ਸਾਹਿਤ, ਸੱਭਿਆਚਾਰ ਤੇ ਵਿਰਾਸਤ
ਹੰਸ ਰਾਜ ਮਹਿਲਾ ਵਿਦਿਆਲਯ ਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਨਵਰੂਪ ਕੌਰ ਦਾ ਪਲੇਠਾ ਕਾਵਿ ਸੰਗ੍ਰਹਿ ਦੁਪਹਿਰ ਖਿੜੀ ਸੱਜਰੀ ਹਵਾ ਦੇ ਬੁੱਲੇ ਵਰਗੇ ਅਹਿਸਾਸ ਨਾਲ ਪਰੁੱਚਿਆ ਹੈ।
ਮੈਂ ਉਸ ਦੀਆਂ ਅੱਖਰ, ਸਾਹਿੱਤਕ ਏਕਮ ਤੇ ਪੰਜਾਬੀ ਅਖ਼ਬਾਰ ਜਾਗਰਣ ਪੰਜਾਬੀ ਵਿੱਚ ਕੁਝ ਕੁ ਕਵਿਤਾਵਾਂ ਪੜ੍ਹੀਆਂ ਸਨ। ਪਰ ਹੁਣ ਮਹਿਸੂਸ ਹੋਇਆ ਹੈ ਕਿ ਨਵਰੂਪ ਕੋਲ ਕਵਿਤਾ ਤਾਂ ਚਿਰੋਕਣੀ ਸੀ ਪਰ ਕਿਤਾਬੀ ਰੂਪ ਚ ਹੁਣ ਦੁਪਹਿਰ ਖਿੜੀ ਦੇ ਨਾਮ ਹੇਠ ਉਦੈ ਹੋਈ ਹੈ।
ਉਹ ਕਿਸੇ ਹੋਰ ਵਾਂਗ ਨਹੀਂ, ਆਪਣੇ ਵਾਂਗ ਲਿਖਦੀ ਹੈ। ਨਿਰੋਲ ਮੌਲਿਕ ਅੰਦਾਜ਼। ਕਾਲਿਜ ਚ ਪ੍ਰੋ: ਨਵਰੂਪ ਕੌਰ ਅਦਬੀ ਤੇ ਸਭਿਆਚਾਰਕ ਸਰਗਰਮੀਆਂ ਦੀ ਵੀ ਰੂਹੇ ਰਵਾਂ ਹੈ।
ਪ੍ਰੋ: ਕੁਲਜੀਤ ਕੌਰ ਅਠਵਾਲ ਦੇ ਬੁਲਾਵੇ ਤੇ ਇੱਕ ਵਾਰ ਚਾਰ ਕੁ ਸਾਲ ਪਹਿਲਾਂ ਇਸ ਕਾਲਿਜ ਚ ਮੈਂ ਰੂਬਰੂ ਲਈ ਗਿਆ ਸੀ। ਪਹਿਲੀ ਵਾਰ ਮਿਲਣ ਤੇ ਨਵਰੂਪ ਵੀ ਕੁਲਜੀਤ ਵਾਂਗ ਹੀ ਅਰਥ ਭਰਪੂਰ ਸੁਚੇਤ ਅਧਿਆਪਕਾ, ਸ਼ਬਦ ਸਨੇਹੀ ਤੇ ਨਿਰੰਤਰ ਸੁਚੇਤ ਸਾਹਿੱਤ ਸਾਧਕ ਲੱਗੀ। ਅੱਖਰ ਮੈਗਜ਼ੀਨ ਟੀਮ ਦੇ ਮੈਂਬਰ ਇੰਦਰੇਸ਼ਮੀਤ, ਡਾ: ਬਿਕਰਮਜੀਤ ਤੇ ਵਿਸ਼ਾਲ ਵੀ ਉਦੋਂ ਉਥੇ ਮੈਗਜ਼ੀਨ ਲੋਕ ਅਰਪਣ ਲਈ ਆਏ ਹੋਏ ਸਨ।
