ਰਜਨੀ ਵਾਲੀਅਾ, ਕਪੂਰਥਲਾ
ਮੈਂ ਅੰਬਰੀਂ ਲਾਉਣੀਂ ਉਡਾਰੀ ਅਾਪਣੇ ਤੂੰ ਪਰ ਦੇ,
ਜਿਉਣ ਜੋਗਿਅਾ ਵੇ ਮੈਨੂੰ ਜਿਉਣ ਜੋਗੀ ਕਰਦੇ,
ਮੈਂ ਅੰਬਰੀਂ ਲਾਉਣੀਂ ਉਡਾਰੀ ਅਾਪਣੇ ਤੂੰ ਪਰ ਦੇ |
ਸਰੇ ਕਿਵੇਂ ਮੇਰਾ ਮੈਂ ਤਾਂ ਰੋਗ ਲਾ ਕੇ ਬਹਿ ਗਈ,
ਵੇ ਤੇਰੀ ਹੀ ਉਡੀਕ ਵਿੱਚ ਸੁੱਕਣੇਂ ਮੈਂ ਪੈ ਗਈ,
ਤੇਰੇ ਬਿਨਾ ਹੁਣ ਮੇਰੇ ਭੋਰਾ ਵੀ ਨਹੀਂ ਸਰਦੇ |
ਜਿਉਣ ਜੋਗਿਅਾ ਵੇ ਮੈਨੂੰ ਜਿਉਣ ਜੋਗੀ ਕਰਦੇ,
ਅੱਜ ਸਹਿਕ-ਸਹਿਕ ਨਿਕਲੇ ਪੱਖੀ ਦੀ ਹਵਾ ਵੇ,
ਕਿਉਂ ਸੁੱਕਣੇਂ ਪਿਅਾ ਰਵੇ ਮੇਰਾ ਹਰ ਚਾਅ ਵੇ,
ਦੱਸ ਮੇਰੇ ਅਹਿਸਾਸ ਕਾਹਤੋਂ ਗਰਮੀ ਚ ਠਰਦੇ |
ਜਿਉਣ ਜੋਗਿਅਾ ਵੇ ਮੈਨੂੰ ਜਿਉਣ ਜੋਗੀ ਕਰਦੇ,
ਵੇ ਤੇਰੀ ਅਾਉਂਦੀ ਯਾਦ ਜਦੋਂ ਤੂੰਬਾ-ਤੂੰਬਾ ਤੋੜਦੀ,
ਦੀਦਿਅਾਂ ਚੋਂ ਵਹਿੰਦੀ ਅੱਗ ਰੂਹ ਨੂੰ ਵੀ ਰੋੜਦੀ,
ਵੇ ਸਾਹ ਮੇਰੇ ਹੌਕੇ ਬਣ ਕੀ-ਕੀ ਨਹੀਂ ਜਰਦੇ |
ਜਿਉਣ ਜੋਗਿਅਾ ਵੇ ਮੈਨੂੰ ਜਿਉਣ ਜੋਗੀ ਕਰਦੇ,
ਜੀਵੇਂ ਹੋਈ ਅੱਖਰਾਂ ਦੀ ਉਵੇਂ ਤੇਰੀ ਹੋਣਾਂ ਏ,
ਇਕੱਲੀ ਬਹਿ ਕੇ ਕਿਤੇ ਤੇਰੇ ਗਲ ਲਗ ਰੋਣਾ ਏ,
ਤੇਰੀ ਹੋ ਜਾਵਾਂ ਮੈਂ ਵੇ ਚੰਨਾਂ ਲੋਕੀ ਨਈਓਂ ਜਰਦੇ |
ਜਿਉਣ ਜੋਗਿਅਾ ਵੇ ਮੈਨੂੰ ਜਿਉਣ ਜੋਗੀ ਕਰਦੇ,
ਤੈਨੂੰ ਕਿਹੜੇ ਦੱਸ ਭੋਰੇ ਵਿੱਚ ਰੱਖ ਲਵਾਂ ਲਕੋ ਕੇ,
ਵੇ ਨਜ਼ਰੋਂ ਬਚਾਉਣਾਂ ਤੈਨੂੰ ਖੁਦ ਅਾਪਾ ਕੋਹ ਕੇ,
ਸਾਹ ਨਜ਼ਰਾਂ ਕੁਲਹਿਣੀਅਾਂ ਤੋਂ ਰਹਿਣ ਡਰਦੇ |
ਜਿਉਣ ਜੋਗਿਅਾ ਵੇ ਮੈਨੂੰ ਜਿਉਣ ਜੋਗੀ ਕਰਦੇ,
ਕੀਵੇਂ ਦੱਸ ਮੰਨ ਲਵਾਂ ਕਹਿੰਦੀਅਾਂ ਹਵਾਵਾਂ ਜੋ,
ਚੇਤਾ ਕਰਦਿਅਾਂ ਤੇਰਾ ਅੱਖਾਂ ਪੈਂਦੀਅਾਂ ਨੇ ਝੱਟ ਰੋ,
ਮੰਨਾਂ ਤੇ ਮੈਂ ਤਾਂ ਜੇ ਹੋਣ ਤੇਰੇ ਬਿਨਾਂ ਸਰਦੇ |
ਜਿਉਣ ਜੋਗਿਅਾ ਵੇ ਮੈਨੂੰ ਜਿਉਣ ਜੋਗੀ ਕਰਦੇ,
ਵੇ ਰਜਨੀ ਨੇ ਸਾਹਾਂ ਦੀਅਾਂ ਕੱਤੀਅਾਂ ਨੇ ਪੂਣੀਅਾਂ,
ਜਿੱਦਾਂ-ਜਿੱਦਾਂ ਕੱਤੀਅਾਂ ਤੇ ਹੋਈਅਾਂ ਸਗੋਂ ਦੂਣੀਅਾਂ,
ਅਾ ਬੇਰੰਗੀ ਰੂਹ ਵਿੱਚ ਰੰਗ ਸਾਰੇ ਭਰਦੇ |
ਜਿਉਣ ਜੋਗਿਅਾ ਵੇ ਮੈਨੂੰ ਜਿਉਣ ਜੋਗੀ ਕਰਦੇ,