5.4 C
United Kingdom
Friday, March 6, 2026

More

    ਮਾਨਸਾ ਜਿਲ੍ਹੇ ’ਚ ਚਿੱਟੀ ਮੱਖੀ ਦੇ ਹੱਲੇ ਨੇ ਸਰਕਾਰ ਨੂੰ ਭਾਜੜਾਂ ਪਾਈਆਂ

    ਅਸ਼ੋਕ ਵਰਮਾ
    ਮਾਨਸਾ। 4 ਅਗਸਤ। ਮਾਨਸਾ ਜਿਲੇ ਦੇ ਕਰੀਬ ਅੱਧੀ ਦਰਜਨ ਪਿੰਡਾਂ ’ਚ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ ਜਿਸ ਨੂੰ ਲੈਕੇ ਖੇਤੀ ਬਾੜੀ ਵਿਭਾਗ ’ਚ ਭਾਜੜਾਂ ਪੈ ਗਈਆਂ ਹਨ। ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਮਾਨਸਾ ਜਿਲੇ ਦੇ ਪਿੰਡਾਂ ਵਿਚਲੇ ਪ੍ਰਭਾਵਿਤ ਖੇਤਾਂ ਦਾ ਜਾਇਜਾ ਲੈਣ ਪੁੱਜੇ ਹਨ। ਚਿੱਟੀ ਮੱਖੀ ਦਾ ਹੱਲਾ ਸਰਕਾਰ ਨੂੰ ਸਿਆਸੀ ਤੌਰ ਤੇ ਮਹਿੰਗਾ ਪੈ ਸਕਦਾ ਹੈ ਜਦੋਂਕਿ ਕਿਸਾਨ ਆਰਥਿਕ ਨੁਕਸਾਨ ਦੇ ਖਦਸ਼ਿਆਂ ਕਾਰਨ ਬੁਰੀ ਤਰਾਂ ਡਰੇ ਹੋਏ ਹਨ। ਇਹ ਪਹਿਲਾ ਮੌਕਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਸਾਲ 2015 ’ਚ ਵੀ ਚਿੱਟੀ ਮੱਖੀ ਫਸਲਾਂ ਤੇ ਕਿਸਾਨਾਂ ਦੇ ਅਰਮਾਨਾਂ ਨੂੰ ਚੱਟ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਵੀ ਅੱਜ ਹਮਲੇ ਦੀ ਮਾਰ ਹੇਠ ਆਏ ਮਾਨਸਾ ਝੁਨੀਰ ਤੇ ਸਰਦੂਲਗੜ ਖੇਤਰ ਦੇ ਪਿੰਡਾਂ ਦਸੌਂਦੀਆ, ਭੰਮੇ ਕਲਾਂ, ਕੋਟ ਧਰਮੂ,ਭੰਮੇ ਖੁਰਦ ਅਤੇ ਝੁਨੀਰ ਦੇ  ਖੇਤਾਂ ਦਾ ਦੌਰਾ ਕੀਤਾ ਹੈ। ਉਨਾਂ ਦਾਅਵਾ ਕੀਤਾ ਕਿ ਮਾਮਲਾ ਬੇਹੱਦ ਗੰਭੀਰ ਹੈ ਕਿਉਂਕਿ  ਸਾਉਣੀ ਦੀ ਮੁੱਖ ਫਸਲ ਨਰਮਾ ਚਿੱਟੀ ਮੱਖੀ ਵਲੋਂ ਬਰਬਾਦ ਕੀਤੀ ਜਾ ਰਹੀ ਹੈ ।
                         ਉਨਾਂ ਆਖਿਆ ਕਿ ਅਨੇਕਾਂ ਥਾਵਾਂ ਤੇ ਇਸ ਬੀਮਾਰੀ ਕਾਰਨ ਸਾਰੇ ਪੱਤੇ ਝੜ ਚੁੱਕੇ ਹਨ ਅਤੇ ਖੇਤ ਖਾਲੀ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਭੈਣੀ ਬਾਘਾ ਨੇ ਆਖਿਆ ਕਿ ਕਿਸਾਨਾਂ ਵੱਲੋਂ ਹਰ ਤਰਾਂ ਦੀ ਸਪਰੇਅ ਆਦਿ ਕਰਨ ਦੇ ਬਾਵਜੂਦ ਵੀ ਬੀਮਾਰੀ ਕਾਬੂ ਹੇਠ ਨਹੀਂ ਆ ਰਹੀ । ਕਿਸਾਨਾਂ ਦੀ ਟੀਮ ਨੇ ਖੇਤਾਂ ਵਿੱਚ ਮੌਕੇ ਤੇ ਜਾ ਕੇ ਮਰੁੰਡ ਹੋਈ ਤੇ ਮਰਝਾਈ ਸੈਂਕੜੇ ਏਕੜ ਫਸਲ ਦਾ ਹਾਲ  ਵੇਖਿਆ  ਤੇ ਪਾਇਆ ਕਿ ਫਸਲ ਤੇਜ਼ੀ ਨਾਲ ਖਤਮ ਹੁੰਦੀ ਜਾ ਰਹੀ ਹੈ । ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਹੈਰਾਨੀ ਪਰਗਟ ਕਰਦਿਆਂ ਕਿਹਾ ਕਿ ਪੰਦਰਾਂ ਦਿਨਾਂ ਤੋਂ ਹੋਏ ਜੋਰਦਾਰ ਹਮਲੇ ਦੇ ਬਾਵਜੂਦ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਫਸਰ ਅਜੇ ਤੱਕ ਮਰ ਰਹੀ ਫਸਲ ਦਾ ਜਾਇਜ਼ਾ ਲੈਣ ਲਈ ਅਤੇ ਕਿਸਾਨਾਂ ਨੂੰ ਬੀਮਾਰੀ ਤੋਂ ਬਚਾਓ ਦਾ ਹੱਲ ਦੱਸਣ ਖੇਤਾਂ ਵਿੱਚ ਨਹੀਂ ਆਇਆ ਹੈ। ਉਨਾਂ ਆਖਿਆ ਕਿ ਖੇਤੀ ਵਿਭਾਗ ਦੇ ਅਫਸਰਾਂ ਨੂੰ ਤੁਰੰਤ ਮੌਕੇ ਤੇ ਪਹੁੰਚ ਕੇ ਨੁਕਸਾਨੀਆਂ ਜਾ ਰਹੀਆਂ ਫਸਲਾਂ ਨੂੰ ਬਚਾਉਣ ਲਈ ਲੁੜੀਂਦੇ ਕਦਮ ਚੁੱਕਣੇ ਚਾਹੀਦੇ ਹਨ ।
                           ਕਿਸਾਨ ਆਗੂ ਨੇ ਸਰਕਾਰ ਫਸਲ ਦੇ ਬਚਾਅ ਲਈ ਚੰਗੇ ਮਿਆਰ ਦੀਆਂ ਕੀੜੇਮਾਰ  ਦਵਾਈਆਂ ਸਬਸਿਡੀ ਤੇ  ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਜੇ ਖੇਤੀਬਾੜੀ ਵਿਭਾਗ ਤੁਰੰਤ ਹਰਕਤ ਵਿੱਚ ਨਾ ਆਇਆ ਤਾਂ ਜਿਲੇ ਦੇ ਸੈਂਕੜੇ ਕਿਸਾਨਾਂ ਦੀ ਹਜਾਰਾਂ ਏਕੜ ਨਰਮੇ ਦੀ ਫਸਲ ਬਰਬਾਦ ਹੋ ਜਾਵੇਗੀ ਜਿਸ ਲਈ ਸਿੱਧੇ ਤੌਰ ਤੇ ਸਰਕਾਰ ਜਿੰਮੇਵਾਰ ਹੋਵੇਗੀ।  ਉਨਾਂ ਮੁੱਖ ਮੰਤਰੀ ਪੰਜਾਬ, ਖੇਤੀ ਮੰਤਰੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੱਦਾ ਦਿੱਤਾ ਕਿ ਉਹ ਖੁਦ ਜਥੇਬੰਦੀ ਦੀ ਟੀਮ ਨਾਲ ਜਾ ਕੇ ਖੇਤਾਂ ਵਿੱਚ ਖਰਾਬ ਹੋ ਰਹੀ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ । ਆਗੂਆਂ ਨੇ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਖੇਤੀ ਵਿਗਿਆਨੀਆਂ ਨੂੰ ਵੀ ਖੇਤਾਂ ਵਿਚ ਆਕੇ ਨੂੰ ਇਸ ਬੀਮਾਰੀ ਤੋਂ ਨਰਮੇ ਦੀ ਫਸਲ ਬਚਾਉਣ ਲਈ ਸੇਧ ਦੇਣ ਅਤੇ ਹਰ ਸਾਲ ਨਰਮੇ ਦਾ ਭਾਰੀ ਨੁਕਸਾਨ ਕਰਨ ਵਾਲੀ ਚਿੱਟੀ ਮੱਖੀ ਦੇ ਖਾਤਮੇ ਲਈ ਪ੍ਰਭਾਵਸ਼ਾਲੀ ਦਵਾਈ ਦੀ ਤੁਰੰਤ ਖੋਜ ਕਰਨ ਦੀ ਲੋੜ ਤੇ ਜੋਰ ਦਿੱਤਾ। ਉਨਾਂ ਆਖਿਆ ਕਿ ਜੇਕਰ ਸਰਕਾਰ ਨੇ ਮਸਲਾ ਹੱਲ ਨਾਂ ਕੀਤਾ ਤਾ ਜੱਥੇਬੰਦੀ ਕਿਸਾਨਾਂ ਦੇ ਸਹਿਯੌਗ ਨਾਲ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ।
             ਪਹਿਲਾਂ ਵੀ ਰੰਗ ਦਿਖਾ ਚੁੱਕੀ ਚਿੱਟੀ ਮੱਖੀ
    ਸਾਲ 2015 ਦੌਰਾਨ ਕਪਾਹ ਪੱਟੀ ਦੇ ਕਿਸਾਨ ਚਿੱਟੀ ਮੱਖੀ ਦਾ ਦਰਦ ਹੰਢਾ ਚੁੱਕੇ ਹਨ।  ਜਾਣਕਾਰੀ ਅਨੁਸਾਰ ਇਸ ਵਰੇ 4.40 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ-ਕਪਾਹ ਦੀ ਬਿਜਾਈ ਹੋਈ ਸੀ, ਜਿਸ ‘ਚੋਂ ਡੇਢ ਲੱਖ ਹੈਕਟੇਅਰ ਰਕਬਾ ਚਿੱਟੀ ਮੱਖੀ ਕਾਰਨ ਤਬਾਹ ਹੋ ਗਿਆ ਹੈ । ਉਦੋਂ ਸਰਕਾਰ ਨੂੰ ਨਰਮੇ ਦੇ ਖ਼ਰਾਬੇ ਸਬੰਧੀ ਦਿੱਤੀ ਰਿਪੋਰਟ ‘ਚ ਵੀ 8 ਲੱਖ 30 ਹਜ਼ਾਰ ਏਕੜ ਫਸਲ ਖ਼ਰਾਬ ਹੋਈ ਦੱਸੀ ਗਈ ਸੀ। ਬਠਿੰਡਾ ਜਿਲੇ ‘ਚ ਤਕਰੀਬਨ 2ਲੱਖ 77 ਹਜਾਰ ਏਕੜ ,ਫਾਜ਼ਿਲਕਾ ‘ਚ 2,31ਹਜਾਰ  ਏਕੜ ਅਤੇ  ਫਰੀਦਕੋਟ ‘ਚ ਕਰੀਬ 15 ਹਜਾਰ ਏਕੜ ਰਕਬਾ ਤਬਾਹ ਹੋਇਆ ਸੀ ਕਿਸਾਨ ਧਿਰਾਂ ਦਾ ਕਹਿਣਾ ਸੀ ਕਿ ਕਿਸਾਨਾਂ ਤੇ ਮਜਦੂਰਾਂ ਨੂੰ ਸਿੱਧੇ ਤੇ ਅਸਿੱਧੇ ਰੂਪ ‘ਚ ਕਰੋੜਾਂ ਰੁਪਏ ਦੀ ਆਰਥਿਕ ਸੱਟ ਸਿਰਫ ਚਿੱਟੀ ਮੱਖੀ ਦੇ ਹੱਲ ਕਾਰਨ ਵੱਜ ਗਈ ਸੀ ਜਦੋਂਕਿ ਕਰਜਿਆਂ ਦੀ ਪੰਡ ਭਾਰੀ ਹੋਣ ਕਰਕੇ ਜੋ ਕਿਸਾਨ ਜਿੰਦਗੀ ਦੀ ਜੰਗ ਹਾਰ ਗਏ ਸਨ ਉਹ ਵੱਖਰੇ ਹਨ।
                            ਪ੍ਰਭਾਵਿਤ ਪਿੰਡਾ ਦਾ ਦੌਰਾ:
    ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਡਾਇਰੈਕਟਰ ਖੇਤੀਬਾਣੀ ਵਿਭਾਗ ਵੀ ਆਏ ਹਨ ਅਤੇ ਉਨਾਂ ਦੀ ਅਗਵਾਈ ਹੇਠ ਟੀਮ ਇੰਨਾਂ ਪਿੰਡਾਂ ’ਚ ਹੀ ਜਾ ਰਹੀ ਹੈ। ਉਨਾਂ ਆਖਿਆ ਕਿ ਸਰਵੇਖਣ ਉਪਰੰਤ ਜੋ ਵੀ ਮਸਲਾ ਸਾਹਮਣੇ ਆਇਆ ਉਸ ਦਾ ਹੱਲ ਕੱਢਿਆ ਜਾਏਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!