ਉਦੋਂ ਤੀਕ ਮੈਂ ਨਵਰੂਪ ਦੀ ਕਾਵਿ ਪ੍ਰਤਿਭਾ ਦਾ ਵਾਕਿਫ਼ ਨਹੀਂ ਸਾਂ। ਉਸ ਆਪਣੀਆਂ ਤਿੰਨ ਵਾਰਤਕ ਪੁਸਤਕਾਂ ਮੈਨੂੰ ਭੇਂਟ ਕੀਤੀਆਂ ਤਾਂ ਉਸ ਚੋਂ ਸ਼ਬਦ ਸੂਝ ਦੀਆਂ ਬਾਰੀਕੀਆਂ ਨੇ ਪ੍ਰਭਾਵਤ ਕੀਤਾ।
ਹੁਣ ਪਿਛਲੇ ਦਿਨੀਂ ਉਸ ਦੀ ਪਲੇਠੀ ਕਾਵਿ ਕਿਤਾਬ ਦੁਪਹਿਰ ਖਿੜੀ ਡਾ. ਐੱਸ ਪੀ ਸਿੰਘ ਜੀ ਰਾਹੀਂ ਮਿਲੀ ਹੈ ਤਾਂ ਚੰਗਾ ਚੰਗਾ ਲੱਗਿਆ। ਸੁੰਦਰ ਪ੍ਰਕਾਸ਼ਨਾ।
ਡਾ: ਸੁਰਜੀਤ ਪਾਤਰ ਨੇ ਇਸ ਕਿਤਾਬ ਦੀ ਜਾਣ ਪਛਾਣ ਚ ਵੀ ਖੁੱਲ੍ਹ ਕੇ ਆਸ਼ੀਰਵਾਦ ਦਿੱਤੀ ਹੈ। ਉਹ ਲਿਖਦੇ ਹਨ ਕਿ ਨਵਰੂਪ ਦੀਆਂ ਕਵਿਤਾਵਾਂ ਵਿੱਚ ਅਹਿਸਾਸਾਂ, ਖ਼ਿਆਲਾਂ ਅਤੇ ਇਜ਼ਹਾਰਾਂ ਦੀ ਮੌਲਿਕਤਾ ਅਤੇ ਸੱਜਰਾਪਨ ਹੈ। ਉਸ ਦੀ ਸੰਵੇਦਨਾ ਵਿੱਚ ਉਦਾਸੀ ਤਾਂ ਹੈ ਪਰ ਇਸ ਦੇ ਨਾਲ ਹੀ ਚਾਹਤ, ਪਿਆਰ ਅਤੇ ਜ਼ਿੰਦਗੀ ਦੀ ਖ਼ੂਬਸੂਰਤੀ ਵਿੱਚ ਯਕੀਨ ਵੀ ਹੈ। ਨਿੱਦੀ ਰਿਸ਼ਤਿਆਂ ਤੋਂ ਪਾਰ ਜਾ ਕੇ ਮਾਨਵਤਾ ਲਈ ਕੁਝ ਕਰਨ ਦੀ ਤੜਪ ਉਸ ਦੀ ਜ਼ਿੰਦਗੀ ਅਤੇ ਕਵਿਤਾ ਦਾ ਇੱਕ ਹੋਰ ਪਸਾਰ ਉਜਾਗਰ ਕਰਦੀ ਹੈ।
ਉਸ ਦੇ ਅਹਿਸਾਸਾਂ ਅਤੇ ਇਜ਼ਹਾਰਾਂ ਵਿੱਚ ਖ਼ੁਸ਼ਮਿਜ਼ਾਜੀ ਉਸ ਦੀ ਇੱਕ ਹੋਰ ਵਿਲੱਖਣਤਾ ਹੈ। ਜੋ ਜ਼ਿੰਦਗੀ ਅਤੇ ਭਾਸ਼ਾ ਪ੍ਰਤੀ ਨਵਰੂਪ ਦੀ ਸਿਰਜਣਾਤਮਕ ਪਹੁੰਚ ਨੂੰ ਰੌਸ਼ਨ ਕਰਦੀ ਹੈ।
ਮੈਂ ਇਸ ਕਾਵਿ ਕਿਤਾਬ ਨੂੰ ਪੜ੍ਹਦਿਆਂ ਮਹਿਸੂਸ ਕੀਤਾ ਹੈ ਕਿ ਨਵਰੂਪ ਦੀ ਕਵਿਤਾ ਸਮਝਣ ਲਈ ਇਹ ਕਵਿਤਾ ਮੈਂ ਕਵਿਤਾ ਨਹੀਂ ਲਿਖਦੀ ਪੜ੍ਹ ਕੇ ਹੀ ਅੱਗੇ ਤੁਰ ਸਕਦੇ ਹਾਂ।
ਕਵਿਤਾ ਮੈਨੂੰ ਸਵਾਸ ਬਖ਼ਸ਼ਦੀ ਹੈ
