ਘਰ ਅਤੇ ਵਿਅਕਤੀ ਦੀ ਜ਼ਰੂਰਤ ਦੁੱਧ ਦੇ ਧੰਦੇ ਨੂੰ ਜ਼ਹਿਰੀਲਾ ਕਰਨ ਵਾਲੇ ਦੁੱਧ ਮਾਫੀਆ ਦਾ ਵੀ ਬੋਲਬਾਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ । ਜ਼ਹਿਰੀਲਾ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਨਿਰੰਤਰ ਸਾਡੇ ਅਤੇ ਸਾਡੇ ਬੱਚਿਆਂ ਦੇ ਜੀਵਨ ਨੂੰ ਖੋਰਾ ਲਗਾ ਰਿਹਾ ਹੈ । ਪੰਜਾਬ ‘ਚ ਨਕਲੀ ਸਿੰਥੈਟਿਕ ਦੁੱਧ ਦੀ ਵਿਕਰੀ ਈਦ, ਦੀਵਾਲੀ, ਦੁਸਿਹਰਾ ਆਦਿ ਤਿਉਹਾਰਾਂ ਦੇ ਮੌਕੇ ਜ਼ੋਰਾਂ ਤੇ ਰਹਿੰਦੀ ਹੈ । ਇਹ ਮਿਲਾਵਟੀ ਦੁੱਧ ਪਾਣੀ, ਬਨਸਪਤੀ ਯੂਰੀਆ, ਸੋਡੀਅਮ, ਬਾਈਕਾਰਬੋਨੇਟ, ਡਿਟਰਜੈਂਟ, ਸਟਾਰਚ, ਕਾਸਟਿਕ ਸੋਡਾ, ਫਾਰਮਲੀਨ ਆਦਿ ਜ਼ਹਿਰੀਲੇ ਪਦਾਰਥਾਂ ਤੋ ਬਣਾਇਆ ਜਾਂਦਾ ਹੈ ਜੋ ਕਿ ਇਨਸਾਨੀ ਜਾਨ ਲਈ ਘਾਤਕ ਹੈ ।
    ਸੂਤਰਾਂ ਦੱਸਦੇ ਹਨ ਕਿ ਪੰਜਾਬ ਵਿੱਚ ਏਨੀਆਂ ਮੱਝਾਂ-ਗਊਆਂ ਹੀ ਨਹੀਂ ਹਨ, ਜਿਨਾਂ ਦੇ ਅਸਲ ਦੁੱਧ ਤੋਂ ਮੰਗ ਤੇ ਸਪਲਾਈ ਪੂਰੀ ਹੋ ਸਕੇ । ਇਹ ਨਕਲੀ ਦੁੱਧ ਹੀ ਤਾਂ ਹੈ ਜਿਹੜਾ ਵੱਡੇ ਪੱਧਰ ਤੇ ਤਿਆਰ ਹੋ ਕੇ ਮਾਰਕੀਟ ਵਿੱਚ ਧੜਾਧੜ ਵਿਕ ਰਿਹਾ ਹੈ ਤੇ ਮੰਗ ਨੂੰ ਪੂਰਾ ਕਰ ਰਿਹਾ ਹੈ । ਜ਼ਿਕਰਯੋਗ ਹੈ ਕਿ ਇੱਕ ਕੁਇੰਟਲ ਦੁੱਧ ਪੈਦਾ ਕਰਨ ਲਈ ਅਨੇਕਾਂ ਮੱਝਾਂ-ਗਾਵਾਂ ਦੀ ਦੇਖ ਰੇਖ ਲਈ ਕਈ ਕਾਮੇ ਅਤੇ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ ਹਨ ਅਤੇ ਨਕਲੀ ਦੁੱਧ ਤਿਆਰ ਕਰਨ ਲਈ ਸਿਰਫ ਇੱਕ ਮਜ਼ਦੂਰ ਹੀ ਦਿਨ ਵਿੱਚ ਹਜ਼ਾਰਾਂ ਲਿਟਰ ਦੁੱਧ ਤਿਆਰ ਕਰ ਸਕਦਾ ਹੈ ਇਸ ਲਈ ਨਾ ਕਿਸੇ ਮੱਝ ਦੀ ਲੋੜ ਹੈ ਅਤੇ ਨਾ ਹੀ ਗਊਆਂ ਦੀ ! ਸਿਹਤ ਸਬੰਧੀ ਜਾਣਕਾਰਾਂ ਦਾ ਮੰਨਣਾ ਹੈ ਕਿ ਦੇਸ਼ ‘ਚ ਵੇਚਿਆ ਜਾਣ ਵਾਲਾ 68 ਫੀਸਦੀ ਦੁੱਧ ਭਾਰਤੀ ਖੁਰਾਕ ਰੈਗੂਲੇਟਰੀ ਅਥਾਰਟੀ ਵੱਲੋਂ ਨਿਰਧਾਰਤ ਸ਼ੁਧਤਾ ਤੇ ਖਰਾ ਨਹੀਂ ਉਤਰਦਾ । ਦੁਕਾਨਾਂ ਅਤੇ ਘਰਾਂ ‘ਚ ਸਪਲਾਈ ਕਰਦੇ ਢੋਲਾਂ ਵਾਲਿਆਂ ਨੂੰ ਫੜਨ ਨਾਲ ਬਹੁਤੀ ਰੋਕਥਾਮ ਨਹੀਂ ਹੋਣੀ । ਇਸ ਗੋਰਖ ਧੰਦੇ ਨੂੰ ਪੱਕੇ ਤੌਰ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਨਿਡਰ ਹੋ ਕੇ ਇਮਾਨਦਾਰੀ ਨਾਲ ਵੱਡੀਆਂ ਕੰਪਨੀਆਂ, ਫੈਕਟਰੀਆਂ ਤੇ ਵੱਡੇ ਹਲਵਾਈਆਂ ਨੂੰ ਫੜੇ ਤੇ ਪੁੱਛਗਿੱਛ ਕਰੇ ਕਿ ਪੰਜਾਬ ‘ਚ ਤਾਂ ਮੱਝਾਂ ਗਾਵਾਂ ਤੋਂ ਏਨਾ ਦੁੱਧ ਦਾ ਉਤਪਾਦਨ ਹੀ ਨਹੀਂ ਹੈ ਜੋ ਤੁਸੀ ਲਿਫਾਫਿਆਂ ‘ਚ ਪਾ ਕੇ ਅਤੇ ਦੁੱਧ ਦੇ ਉਤਪਾਦ ਬਣਾਕੇ ਵੇਚਦੇ ਹੋ । ਦੱਸੋ ਏਨੀ ਬਹੁਤਾਤ ਵਿੱਚ ਦੁੱਧ ਤੁਸੀ ਕਿਵੇਂ ਪੈਦਾ ਕਰਦੇ ਹੋ? ਸਖਤੀ ਨਾਲ ਪੜਤਾਲ ਕਰਨ ਤੇ ਠੱਲ ਪੈ ਸਕਦੀ ਹੈ ਨਹੀਂ ਤਾਂ ਦੁੱਧ ਦੇ ਨਾਮ ਤੇ ਜ਼ਹਿਰ ਪੀਣ ਵਾਲਿਆਂ ਦੀ ਜਾਨ ਨੂੰ ਖਤਰਾ ਹੀ ਖਤਰਾ ਹੈ ।
    ਦੁੱਧ ਮਾਫੀਆ ਦੀ ਗੁੰਡਾਗਰਦੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਗਰਮੀ ਦੇ ਮਹੀਨਿਆਂ ਵਿੱਚ ਦੁੱਧ ਤੋਂ ਬਣਨ ਵਾਲੇ ਖਾਦ ਪਦਾਰਥਾਂ ਖੋਆ, ਪਨੀਰ, ਮਿਠਾਈਆਂ ਤੇ ਪਾਬੰਦੀ ਲਗਾਈ ਜਾਵੇ ਕਿਉਕਿ ਜਾਨ ਹੈ ਤਾਂ ਹੀ ਜਹਾਨ ਹੈ । ਜਿਵੇਂ ਨਸ਼ੇ ਦੀਆਂ ਵਸਤੂਆਂ ਤੇ ਛਾਪੇ ਮਾਰਨ ਲਈ ਵਿਸ਼ੇਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਉਸੇ ਤਰ੍ਹਾਂ ਸਰਕਾਰ ਮਿਲਾਵਟੀ ਜ਼ਹਿਰੀਲਾ ਸਿੰਥੈਟਿਕ ਦੁੱਧ ਬਣਾਉਣ ਵਾਲੇ ਅੱਡਿਆਂ ਤੇ ਛਾਪੇਮਾਰੀ ਕਰੇ । ਇਸ ਧੰਦੇ ਦੇ ਤੇਜ਼ੀ ਨਾਲ ਵਧਣ ਦਾ ਕਾਰਨ ਸਿਹਤ ਅਧਿਕਾਰੀ ਦਾ ਗੂੜੀ ਨੀਂਦ ਸੁਤੇ ਹੋਣਾ ਵੀ ਹੈ, ਨਹੀਂ ਤਾਂ ਨਕਲੀ ਦੁੱਧ ਬਣਾਉਣ ਵਾਲਿਆਂ ਦੀ ਕੀ ਜ਼ੁਅਰਤ ਕਿ ਉਹ ਲੋਕਾਂ ਨੂੰ ਜ਼ਹਿਰੀਲਾ ਦੁੱਧ ਪੀਣ ਲਈ ਮਜ਼ਬੂਰ ਕਰਨ । ਸੋ ਇਸ ਅਤਿ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ । ਸਿਹਤ ਵਿਭਾਗ ਅਤੇ ਦੂਜੀਆਂ ਸਾਰੀਆਂ ਪ੍ਰਸ਼ਾਸਨਿਕ ਸੰਸਥਾਵਾਂ ਨੂੰ ਮਿਲਾਵਟ ਦੇ ਇਸ ਧੰਦੇ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਹੀ ਅਸੀਂ ਭਵਿੱਖ ਵਿੱਚ ਪੰਜਾਬ ਦੇ ਜਨਜੀਵਨ ਨੂੰ ਬਰਬਾਦ ਹੋਣ ਤੋਂ ਬਚਾਅ ਸਕਦੇ ਹਾਂ ।
