ਰਜਨੀ ਵਾਲੀਆ, ਕਪੂਰਥਲਾ
ਮੈਂ ਕਿਰਤੀ ਦੀ ਕਿਰਤ ਦੇ ਸਦਕੇ,
ਖਾਂਦਾ ਹੱਕ ਹਲਾਲ ਦੀ |
ਉਹ ਆਪਣੇ ਬਾਲਾਂ ਨੂੰ ਦੇਵੇ,
ਗੁੜਤੀ ਬਹੁਤ ਕਮਾਲ ਦੀ |
ਮੈਂ ਕਿਰਤੀ ਦੀ ਕਿਰਤ ਦੇ ਸਦਕੇ,
ਖਾਂਦਾ ਹੱਕ ਹਲਾਲ ਦੀ |
ਇੱਕ ਹੋਵੇ ਤਾਂ ਅੱਧੀ-ਅੱਧੀ,
ਖਾ ਕੇ ਕਰੇ ਗੁਜਾਰਾ ਓ |
ਭੁੱਖੇ ਢਿੱਡ ਰਹਿਣਾ ਮਨਜੂਰ,
ਲੱਭਦਾ ਨਹੀਂ ਸਹਾਰਾ ਓ |
ਥਾਂ-ਥਾਂ ਜਾ ਕੇ ਦੱਸੇ ਨਾ ,
ਕਹਾਣੀ ਆਪਣੇ ਹਾਲ ਦੀ |
ਕਿਰਤੀ ਦੀ ਕਿਰਤ ਦੇ ਸਦਕੇ,
ਖਾਂਦਾ ਹੱਕ ਹਲਾਲ ਦੀ |
ਕਿਰਤੀ ਖੂਨ-ਪਸੀਨਾ ਰੋੜੇ,
ਹੱਕ ਕਦੀ ਨਾ ਛੱਡੇ |
ਚਾਅ ਸਾਈਕਲ ਦੀ ਚੈਨ,
ਨਵੀਂ ਦਾ ਸੌ਼ਕ ਨਾ ਪਾਲੇ ਵੱਡੇ |
ਹਰ ਪ੍ਰਸ਼ਨ ਦਾ ਉੱਤਰ ਬਣਦਾ,
ਗੱਲ ਨਾ ਕਰੇ ਸਵਾਲ ਦੀ |
ਕਿਰਤੀ ਦੀ ਕਿਰਤ ਦੇ ਸਦਕੇ,
ਖਾਂਦਾ ਹੱਕ ਹਲਾਲ ਦੀ |
ਸ਼ਾਹੂਕਾਰਾਂ ਲਈ ਪੱਕੇ ਬਣਾਵੇਂ,
ਤੇਰਾ ਕੱਚਿਆਂ ਵਿੱਚ ਰੈਣ ਬਸੇਰਾ |
ਮੋਮਬੱਤੀ ਵੀ ਨਈ ਮੰਗਦਾ ਕਿਸੇ ਤੋਂ,
ਭਾਵੇਂ ਘਰ ਵਿੱਚ ਰਵੇ ਹਨੇਰਾ |
ਤੈਨੂੰ ਤੇਰੀ ਅੰਮੀ ਰੋਜ਼ ਹੀ,
ਭਰ ਛੰਨਾਂ ਸਬਰ ਪਿਆਲਦੀ |
ਕਿਰਤੀ ਦੀ ਕਿਰਤ ਦੇ ਸਦਕੇ,
ਖਾਂਦਾ ਹੱਕ ਹਲਾਲ ਦੀ |
ਹੱਥ ਹਥੌੜੇ ਵਰਗੇ ਤੇਰੇ,
ਫੜ ਪੱਥਰ ਵੀ ਤੂੰ ਚੂਰ ਕਰੇਂਦਾ |
ਚੌਧਰੀ ਜੇ ਕਰ ਕੱਬਾ ਪੈ ਜਾਏ,
ਫਿਰ ਉਸ ਦੇ ਭੁਲੇਖੇ ਦੂਰ ਕਰੇਂਦਾ |
ਹੱਕ ਨਾ ਦੇਵੇਂ ਖਾਣ ਕਿਸੇ ਨੂੰ,
ਸੌਂਹ ਲੱਗੇ ਮਹਾਂ-ਕਾਲ ਦੀ |
ਕਿਰਤੀ ਦੀ ਕਿਰਤ ਦੇ ਸਦਕੇ,
ਖਾਂਦਾ ਹੱਕ ਹਲਾਲ ਦੀ |
ਬਾਲਾਂ ਦੀਆਂ ਤੂੰ ਰੀਝਾਂ ਖਾਤਿਰ,
ਆਪਣੇਂ ਪਿੰਡੇ ਤਪਸ਼ ਹੰਢਾਵੇਂ |
ਤੜਕ ਸਾਰ ਪ੍ਰਸ਼ਾਦਾ ਛੱਕ ਕੇ,
ਸ਼ਾਹਵੇਲਾ ਫਿਰ ਬਾਹਰ ਹੀ ਖਾਵੇਂ |
ਕਿਰਤੀ ਦਾ ਕਿਰਦਾਰ ਉੱਚਾ ਰਜਨੀ,
ਕਦਰ ਕਰੇ ਉਸਦੇ ਖਿਆਲ ਦੀ |
ਕਿਰਤੀ ਦੀ ਕਿਰਤ ਦੇ ਸਦਕੇ,
ਖਾਂਦਾ ਹੱਕ ਹਲਾਲ ਦੀ |