ਆਸ ਦੀ ਕੰਨੀ ਫੜਾਉਂਦੀ ਹੈ
ਕਵਿਤਾ ਮੈਨੂੰ ਧਰਵਾਸ ਦਿੰਦੀ ਹੈ
ਅਹਿਸਾਸ ਤੋਂ ਜਾਣੂੰ ਕਰਵਾਉਂਦੀ ਹੈ
ਕਵਿਤਾ ਮੈਨੂੰ ਘੁਰਦੀ ਵੀ ਹੈ
ਕਵਿਤਾ ਮੈਨੂੰ ਸ਼ਾਬਾਸ਼ ਦਿੰਦੀ ਹੈ।
ਨਵਰੂਪ ਕੌਰ ਨੇ ਸਾਹਿੱਤ ਜਗਤ ਚ ਪਹਿਲੀ ਦਸਤਕ ਬਰਤਾਨੀਆ ਦਾ ਸਫ਼ਰ ਨਾਮੀਂ ਸਫ਼ਰਨਾਮੇ ਨਾਲ 2014 ਚ ਦਿੱਤੀ ਸੀ। ਫਿਰ ਇਸੇ ਸਾਲ ਲਾਮਿਸਾਲ ਦੋਸਤੀ ਮਾਰਕਸ ਏਂਗਲਜ਼ ਅਤੇ ਜੈਨੀ ਤੋਂ ਬਾਅਦ ਸਕੂਲ ਆਫ਼ ਏਥਨਜ਼।
ਆਪਣੀ ਮਾਤਾ ਗੁਰਦਰਸ਼ਨ ਕੌਰ ਦੇ ਸਾਹਿੱਤ ਸੁਹਜ ਸਬੰਧ ਦਾ ਹੀ ਪ੍ਰਤੀਫ਼ਲ ਲੱਗਦੀਆਂ ਨੇ ਇਹ ਕਵਿਤਾਵਾਂ।
ਇਸ ਸੁਹਜ ਭਰਪੂਰ ਕਿਤਾਬ ਨੂੰ ਰਵੀ ਸਾਹਿੱਤ ਪ੍ਰਕਾਸ਼ਨ ਅੰਮ੍ਰਿਤਸਰ ਨੇ ਪਾਠਕਾਂ ਰੂਬਰੂ ਕੀਤਾ ਹੈ।
ਇਸ ਕਿਤਾਬ ਦਾ ਭਰਪੂਰ ਸਵਾਗਤ ਕਰਦਿਆਂ ਫ਼ਖ਼ਰ ਵੀ ਮਹਿਸੂਸ ਕਰਦਾ ਹਾਂ ਕਿ ਮੈਂ ਨਵਰੂਪ ਨੂੰ ਜਾਣਦਾ ਹਾਂ।
ਉਸ ਦੀ ਸ਼ਾਇਰੀ ਚ ਨਵਰੂਪ ਸਲਾਮਤ ਰਹੇ, ਇਸੇ ਆਸ ਤੇ ਅਰਦਾਸ ਨਾਲ ਤੁਹਾਨੂੰ ਇਸ ਕਿਤਾਬ ਨੂੰ ਪੜ੍ਹਨ ਲਈ ਆਖ ਸਕਦਾ ਹਾਂ।
ਕਿਤਾਬ ਦੇ ਆਖ਼ਰੀ ਪੰਨੇ ਦੀਆਂ ਇਹ ਸਤਰਾਂ ਪੜ੍ਹ ਕੇ ਤੁਹਾਨੂੰ ਸੁਣਾਉਂਦਾ ਹਾਂ
ਤੂੰ
ਕੋਸੇ ਸਾਹਾਂ ਚੋਂ ਕਿਰਿਆ
ਅੰਮ੍ਰਿਤ ਵੇਲੇ ਦਾ ਸ਼ਲੋਕ ਬਣ
ਮੈਂ
ਤੇਰੇ ਸ਼ਬਦਾਂ ਨੂੰ ਸਾਂਭਦੀ
ਲਿਸ਼ ਲਿਸ਼ ਕਰਦੀ
ਸਤਰ ਬਣਾਂਗੀ।
ਇਹੋ ਜਹੀਆਂ ਸਤਰਾਂ ਨਾਲ ਭਰਪੂਰ ਕਿਤਾਬ ਨਾਲ ਸਾਂਝ ਪਾ ਕੇ ਤੁਸੀਂ ਵੀ ਤਾਜ਼ਗੀ ਮਹਿਸੂਸ ਕਰੋਗੇ।
ਗੁਰਭਜਨ ਗਿੱਲ