ਮਿਲਾਨ, ਇਟਲੀ (ਸਿੱਕੀ ਝੱਜੀ ਪਿੰਡ ਵਾਲ਼ਾ)
ਪਿਛਲੇ ਕੁਝ ਦਿਨਾਂ ਵਿੱਚ ਇਟਲੀ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਅਤੇ ਇਸ ਨਾਲ ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਘਟੀ ਜਰੂਰ ਹੈ ਪਰ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਟਲੀ ਸਰਕਾਰ ਨੇ ਲੋਕ ਡਾਊਨ ਨੂੰ ਹੋਰ ਤਿੰਨ ਹਫਤਿਆਂ ਲਈ ਵਧਾ ਕੇ ਦੋ ਮਈ ਤੱਕ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕੱਲ੍ਹ ਰਾਤ ਆਪਣੇ ਭਾਸ਼ਣ ਚ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਲਾਕ ਡਾਊਨ ਨੂੰ ਦੋ ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਭਾਸ਼ਣ ਤੋਂ ਲਗ ਰਿਹਾ ਸੀ ਕਿ ਲਾਕ ਡਾਓਨ ਆਉਂਦੇ ਹੋਰ ਦਿਨਾਂ ਵਿੱਚ ਵਧਾਇਆ ਜਾ ਸਕਦਾ। ਪਰ ਉਹ ਨਾਲ ਨਾਲ ਸੰਦੇਸ਼ ਦੇ ਰਹੇ ਸਨ ਕਿ ਕੁਝ ਕਾਰੋਬਾਰੀ ਖਿੱਤੇ ਅਤੇ ਇਲਾਕੇ ਦੋ ਮਈ ਤੋਂ ਬਾਅਦ ਖੋਲ੍ਹੇ ਵੀ ਜਾ ਸਕਦੇ ਹਨ। ਸਰਕਾਰ ਨੇ ਲੋਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਈਸਟਰ ਦੇ ਦਿਨਾਂ ਵਿੱਚ ਕੋਈ ਵੀ ਨਾਗਰਿਕ ਘਰਾਂ ਵਿੱਚੋਂ ਬਾਹਰ ਨਾ ਨਿਕਲੇ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਦੋ ਹਜ਼ਾਰ ਤੋਂ ਲੈ ਕੇ ਚਾਰ ਹਜ਼ਾਰ ਯੂਰੋ ਤੱਕ ਦੇ ਜੁਰਮਾਨੇ ਕੀਤੇ ਜਾ ਸਕਦੇ ਹਨ ਉਨ੍ਹਾਂ ਨੂੰ ਸਰਕਾਰੀ ਖਜ਼ਾਨੇ ਵਿਚ ਭੁਗਤਾਨ ਹਰ ਹਾਲਤ ਵਿੱਚ ਕਰਨਾ ਪਵੇਗਾ।