24.1 C
United Kingdom
Wednesday, June 24, 2026

More

    ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ

    ਅਸ਼ੋਕ ਵਰਮਾ
    ਬਠਿੰਡਾ, 2 ਸਤੰਬਰ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਅਨਲਾੱਕ 4 ਤਹਿਤ 30 ਸਤੰਬਰ 2020 ਤੱਕ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਰੀ ਕੀਤੀਆਂ ਗਈਆਂ ਇਨਾਂ ਹਦਾਇਤਾਂ ਅਨੁਸਾਰ ਹਰ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਜ਼ਿਲੇ ਅੰਦਰ ਵੀਕੈਂਡ ਕਰਫਿਊ ਰਹੇਗਾ। ਇਸ ਤੋਂ ਇਲਾਵਾ ਹਫ਼ਤੇ ਦੇ ਸੱਤੇ ਦਿਨ ਸ਼ਾਮ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਇਸ ਦੌਰਾਨ ਗੈਰ ਜ਼ਰੂਰੀ ਗਤੀਵਿਧੀਆਂ ਪੂਰਨ ਤੌਰ ‘ਤੇ ਬੰਦ ਰਹਿਣਗੀਆਂ।
    ਜ਼ਿਲਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਜਿਵੇਂ ਨੈਸ਼ਨਲ ਅਤੇ ਸਟੇਟ ਹਾਈਵੇ ‘ਤੇ ਲੋਕਾਂ ਅਤੇ ਵਸਤਾਂ ਦੀ ਆਵਾਜਾਈ, ਅੰਤਰਰਾਜ਼ੀ ਅਤੇ ਰਾਜ ਦੇ ਅੰਦਰ ਵਿਅਕਤੀਆਂ ਅਤੇ ਜ਼ਰੂਰੀ ਵਸਤਾਂ ਸਬੰਧੀ ਆਵਾਜਾਈ ਹੋ ਸਕੇਗੀ। ਇਸ ਤੋਂ ਇਲਾਵਾ ਬੱਸਾਂ, ਟਰੇਨਾਂ ਅਤੇ ਹਵਾਈ ਸਫ਼ਰ ਕਰਨ ਵਾਲੇ ਵਿਅਕਤੀਆਂ ਨੂੰ ਯਾਤਰਾ ਸਬੰਧੀ ਪ੍ਰਵਾਨਗੀ ਹੋਵੇਗੀ।
    ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਜਿਵੇਂ ਸਿਹਤ, ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਮੱਛੀ ਪਾਲਣ ਗਤੀਵਿਧੀਆਂ, ਬੈਂਕ, ਏ.ਟੀ.ਐਮ., ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆਨ-ਲਾਈਨ ਅਧਿਆਪਨ, ਪਬਲਿਕ ਯੂਟੀਲੀਟਿਜ਼, ਪਬਲਿਕ ਟਰਾਂਸਪੋਰਟ ਇੰਡਸਟਰੀ ਵੱਖ-ਵੱਖ ਸ਼ਿਫਟਾਂ ਵਿੱਚ, ਉਸਾਰੀ ਇੰਡਸਟਰੀ, ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰ, ਮੀਡੀਆ ਨੂੰ ਪ੍ਰਵਾਨਗੀ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਬੋਰਡਾਂ, ਪਬਲਿਕ ਸਰਵਿਸ ਕਮਿਸ਼ਨਾਂ ਅਤੇ ਹੋਰ ਅਦਾਰਿਆਂ ਵੱਲੋਂ ਲਏ ਜਾਣ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਦੀ ਪ੍ਰੀਖਿਆ, ਦਾਖਲਾ ਟੈਸਟਾਂ ਸਬੰਧੀ ਆਵਾਜਾਈ ਨੂੰ ਵੀ ਪ੍ਰਵਾਨਗੀ ਹੋਵੇਗੀ।
