4.4 C
United Kingdom
Saturday, March 7, 2026

More

    ਮਜ਼ਦੂਰ ਜੱਥੇਬੰਦੀਆਂ ਵੱਲੋਂ ਪੰਜਾਬ ’ਚ 17 ਥਾਵਾਂ ’ਤੇ ਰੋਸ ਪ੍ਰਦਰਸ਼ਨ

    ਅਸ਼ੋਕ ਵਰਮਾ
    ਚੰਡੀਗੜ 11 ਸਤੰਬਰ । ‘ਪੇਂਡੂ ’ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਵਿੱਚ ਸ਼ਾਮਲ ਮਜ਼ਦੂਰ ਜੱਥੇਬੰਦੀਆਂ ; ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਅਤੇ ਪੰਜਾਬ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਅੱਜ ਦੇ ਰੋਸ ਐਕਸ਼ਨ ਦੌਰਾਨ ਜਲੰਧਰ, ਅਮਿ੍ਰਤਸਰ, ਤਰਨਤਾਰਨ, ਮੋਗਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਬਰਨਾਲਾ, ਸੰਗਰੂਰ, ਫਰੀਦਕੋਟ, ਨਵਾਂ ਸ਼ਹਿਰ, ਪਠਾਨਕੋਟ  ਅਤੇ ਗੁਰਦਾਸਪੁਰ ਸਮੇਤ 12 ਜਿਲਾ ਕੇਂਦਰਾਂ ਤੋਂ ਇਲਾਵਾ ਸਰਦੂਲਗੜ, ਸੁਲਤਾਨਪੁਰ ਲੋਧੀ, ਜਗਰਾਓਂ, ਅਬੋਹਰ, ਪਾਤੜਾਂ ਸਣੇ 5 ਸਬ ਡਿਵੀਜ਼ਨ ਕੇਂਦਰਾਂ ‘ਤੇ ਵਿਸ਼ਾਲ ਰੋਸ ਧਰਨੇ ਮਾਰਨ ਉਪਰੰਤ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ।
                          ਅੱਜ ਦੇ ਰੋਸ ਐਕਸ਼ਨਾਂ ਦੀ ਅਗਵਾਈ ਦਰਸ਼ਨ ਨਾਹਰ, ਜੋਰਾ ਸਿੰਘ ਨਸਰਾਲੀ, ਤਰਸੇਮ ਪੀਟਰ, ਬਬਲੀ ਅਟਵਾਲ, ਸੰਜੀਵ ਕੁਮਾਰ ਮਿੰਟੂ, ਗੁਰਨਾਮ ਸਿੰਘ ਦਾਊਦ, ਅਵਤਾਰ ਸਿੰਘ ਰਸੂਲਪੁਰ , ਸੁਖਪਾਲ ਸਿੰਘ ਖਿਆਲੀ ਵਾਲਾ, ਲਛਮਣ ਸਿੰਘ ਸੇਵੇ ਵਾਲਾ,ਮਹੀਪਾਲ , ਹਰਮੇਸ਼ ਮਾਲੜੀ, ਕਸ਼ਮੀਰ ਸਿੰਘ ਘੁੱਗਸ਼ੋਰ, ਬਲਵੰਤ ਸਿੰਘ ਮੱਖੂ, ਲਖਵੀਰ ਸਿੰਘ ਲੌਂਗੋਵਾਲ, ਧਰਮਪਾਲ ਨੇ ਕੀਤੀ। ਆਗੂਆਂ ਨੇ ਐਲਾਨ ਕੀਤਾ ਕਿ ਅੱਜ ਦੇ ਸਫਲ ਸੂਬਾਈ ਐਕਸ਼ਨ ਤੋਂ ਬਾਅਦ ਵੀ ਜੇ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਾ ਸਰਕੀ ਤਾਂ ਮੋਰਚੇ ਵਿੱਚ ਸ਼ਾਮਲ ਧਿਰਾਂ ਦੀ ਸਾਂਝੀ ਮੀਟਿੰਗ ਵਿੱਚ ਅਗਲੇਰੇ ਉੱਚ ਪੱਧਰ ਦੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ । ਉਨਾਂ ਕਿਹਾ ਕਿ ਮੰਗ ਪੱਤਰ ਵਿੱਚ ਦਰਜ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਜਿੱਤ ਤੱਕ ਜਾਰੀ ਰੱਖਿਆ ਜਾਵੇਗਾ।
