?ਕਿਹਾ ਤਬਲੀਗੀ ਜਮਾਤ ਨੂੰ ਬਣਾਇਆ “ਬਲੀ ਦਾ ਬੱਕਰਾ”
?ਕੋਰਟ ਵੱਲੋਂ ਮੀਡੀਆ ‘ਤੇ ਤਲਖ ਟਿੱਪਣੀ “ਤਬਲੀਗੀ ਜਮਾਤ ਨੂੰ ਕਰੋਨਾ ਵਾਇਰਸ ਫੈਲਾਉਣ ਦਾ ਜ਼ਿੰਮੇਦਾਰ ਦੱਸ ਕੇ ਪ੍ਰੋਪੇਗੰਡਾ ਚਲਾਇਆ ਗਿਆ”
ਮਾਲੇਰਕੋਟਲਾ, 23 ਅਗਸਤ (ਜਮੀਲ ਜੌੜਾ)
ਮਾਰਚ ਮਹੀਨੇ ਵਿੱਚ ਦਿਲੀ ਦੇ ਮਰਕਜ਼ ਨਿਜਾਮੂਦੀਨ ਵਿਖੇ ਆਮ ਦਿਨਾਂ ਦੀ ਤਰ੍ਹਾਂ ਹੀ ਤਬਲੀਗੀ ਜਮਾਤ ਦਾ ਸਮਾਗਮ ਹੋਇਆ ਸੀ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੋਕ ਸ਼ਾਮਲ ਹੋਏ ਅਤੇ ਦੇਸ਼ ਦੇ ਕੁਝ ਮੀਡੀਆ ਰਿਪੋਰਟਰਜ਼ ਨੇ ਦੇਸ਼ ਦੇ ਸਾਰੇ ਕਰੋਨਾ ਮਾਮਲੇ ਮਰਕਜ਼ ਨਾਲ ਹੀ ਜੋੜ ਦਿਤੇ ।
ਦਿੱਲੀ ਨਿਜ਼ਾਮੂਦੀਨ ਮਰਕਜ਼ ਮਾਮਲਾ ਬੰਬੇ ਹਾਈਕੋਰਟ ਦੀ ਔਰੰਗਾਬਾਦ ਬੈਂਚ ਨੇ ਸ਼ਨਿਵਾਰ 22 ਅਗਸਤ ਨੂੰ ਵਿਦੇਸ਼ੀ ਤਬਲੀਗੀ ਜਮਾਤ ਦੇ ਮੈਂਬਰਾਂ ਸਮੇਤ ਕਈ ਵਿਅਕਤੀਆਂ ਦੇ ਖਿਲਾਫ ਦਰਜ ਐਫ.ਆਈ.ਆਰ. ਰੱਦ ਕਰ ਦਿਤੀ ਹੈ । ਕੋਰਟ ਨੇ ਕਿਹਾ ਕਿ ਇਸ ਮਾਮਲੇ ‘ਚ ਤਬਲੀਗੀ ਜਮਾਤ ਨੂੰ “ਬਲੀ ਦਾ ਬੱਕਰਾ” ਬਣਾਇਆ ਗਿਆ ਹੈ । ਇਸ ਮਾਮਲੇ ‘ਚ ਕੋਰਟ ਨੇ ਮੀਡੀਆ ਸਬੰਧੀ ਤਲਖ ਟਿਪਣੀ ਕਰਦੇ ਹੋਏ ਕਿਹਾ ਕਿ ਮੀਡੀਆ ਨੇ ਤਬਲੀਗੀ ਜਮਾਤ ਨੂੰ ਕਰੋਨਾ ਵਾਇਰਸ ਫੈਲਾਉਣ ਦਾ ਜ਼ਿੰਮੇਦਾਰ ਦੱਸ ਕੇ ਪ੍ਰੋਪੇਗੰਡਾ ਚਲਾਇਆ ਗਿਆ ।
ਵਿਦੇਸ਼ੀ ਨਾਗਰਿਕਾਂ ਤੋਂ ਇਲਾਵਾ 5 ਭਾਰਤੀ ਅਤੇ ਹੋਰ ਕਈ ਮਸਜਿਦਾਂ ਦੇ ਟਰਸਟੀਆਂ ਦੇ ਖਿਲਾਫ ਸ਼ਰਨ ਦੇਣ ਨੂੰ ਲੈ ਕੇ ਮਹਾਰਾਸ਼ਟਰ ਪੁਲਿਸ ਨੇ ਮਹਾਮਾਰੀ ਐਕਟ, ਮਹਾਰਾਸ਼ਟਰ ਪੁਲਿਸ ਐਕਟ, ਡਿਜਾਸਟਰ ਮੈਨੇਜਮੈਂਟ ਐਕਟ ਅਤੇ ਫਾਰਨਰਜ਼ ਐਕਟ ਨਾਲ ਸਬੰਧਤ ਧਾਰਾਵਾਂ ਅਧੀਨ ਮੁਕਦਮਾ ਦਰਜ ਕੀਤਾ ਗਿਆ ਸੀ ।
ਜਸਟਿਸ ਟੀਵੀ ਨਲਾਵਡੇ ਅਤੇ ਜਸਟਿਸ ਐਮ ਜੀ ਸੇਵਲਿਕਰ ਦੀ ਡਵੀਜ਼ਨ ਬੈਂਚ ਨੇ ਆਇਵਰੀ ਕੋਸਟ, ਘਾਨਾ, ਤੰਨਜਾਨੀਆ, ਜ਼ਿਬੂਤੀ, ਬੇਨਿਨ ਅਤੇ ਇੰਡੋਨੇਸ਼ੀਆ ਦੇ ਅਪੀਲਕਰਤਾਵਾਂ ਦੀ ਅਪੀਲ ਤੇ ਸੁਨਵਾਈ ਕੀਤੀ । ਮਹਾਰਾਸ਼ਟਰ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਇਨ੍ਹਾਂ ਲੋਕਾਂ ਤੇ ਅਲਗ-ਅਲਗ ਮਸਜਿਦਾਂ ‘ਚ ਰਹਿਣ ਅਤੇ ਨਮਾਜ ਪੜ੍ਹਨ ਦੀ ਸੂਚਨਾ ਮਿਲੀ ਸੀ ਜੋ ਕਿ ਲਾਕਡਾਊਨ ਦੇ ਆਦੇਸ਼ਾਂ ਦਾ ਉਲੰਘਣ ਸੀ ਜਿਸ ਕਾਰਣ ਉਕਤ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ । ਅਪੀਲ ਕਰਤਾਵਾਂ ਨੇ ਕਿਹਾ ਕਿ ਉਹ ਕਾਨੂੰਨੀ ਪ੍ਰਕਿਰਿਆ ਅਨੁਸਾਰ ਵੀਜ਼ਾ ਲੈ ਕੇ ਭਾਰਤ ਆਏ ।ਉਨਾਂ ਇਹ ਵੀ ਕਿਹਾ ਕਿ ਆਉਣ ਸਮੇਂ ਏਅਰ ਪੋਰਟ ਤੇ ਉਨਾਂ ਦੀ ਸਕਰੀਨਿੰਗ ਦੌਰਾਨ ਨੈਗੇਟਿਵ ਪਾਏ ਜਾਣ ਤੇ ਹੀ ਏਅਰ ਪੋਰਟ ਤੋਂ ਬਾਹਰ ਜਾਣ ਦਿਤਾ ਗਿਆ ਸੀ ।