15.3 C
United Kingdom
Monday, June 22, 2026

More

    ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਦੂਰਦਰਸ਼ਨ ’ਤੇ ਲਾਈ ਤੀਆਂ ਦੀ ਰੌਣਕ

    ਅਸ਼ੋਕ ਵਰਮਾ
    ਮਾਨਸਾ,9 ਅਗਸਤ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਅੱਜ  ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈਨਲ ਤੇ ਐਤਵਾਰ ਨੂੰ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ‘ਨੰਨੇ ਉਸਤਾਦ’ ’ਚ ਤੀਆਂ ਦੀ ਧਮਾਲ ਪਾਈ। ਪ੍ਰੋਗਰਾਮ ਏਨਾਂ ਰੋਚਕ ਰਿਹਾ ਕਿ ਬੱਚਿਆਂ ਦੀ ਪੇਸ਼ਕਾਰੀ ਤੋਂ ਨਜ਼ਰ ਹੀ ਨਹੀਂ ਹਟ ਰਹੀ ਸੀ। ਅੱਜ ਦੇ ਪ੍ਰੋਗਰਾਮ ’ਚ ਬੱਚਿਆਂ ਨੇ ਨਾਂ ਕੇਵਲ ਸਰਕਾਰੀ ਸਕੂਲਾਂ ਬਾਰੇ ਕਹੇ ਜਾਂਦੇ ਪਛੜੇਪਣ ਦਾ ਦਾਗ ਧੋ ਦਿੱਤਾ ਬਲਕਿ ਇਹ ਵੀ ਦਿਖਾ ਦਿੱਤਾ ਕਿ ਜਦੋਂਵੀ ਮੌਕਾ ਮਿਲਿਆ ਹੈ ਇਨਾਂ ਸਕੂਲਾਂ ਦੇ ਵਿਦਿਆਰਥੀ ਰੰਗ ਬੰਨਣ ’ਚ ਸਫਲ ਰਹੇ ਹਨ। ਅੱਜ ਬਹੁਤ ਸਾਰੇ ਮਾਪਿਆਂ,ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਦਰਸ਼ਕਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਮਾਮਲੇ ਦਾ ਦਿਲਚਸਪ ਪਹਿਲੂ ਹੈ ਕਿ ਕਈ ਵਰੇ ਪਹਿਲਾਂ ਪ੍ਰਾਈਵੇਟ ਚੈਨਲਾਂ ਦੇ ਮੁਕਾਬਲੇ ’ਚ ਪਿੱਛੇ ਰਹਿ ਜਾਣ ਵਾਲੇ ਦੂਰਦਰਸ਼ਨ ਦੀ ਟੀਆਰਪੀ ਵੀ ਵਧੀ ਹੈ ਅਤੇ ਉਸ ਨੇ ਕਰੋਨਾ ਸੰਕਟ ’ਚ ਬੱਚਿਆਂ ਤੇ ਆਮ ਲੋਕਾਂ ਨੂੰ ਘਰਾਂ ’ਚ ਰੱਖਣ ਵਿੱਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਸਿੱਖਿਆ ਦੇ ਖੇਤਰ ’ਚ ਦਿੱਤੀਆਂ ਸੇਵਾਵਾਂ ਦਾ ਤਾਂ ਕੋਈ ਸਾਨੀ ਹੀ ਨਹੀਂ ਹੈ।
                ਅੱਜ ਸਰਕਾਰੀ  ਪ੍ਰਾਇਮਰੀ ਸਕੂਲ ਬੱਲੋਪੁਰ  ( ਐੱਸ ਏ ਐੱਸ  ਨਗਰ ) , ਸਰਕਾਰੀ ਪ੍ਰਾਇਮਰੀ  ਸਕੂਲ ਸਾਦਿਕ ( ਫਰੀਦਕੋਟ ) , ਸਰਕਾਰੀ ਪ੍ਰਾਇਮਰੀ ਸਕੂਲ ਸ਼ੁਕਰਚੱਕ ( ਤਰਨਤਾਰਨ ) , ਸਰਕਾਰੀ ਪ੍ਰਾਇਮਰੀ  ਸਕੂਲ ਬਾਜੀਗਰ ਬਸਤੀ ( ਐੱਸ ਏ ਐੱਸ ਨਗਰ ) ਦੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਦੀ ਅਹਿਮ ਪੇਸ਼ਕਾਰੀ ਵਿਰਾਸਤੀ ਗਿੱਧਾ ਪੇਸ਼ ਕੀਤਾ ਜਿਸ ਨੂੰ ਲੋਕਾਂ ਨੇ ਕਾਫੀ ਸਰਾਹਿਆ ਹੈ। ਏਦਾਂ ਹੀ ਸਰਕਾਰੀ ਪ੍ਰਾਇਮਰੀ  ਸਕੂਲ ਫਰਵਾਹੀ (ਸੰਗਰੂਰ) ਤੇ ਸਰਕਾਰੀ ਪ੍ਰਾਇਮਰੀ  ਸਕੂਲ ਹਲੇੜ (  ਹੁਸ਼ਿਆਰਪੁਰ ) ਦੀਆ ਬੱਚੀਆਂ ਦਾ ਦਿੱਲ ਖਿੱਚਵਾਂ ਡਾਂਸ, ਅਕਾਲ ਬਸਤੀ ( ਬਰਨਾਲਾ ) ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਲੋਕ ਗੀਤ , ਭੈਲ ਢਾਏ ਵਾਲਾ ( ਤਰਨਤਾਰਨ ) , ਬੁਰਜ ਦੁੱਨਾ ( ਮੋਗਾ ) , ਗੋਸੈਨਪੁਰ ( ਪਠਾਨਕੋਟ ) ਵੱਲੋਂ ਸੋਲੋ ਡਾਂਸ , ਘਰ ਘਰ ਰਸੋਈ ਦੇ ਪ੍ਰੋਗਰਾਮ ਚ ਅੱਜ ਖੀਰ ਪੂੜੇ ਬਣਾਉਣੇ  ਸਰਕਾਰੀ ਪ੍ਰਾਇਮਰੀ ਸਕੂਲ ਪੀਰ ਮੁਛੈਲਾ ( ਐੱਸ ਏ ਐੱਸ ਨਗਰ ) ਦੀ ਸ਼ਾਲੂ  ਰਾਣੀ ਨੇ ਬਨਾਉਣੇ ਸਿਖਾਏ।
      ਇਸੇ ਤਰਾਂ ਹੀ ਪੁਰਤਾਨ ਵੇਲਿਆਂ ਤੋਂ ਮਨੁੱਖੀ ਜਿੰਦਗੀ ਦਾ ਅੰਗ ਰਹੇ ਗਹਿਣੇ  ਜੋ ਔਰਤਾਂ ਦੇ ਸਾਜੋ ਸਮਾਨ ਦਾ ਮਨਭਾਉਂਦਾ ਸਾਧਨ ਹਨ ,ਬਾਰੇ ਸਰਕਾਰੀ ਪ੍ਰਾਇਮਰੀ ਸਕੂਲ ਚੱਬਾ ( ਅੰਮਿ੍ਰਤਸਰ ) ਵੱਲੋ ਕੀਤੀ ਗਈ  ਜਦੋਂਕਿ ਬਿਸਨਪੁਰਾ ( ਐੱਸ ਏ ਐੱਸ ਨਗਰ ) ਦੇ ਬੱਚਿਆ  ਨੇ  ਕੋਰਿਓਗ੍ਰਾਫੀ ਦੀ ਪੇਸ਼ਕਾਰੀ ਨਾਲ ਸਮਾਂ ਬੰਨਿਆ। ਸਰਕਾਰੀ ਪ੍ਰਾਇਮਰੀ  ਸਕੂਲ ਇੰਦਰਪੁਰਾ ( ਪਟਿਆਲਾ ) ਦੀ ਅਧਿਆਪਕਾ ਰਵਨੀਤ ਕੌਰ ਨੇ ਪੰਜਾਬੀ ਸੱਭਿਆਚਾਰ ਨਾਲ ਢੁੱਕਦੀਆਂ ਤੁਕਬੰਦੀਆਂ ਤੇ ਵਿਰਸਾਤ ਸਬੰਧੀ ਆਮ ਦੀ ਤਰਾਂ ਠੇਠ ਪੰਜਾਬੀ ਭਾਸ਼ਾ ’ਚ ਗੱਲਾਂਬਾਤਾਂ ਕਰਦਿਆਂ ਮੰਚ ਦਾ ਕਾਫੀ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ। ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਆਨਲਾਈਨ ਪ੍ਰੋਗਰਾਮਾਂ ਨੇ ਇਸ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ।   ਉਨਾਂ ਆਖਿਆ ਕਿ ਔਖੀ ਘੜੀ ’ਚ ਦੂਰਦਰਸ਼ਨ ਨੇ ਵੀ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਨਾਲ ਜੋੜਿਆ ਹੈ ਜੋਕਿ ਚੰਗਾ ਪਹਿਲੂ ਹੈ।
                                    ਬੱਚਿਆਂ ਦਾ ਉਤਸ਼ਾਹ ਵਧਦਾ:ਡੀਈਓ        
    ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਨੇ ਅਧਿਆਪਕਾਂ ਨੂੰ ਇਸ ਤਰਾਂ ਦੇ ਪ੍ਰੋਗਰਾਮ ਤਿਆਰ ਕਰਵਾਉਣ ਤੋਂ ਲੈਕੇ ਸਫਲਤਾਪੂਰਵਕ ਪੇਸ਼ ਕਰਨ ਨੂੰ ਲੈਕੇ ਵਧਾਈ ਦਿੱਤੀ ਅਤੇ ਪੇਸ਼ਕਾਰੀਆਂ ਦੀ  ਸ਼ਲਾਘਾ ਕੀਤੀ ਹੈ। ਉਨਾਂ ਆਖਿਆ ਕਿ ਅਜਿਹੇ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦਾ ਹੌਂਲਾ ਵਧਦਾ ਹੈ ਤਾਂ ਉਨਾਂ ਨੂੰ ਦੇਖਕੇ ਹੋਰ ਵੀ ਬੱਚੇ ਉਤਸ਼ਾਹਿਤ ਹੁੰਦੇ ਹਨ। ਉਨਾਂ ਆਖਿਆ ਕਿ ਮਹੱਤਵਪੂਰਨ ਤੱਥ ਹੈ ਕਿ ਕਰੋਨਾ ਸੰਕਟ ਨੇ ਬੱਚਿਆਂ ਨੂੰ ਜਿੰਦਗੀ ਦੇ ਔਖੇ ਸਮਿਆਂ ਦੌਰਾਨ ਸੰਘਰਸ਼ ਕਰਕੇ ਅੱਗੇ ਵਧਣ ਦੀ ਜਾਂਚ ਸਿਖਾਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!