    ਜਾਰੀ ਹੁਕਮਾਂ ਅਨੁਸਾਰ ਦੁਕਾਨਾਂ ਅਤੇ ਮਾਲਜ਼ ਸੋਮਵਾਰ ਤੋਂ ਸ਼ੁਕਰਵਾਰ ਤੱਕ ਸ਼ਾਮ ਦੇ 6:30 ਵਜੇ ਤੱਕ ਖੁੱਲਣਗੇ ਅਤੇ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਬੰਦ ਰਹਿਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ, ਧਾਰਮਿਕ ਅਸਥਾਨ, ਖੇਡ ਕੰਪਲੈਕਸ, ਸਟੇਡੀਅਮ ਅਤੇ ਪਬਲਿਕ ਕੰਪਲੈਕਸ, ਰੈਸਟੋਰੈਂਟਸ, ਮਾਲਜ਼ ਵਿੱਚ ਹੋਟਲਜ਼, ਸ਼ਰਾਬ ਦੇ ਠੇਕੇ ਹਫ਼ਤੇ ਦੇ ਸੱਤ ਦਿਨ ਸ਼ਾਮ 6:30 ਤੱਕ ਖੁਲੇ ਰਹਿਣਗੇ। ਇਸ ਤੋਂ ਇਲਾਵਾ ਸਾਰੇ ਹੋਟਲਜ਼ ਵੀ ਖੁੱਲੇ ਰਹਿਣਗੇ।
    ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਚਾਰ ਪਹੀਆ ਵਾਹਨ ‘ਤੇ ਸਿਰਫ਼ 3 ਸਵਾਰੀਆਂ ਸਮੇਤ ਡਰਾਇਵਰ ਹੀ ਸਫ਼ਰ ਕਰ ਸਕਦੇ ਹਨ। ਇਸ ਤੋਂ ਇਲਾਵਾ ਬੱਸਾਂ ਅਤੇ ਪਬਲਿਕ ਟਰਾਂਪੋਰਟ ਵਾਹਨਾਂ ਵਿੱਚ ਸਮਰੱਥਾ ਨਾਲੋਂ 50 ਫੀਸਦੀ ਘੱਟ ਸਵਾਰੀਆਂ ਹੀ ਸਫ਼ਰ ਕਰ ਸਕਦੀਆਂ ਹਨ ਅਤੇ ਕੋਈ ਵੀ ਵਿਅਕਤੀ ਖੜਾ ਨਹੀਂ ਰਹੇਗਾ।ਉਨਾਂ ਦੱਸਿਆ ਕਿ ਅਧੀਨ ਧਾਰਾ 144 ਤਹਿਤ ਹਰ ਤਰਾਂ ਦੇ ਸਮਾਜਿਕ, ਰਾਜਨੀਤਿਕ, ਧਾਰਮਿਕ ਇੱਕਠ, ਧਰਨਿਆਂ ਅਤੇ ਮੁਜ਼ਾਹਰਿਆਂ ‘ਤੇ ਮੁਕੰਮਲ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਵਿਆਹ-ਸ਼ਾਦੀਆਂ ਲਈ 30 ਵਿਅਕਤੀ ਅਤੇ ਭੋਗ-ਸੰਸਕਾਰ ਮੌਕੇ 20 ਵਿਅਕਤੀਆਂ ਦੇ ਇੱਕਠ ਦੀ ਹੀ ਮੰਨਜ਼ੂਰੀ ਹੈ।
    ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਵਿੱਚ 50 ਫੀਸਦੀ ਸਟਾਫ਼ ਹੀ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਮਹੀਨੇ ਦੇ ਆਖਿਰ ਤੱਕ ਹਰ ਰੋਜ਼ 50 ਫੀਸਦੀ ਕਰਮਚਾਰੀ ਹੀ ਦਫ਼ਤਰੀ ਕੰਮ ਕਾਜ ਕਰਨਗੇ। ਉਨਾਂ ਨਾਲ ਹੀ ਕਿਹਾ ਕਿ ਦਫ਼ਤਰਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਆਨ-ਲਾਈਨ ਪ੍ਰਣਾਲੀ ਰਾਹੀਂ ਨੇਪਰੇ ਚਾੜਿਆ ਜਾਵੇ ਤਾਂ ਜੋ ਇੱਕ ਵਿਅਕਤੀ ਕਿਸੇ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਨਾ ਆ ਸਕੇ। ਉਨਾਂ ਦੱਸਿਆ ਕਿ ਇਹ ਹਦਾਇਤਾਂ ਸ਼ਹਿਰੀ ਖੇਤਰਾਂ ‘ਤੇ ਲਾਗੂ ਹੋਣਗੀਆਂ। ਉਪਰੋਕਤ ਹੁਕਮ ਜ਼ਿਲੇ ਵਿੱਚ 30 ਸਤੰਬਰ ਤੱਕ ਲਾਗੂ ਰਹਿਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!