    ਨਕਲੀ ਦੁੱਧ ਮਾਫੀਆ ਨੂੰ ਨੱਥ ਪਾਉਣ ਦੇ ਉਪਾਅ:-
    ਬੁੱਧੀਜੀਵੀਆਂ ਦਾ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਸੁਝਾਅ ਹੈ ਕਿ ਲੋਕਾਂ ਦੀ ਜਾਨ ਨਾਲ ਨਕਲੀ ਦੁੱਧ ਸਪਲਾਈ ਕਰਕੇ ਹੋ ਰਹੇ ਖਿਲਵਾੜ ਨੂੰ ਬੰਦ ਕਰਨ ਲਈ ਇੱਕ ਵਿਸ਼ੇਸ ਮੁਹਿੰਮ ਚਲਾਈ ਜਾਵੇ ਜਿਸ ਲਈ ਜਿਸ ਲਈ ਇੱਕ ਚਲਦੀ ਫਿਰਦੀ ਐਡਵਾਂਸ ਟੈਕਨਾਲੋਜੀ ਵਾਲੀ ਲੈਬਾਰਟਰੀ ਤਿਆਰ ਕੀਤੀ ਜਾਵੇ । ਇਸ ਮੁਹਿੰਮ ਨੂੰ ਚਲਾਉਣ ਲਈ ਇੱਕ ਵਿਸ਼ੇਸ ਟੀਮ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਇਲਾਕੇ ਦੇ ਨੁਮਾਇੰਦੇ ਕੌਸਲਰ/ਸਰਪੰਚ, ਇਲਾਕੇ ਦਾ ਐਸ.ਐਚ.ਓ., ਤਹਿਸੀਲਦਾਰ ਅਤੇ ਨੇੜੇ ਦੇ ਮੈਡੀਕਲ ਅਫਸਰ ਦੀ ਟੀਮ ਸਾਂਝੇ ਤੌਰ ਤੇ ਇਮਾਨਦਾਰੀ ਨਾਲ ਕੰਮ ਕਰਨ ਕਿਉਂਕਿ ਇਹ ਜ਼ਹਿਰ ਕਿਸੇ ਨਾ ਕਿਸੇ ਰੂਪ ‘ਚ ਉਨਾਂ ਦੇ ਘਰ ਵੀ ਪਹੁੰਚ ਰਿਹਾ ਹੈ ।ਇਨਾਂ ਅਧਿਕਾਰੀਆਂ ਦੀ ਹਾਜ਼ਰੀ ‘ਚ ਅਚਾਨਕ ਛਾਪੇ ਮਾਰ ਕੇ ਦੁੱਧ ਅਤੇ ਦੁੱਧ ਤੋਂ ਬਣੇ ਖਾਦ ਪਦਾਰਥਾਂ ਦੇ ਸੈਂਪਲ ਭਰੇ ਜਾਣ ਅਤੇ ਉਕਤ ਟੀਮ ਨੂੰ ਬਤੌਰ ਗਵਾਹ ਸ਼ਾਮਲ ਕੀਤਾ ਜਾਵੇ । ਮੌਕੇ ਤੇ ਮਿਲਾਵਟਖੋਰ ਨੌਕਰ ਅਤੇ ਮਾਲਕ ਦੋਵਾਂ ਨੂੰ ਦੋਸ਼ੀ ਪਾਏ ਜਾਣ ਤੇ ਦਬੋਚਿਆ ਜਾਵੇ ਅਤੇ ਦੋਸ਼ੀ ਪਾਏ ਜਾਣ ਤੇ ਸਖਤ ਕਾਨੂੰਨ ਬਣਾਕੇ ਸਜਾਵਾਂ ਦਿਤੀਆਂ ਜਾਣ ।

    ਮੁਹੰਮਦ ਜਮੀਲ ਜੌੜਾ (ਐਮ.ਏ. ਜਰਨਾਲਿਜ਼ਮ)
    ਗਰੀਨ ਟਾਊਨ, ਕਿਲਾ ਰਹਿਮਤਗੜ੍ਹ
    ਮਾਲੇਰਕੋਟਲਾ, ਜ਼ਿਲਾ ਸੰਗਰੂਰ (ਪੰਜਾਬ)
    ਮੋਬਾਇਲ : 9417969547

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!