ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਦਿੱਤੇ ਗਏ ਐਕਸਨ ਤਹਿਤ ਅੱਜ ਜਿਲਾ ਯੂਨਿਟ ਬਠਿੰਡਾ ਵੱਲੋ ਸ੍ਰੀ ਕੇਵਲ ਬਾਂਸਲ ਜਿਲਾ ਪ੍ਰਧਾਨ ਅਤੇ ਬਲਦੇਵ ਸਿੰਘ ਜਨਰਲ ਸਕੱਤਰ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਰੋਸ ਵਿਖਾਵਾ ਕੀਤਾ । ਇਸ ਮੌਕੇ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਨੇ ਇਸ ਅਰਥੀ ਫੂਕ ਮੁਜਾਹਰਾ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਮੁਲਾਜਮ ਵਰਗ ਤੇ ਮਾਰੂ ਹਮਲਿਆਂ ਦੀ ਨਿਖੇਧੀ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਨੂੰ ਮਿਲ ਰਹੇ ਮੋਬਾਇਲ ਭੱਤਿਆਂ ਤੇ 50 ਪ੍ਰਤੀਸਤ ਕੱਟ ਲਾਕੇ ਮੁਲਾਜਮਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ।
ਦੱਸਣਯੋਗ ਹੈ ਕਿ ਵਜੀਰਾਂ, ਵਿਧਾਇਕਾਂ ਤੇ ਆਈਏਐੱਸ ਅਧਿਕਾਰੀਆਂ ਨੂੰ ਮੋਬਾਇਲ ਭੱਤਿਆਂ ਤੇ ਕੱਟ ਲਾਉਣ ਦੇ ਫੈਸਲੇ ’ਚੋਂ ਬਾਹਰ ਰੱਖਿਆ ਗਿਆ ਹੈ। ਵਜ਼ੀਰਾਂ ਤੇ ਵਿਧਾਇਕਾਂ ਨੂੰ 15 ਹਜ਼ਾਰ ਰੁਪਏ ਮਹੀਨਾ ਮੋਬਾਈਲ ਫੋਨ ਭੱਤਾ ਮਿਲਦਾ ਹੈ ਜਦੋਂਕਿ ਮੁਲਾਜਮਾਂ ਨੂੰ ਉਨਾਂ ਦੇ ਕਾਡਰ ਮੁਤਾਬਕ 250 ਤੋਂ 500 ਰੁਪਏ ਮਿਲਦੇ ਸਨ ਜਿੰਨਾਂ ਨੂੰ ਛਾਂਗ ਦਿੱਤਾ ਗਿਆ ਹੈ। ਮੁਲਾਜਮ ਤਾਂ ਡੀਏ ਦੀਆਂ ਕਿਸ਼ਤਾਂ ਨਾਂ ਦੇਣ ਤੋਂ ਭੜਕੇ ਹੋਏ ਸਨ ਅਤੇ ਮੋਬਾਇਲ ਫੋਨ ਦੇ ਮਿਲਦੇ ਨਿਗੂਣੇ ਪੈਸਿਆਂ ’ਚ ਕਟੌਤੀ ਕਰਨ ਨੇ ਬਲਦੀ ਤੇ ਤੇਲ ਪਾਇਆ ਹੈ। ਜਿਲਾ ਪ੍ਰਧਾਨ ਕੇਵਲ ਬਾਂਸਲ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜਮ ਮਾਰੂ ਨੀਤੀ ਬੰਦ ਨਾ ਕੀਤੀ ਤਾਂ 6 ਅਗਸਤ ਤੋ ਦਫਤਰੀ ਕੰਮ ਮੁਕੰਮਲ ਤੌਰ ਤੇ ਠੱਪ ਕੀਤਾ ਜਾਵੇਗਾ।