    ਇਸ ਮੌਕੇ ਸ਼ਾਮਲ ਕਿਰਤੀ ਆਗੂਆਂ ਨੇ ਗਰੀਬ ਲੋਕਾਂ ਦੇ  ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਸਮੁੱਚੇ ਕਰਜ਼ੇ ਮਾਫ ਕੀਤੇ ਜਾਣ, ਕਰਜ਼ ਉਗਰਾਹੀ ਲਈ ਜੋਰਾ ਜਬਰੀ ਅਤੇ ਗਰੀਬਾਂ ਦੇ ਅੰਗੂਠੇ/ ਦਸਤਖਤ ਵਾਲੇ ਖਾਲੀ ਚੈੱਕ ਆਦਿ ਰਾਹੀਂ ਬਲੈਕ ਮੇਲਿੰਗ ਕਰ ਰਹੀਆਂ ਕੰਪਨੀਆਂ ਖਿਲਾਫ ਸਖਤ ਕਾਰਵਾਈ ਕਰਨ, ਕੋਰੋਨਾ ਦੀ ਆੜ ਵਿੱਚ ਜਨ ਸੰਘਰਸ਼ਾਂ ਤੇ ਲਾਈਆਂ ਪਾਬੰਦੀਆਂ ਅਤੇ ਲੋਕ ਆਗੂਆਂ ਖਿਲਾਫ ਦਰਜ ਕੀਤੇ ਪਰਚੇ ਰੱਦ, ਹਰ ਕਿਰਤੀ ਪਰਿਵਾਰ ਨੂੰ ਮੁਕੰਮਲ ਰਾਸ਼ਨ ਅਤੇ 10 ਹਜਾਰ ਰੁਪਏ ਪ੍ਰਤੀ ਮਹੀਨਾ ਨਗਦ ਮੁਆਵਜ਼ਾ ਦਿੱਤਾ ਜਾਵੇ, ਮਨਰੇਗਾ ਤਹਿਤ ਸਾਰੇ ਪਰਿਵਾਰ ਨੂੰ ਸਾਰਾ ਸਾਲ ਸੱਤ ਸੌ ਰੁਪਏ ਪ੍ਰਤੀ ਦਿਨ ਦੀ ਉਜਰਤ ਸਮੇਤ ਕੰਮ ਦੇਣ, ਮਜ਼ਦੂਰਾਂ ਨੂੰ ਸਥਾਈ ਰੁਜ਼ਗਾਰ ਦੀ ਗਰੰਟੀ ਕਰਨ, ਸ਼ਹਿਰੀ ਤੇ ਪੇਂਡੂ ਕਿਰਤੀ ਪਰਿਵਾਰਾਂ ਦੇ ਪਿਛਲੇ ਬਕਾਇਆਂ ਸਮੇਤ ਸਮੁੱਚੇ ਬਿਜਲੀ ਬਿੱਲ ਮਾਫ ਸਮੇਤ ਮਜਦੂਰਾਂ ਵੱਲੋਂ ਰੱਖੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।
                   ਇਕੱਠਾਂ ਵਿੱਚ ਦੋਹੇਂ ਹੱਥ ਖੜੇ ਕਰ ਕੇ ਸਰਵਸੰਮਤੀ ਨਾਲ ਪਾਸ ਕੀਤੇ ਮਤਿਆਂ ਰਾਹੀਂ, ਬੀਤੇ ਦਿਨੀਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸੰਯੁਕਤ ਸਕੱਤਰ ਸਾਥੀ ਜਗਜੀਤ ਸਿੰਘ ਜਸੇਆਣਾ ਉੱਪਰ ਦਲਿਤ ਵਿਰੋਧੀ ਜਾਤੀਵਾਦੀ ਮਾਨਸਿਕਤਾ ਅਧੀਨ ਜਾਨਲੇਵਾ ਹਮਲਾ ਕਰਨ ਵਾਲੇ ਪਿੰਡ ਸੱਕਾਂ ਵਾਲੀ ਜਿਲਾ ਮੁਕਤਸਰ ਦੇ ਸਾਬਕਾ ਸਰਪੰਚ ਦੀ ਫੌਰੀ ਗਿ੍ਰਫਤਾਰੀ ਦੀ ਮੰਗ ਕਰਦਿਆਂ, ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਦੇ ਇਸ ਵਿਅਕਤੀ ਦੀ ਕਥਿਤ ਪਿੱਠ ਪੂਰਦੇ ਅਖਬਾਰੀ ਬਿਆਨ ਦੀ ਜੋਰਦਾਰ ਨਿੰਦਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇ ਵਾਲਾ, ਸੂਬਾ ਆਗੂ ਤੀਰਥ ਸਿੰਘ ਕੋਠਾ ਗੁਰੂ ਅਤੇ ਹੋਰਨਾਂ ਨੂੰ ਪੁਲਸ ਵਲੋਂ ਤੰਗ ਪਰੇਸ਼ਾਨ ਕੀਤੇ ਜਾਣਾ ਬੰਦ ਕਰਨ ਦੀ ਵੀ ਮੰਗ ਕੀਤੀ ਗਈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!