ਅਸ਼ੋਕ ਵਰਮਾ
ਮਾਨਸਾ 4 ਅਗਸਤ : ਸਿੱਖਿਆ ਵਿਭਾਗ ਦੀ ਸਮਾਰਟ ਸਿੱਖਿਆ ਨੀਤੀ ਤਹਿਤ ਬਣੇ ਸਮਾਰਟ ਸਕੂਲਾਂ ਅਤੇ ਸ਼ਾਨਦਾਰ ਨਤੀਜਿਆਂ ਕਾਰਨ ਮਾਨਸਾ ਜ਼ਿਲੇ ਦੇ ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਦਾ ਵਾਧਾ ਰਿਕਾਰਡ 12 ਪ੍ਰਤੀਸ਼ਤ ਹੋ ਗਿਆ ਹੈ। ਪਿਛਲੇ ਸਾਲ 83395 ਵਿਦਿਆਰਥੀ ਸਨ, ਹੁਣ ਇਹ ਗਿਣਤੀ 93343 ਹੋ ਗਈ ਹੈ। ਇਸ ਦੌਰਾਨ 31.81 ਪ੍ਰਤੀਸ਼ਤ ਦਾ ਸਭ ਤੋਂ ਵੱਡਾ ਵਾਧਾ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਹੈ ਜਦੋਂਕਿ ਗਿਆਰਵੀਂ, ਬਾਰਵੀਂ ਜਮਾਤਾਂ ਵਿੱਚ 24.74 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪ੍ਰੀ ਪ੍ਰਾਇਮਰੀ ਵਰਗ ਵਿੱਚ ਪਿਛਲੇ ਸਾਲ 7796 ਬੱਚੇ ਸਨ,ਹੁਣ ਇਹ ਗਿਣਤੀ 10276 ਹੋ ਗਈ ਹੈ। ਗਿਆਰਵੀਂ, ਬਾਰਵੀਂ ਜਮਾਤ ਪਿਛਲੇ ਵਰੇ 11518 ਵਿਦਿਆਰਥੀ ਸਨ,ਹੁਣ 14367 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋ ਤਿੰਨ ਸਾਲ ਪਹਿਲਾ ਸ਼ੁਰੂ ਕੀਤੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਸਰਕਾਰੀ ਸਕੂਲਾਂ ਲਈ ਵਰਦਾਨ ਸਾਬਤ ਹੋਈਆਂ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਸੈਕੰਡਰੀ ਵਿਭਾਗ ਚ ਦਾਖਲਿਆਂ ਦੌਰਾਨ ਸਸਸਸ ਲੜਕੇ ਬੁਢਲਾਡਾ ਨੇ ਸਭ ਤੋਂ ਵੱਧ 58.57 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ,ਦੂਜੇ ਸਥਾਨ ਤੇ 44.32 ਪ੍ਰਤੀਸ਼ਤ ਦਾ ਵਾਧਾ ਸਸਸਸ ਖਿਆਲਾ ਕਲਾਂ (ਲੜਕੇ) ਦਾ ਰਿਹਾ ਹੈ ਅਤੇ ਤੀਸਰਾ ਸਥਾਨ ਸਸਸਸ ਲੜਕੀਆਂ ਰੱਲਾ ਦਾ ਰਿਹਾ ਹੈ,ਜਿਥੇ 37.58 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪ੍ਰਾਇਮਰੀ ਵਰਗ ਚ ਬੁਢਲਾਡਾ ਬਲਾਕ ਦੇ ਸ ਪ੍ਰ ਸ ਬਰੇ ਪੀ ਆਈ ਆਰ ਦਾ 77.97 ਪ੍ਰਤੀਸ਼ਤ ਦਾ ਸਭ ਤੋਂ ਵੱਡਾ ਵਾਧਾ ਰਿਹਾ ਹੈ,ਦੂਸਰੇ ਨੰਬਰ ਤੇ ਝੁਨੀਰ ਬਲਾਕ ਦੇ ਸ ਪ੍ਰ ਸ ਔਤਾਂਵਾਲੀ ਦਾ ਵਾਧਾ 75.68 ਪ੍ਰਤੀਸ਼ਤ ਅਤੇ ਤੀਸਰੇ ਨੰਬਰ ਤੇ ਝੁਨੀਰ ਬਲਾਕ ਦੇ ਹੀ ਸ ਪ੍ਰ ਸ ਉਲਕ ਦਾ ਵਾਧਾ 66.04 ਪ੍ਰਤੀਸ਼ਤ ਰਿਹਾ ਹੈ।
ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਹੈ ਜਿਸ ਕਰਕੇ ਚਗੇ ਨਤੀਜੇ ਆਏ ਹਨ। ਉਨਾਂ ਦੱਸਿਆ ਕਿ ਨਤੀਜਿਆਂ ਕਾਰਨ ਮਾਪਿਆਂ ਦਾ ਸਰਕਾਰੀ ਸਕੂਲਾਂ ’ਚ ਵਿਸ਼ਵਾਸ਼ ਵਧਿਆ ਹੈ ਅਤੇ ਉਹ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ ਲਈ ਅੱਗੇ ਆਏ ਹਨ। ਉਨਾਂ ਆਖਿਆ ਕਿ ਸਿੱਖਿਆ ਵਿਭਾਗ ਦੀ ਯੋਜਨਾਬੰਦੀ ,ਮਿਸ਼ਨ ਸਤ ਪ੍ਰਤੀਸ਼ਤ ਅਤੇ ਸਮਾਰਟ ਸਿੱਖਿਆ ਨੀਤੀ ਨੈ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ।