ਭਗਤਾ ਭਾਈ (ਪੰਜ ਦਰਿਆ ਬਿਊਰੋ)
ਕੌਣ ਕਹਿੰਦਾ ਹੈ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਹਨ? ਪਿੰਡ ਕੋਠਾ ਗੁਰੂ ਦੀ ਧੀ ਕਰਮਜੀਤ ਕੌਰ ਨੂੰ ਆਸਟ੍ਰੇਲੀਅਨ ਫ਼ੌਜ ‘ਚ ਸੇਵਾਵਾਂ ਨਿਭਾਉਣ ਦਾ ਮਾਣ ਹਾਸਲ ਹੋਇਆ ਹੈ। ਛੇ ਸਾਲਾ ਧੀ ਦੀ ਮਾਂ ਹੋਣ ਦੇ ਬਾਵਜੂਦ ਵੀ ਕਰਮਜੀਤ ਕੌਰ ਨੇ ਇਹ ਕ੍ਰਿਸ਼ਮਾ ਕਰ ਦਿਖਾਇਆ ਅਤੇ ਅੱਜ ਦੇ ਕੋਰੋਨਾ ਮਹਾਮਾਰੀ ਦੇ ਦੌਰ ‘ਚ ਉਹ ਬਾਖੂਬੀ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। ਕਰਮਜੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਧਨੋਆ ਅਤੇ ਮਾਤਾ ਰਾਜਿੰਦਰ ਕੌਰ ਨੇ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਦੇ ਮਨ ‘ਚ ਬਚਪਨ ਤੋਂ ਹੀ ਫ਼ੌਜ ਜਾਂ ਪੁਲਸ ‘ਚ ਭਰਤੀ ਹੋ ਕੇ ਸੇਵਾ ਨਿਭਾਉਣ ਦਾ ਸੁਪਨਾ ਸੀ।
ਭਾਰਤ ‘ਚ ਰਹਿੰਦਿਆਂ ਕਰਮਜੀਤ ਨੇ ਪੜ੍ਹਾਈ ਉਪਰੰਤ ਪੁਲਸ ਅਤੇ ਫੌਜ ‘ਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ। ਇਸੇ ਦੌਰਾਨ ਹੀ ਸਬੱਬ ਇਹ ਬਣਿਆ ਕਿ ਉਹ 2008 ‘ਚ ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਚਲੀ ਗਈ। ਜਿੱਥੇ ਪੜ੍ਹਾਈ ਉਪਰੰਤ ਉਸ ਦਾ ਵਿਆਹ ਪਰਮਿੰਦਰ ਸਿੰਘ ਵਾਸੀ ਬਠਿੰਡਾ ਨਾਲ ਹੋ ਗਿਆ। ਆਪਣੀ ਪੜ੍ਹਾਈ, ਕੰਮਕਾਜ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਉਸ ਦੇ ਸਿਰ ਹੋਣ ਦੇ ਬਾਵਜੂਦ ਵੀ ਉਸ ਨੇ ਆਪਣਾ ਫੌਜ ‘ਚ ਭਰਤੀ ਹੋਣ ਵਾਲਾ ਸੁਪਨਾ ਜਿਉਂਦਾ ਰੱਖਿਆ ਅਤੇ ਆਖਿਰ ਉਸ ਦੀ ਕੋਸ਼ਿਸ਼ ਰੰਗ ਲਿਆਈ ਅਤੇ ਉਹ ਆਸਟ੍ਰੇਲੀਅਨ ਆਰਮੀ ਦਾ ਹਿੱਸਾ ਬਣ ਗਈ।