ਮੁਲਾਜਮ ਆਗੂਆਂ ਨੇ ਨਵੀਂ ਭਰਤੀ ਕੇਂਦਰੀ ਪੈਟਰਨ ਤੇ ਕਰਨ, ਛੇਵਾਂ ਪੇ ਕਮਿਸ਼ਨ ਤੁਰੰਤ ਲਾਗੂ ਕਰਨ,ਡੀ.ਏ ਦੀਆਂ ਤਿੰਨ ਕਿਸ਼ਤਾਂ ,ਡੀ.ਏ ਦਾ ਏਰੀਅਰ,4-9-14 ਦਾ ਦੇਣ ਸਮੇਂ ਅਗਲਾ ਸੀਨੀਅਰ ਸਕੇਲ ਦੇਣ, ਮੁਲਾਜਮ ਮਾਰੂ ਪੱਤਰ ਤੁਰੰਤ ਵਾਪਸ ਲੈਣ, 50 ਸਾਲ ਦੀ ਉਮਰ ਪੂਰੀ ਕਰ ਚੱੁਕੇ ਸਟੈਨੋ ਟਾਈਪਿਸਟਾਂ ਨੂੰ ਟੈਸਟ ਤੋ ਛੋਟ ਦੇਣ, ਜਲ ਸਰੋਤ ਵਿਭਾਗ ਵਿੱਚ 8600 ਅਸਾਮੀਆਂ ਤੇ ਲਗਾਇਆ ਗਿਆ ਕੱਟ ਵਾਪਸ ਲੈਣ ਅਤੇ ਬਾਕੀ ਵਿਭਾਗਾਂ ਵਿੱਚ ਅਸਾਮੀਆਂ ਤੇ ਕੱਟ ਲਗਾਉਣ ਦੀ ਨੀਤੀ ਖਤਮ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਪੰਜਾਬ ਸਰਕਾਰ ਵੱਲੋ ਮੁਲਾਜਮਾਂ ਤੇ ਕੀਤੇ ਜਾ ਰਹੇ ਮਾਰੂ ਹਮਲਿਆਂ ਖਿਲਾਫ ਦਿੱਤੇ ਐਕਸ਼ਨ ਨੂੰ ਪੂਰੀ ਤਨਦੇਹੀ ਨਾਲ ਸਫਲ ਬਨਾਉਣ ਦੀ ਲਈ ਟੀਮਾਂ ਬਣਾ ਕੇ ਦਫਤਰਾਂ ਵਿੱਚ ਜਾ ਕੇ ਮੁਲਾਜਮਾਂ ਨੂੰ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਅਰਥੀ ਫੂਕ ਰੋਸ ਵਿਖਾਵੇ ਵਿੱਚ ਰਾਜਵੀਰ ਸਿੰਘ ਮਾਨ ਜਿਲਾ ਪ੍ਰਧਾਨ ਖੇਤੀਬਾੜੀ ਵਿਭਾਗ , ਸੁਰਿੰਦਰ ਕੁਮਾਰ ਧੀਰ ਜਿਲਾ ਪ੍ਰਾਧਨ ਸਿਹਤ ਵਿਭਾਗ, ਪਲਵਿੰਦਰ ਸਿੰਘ, ਜਿਲਾ ਪ੍ਰਧਾਨ ਸੈਨੀਟੇਸਨ ਤੇ ਵਾਟਰ ਸਪਲਾਈ ਵਿਭਾਗ ,ਪਰਮਜੀਤ ਸਿੰਘ ਜਿਲਾ ਪ੍ਰਧਾਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਸੁਰਿੰਦਰ ਸਿੰਘ ਜਿਲਾ, ਪ੍ਰਧਾਨ ਆਈ.ਟੀ.ਆਈ, ਕੁਲਦੀਪ ਸਰਮਾਂ ਜਿਲਾ ਪ੍ਰਧਾਨ ਡੀ.ਸੀ ਦਫਤਰ, ਗੁਰਸੇਵਕ ਸਿੰਘ, ਜਿਲਾ ਖਜਾਨਚੀ ਜਲ ਸਰੋਤ ਵਿਭਾਗ, ਹਰਪ੍ਰ੍ਰੀਤ ਸਿੰਘ ਜਿਲਾ ਪ੍ਰਧਾਨ ਖਜਾਨਾ ਦਫਤਰ, ਮੇਹਰਜੀਤ ਇੰਦਰ ਸਿੰਘ, ਹਰਬੰਸ ਲਾਲ ਖਿੱਚੀ ਸਰਪ੍ਰਸਤ ਡੀ.ਸੀ.ਦਫਤਰ ਬਠਿੰਡਾ, ਅਨਿਲ ਕੁਮਾਰ ਜਿਲਾ ਪ੍ਰਧਾਨ ਕਰ ਤੇ ਆਬਕਾਰੀ ਵਿਭਾਗ, ਮਨਜੀਤ ਸਿੰਘ ਪੰਜੂ ਜਿਲਾ ਪ੍ਰਧਾਨ ਦੀ ਕਲਾਸ ਫੋਰ ਯੂਨੀਅਨ ਬਠਿੰਡਾ ਆਦਿ ਹਾਜਰ ਸਨ।