ਦੁੱਖਭੰਜਨ ਰੰਧਾਵਾ
ਮੇਰੀ ਕਿਤੇ ਤਾਂ ਯਾਰੀ ਲੱਗ ਗਈ ਏ,
ਚੋਟ ਮੇਰੇ ਦਿਲ ਤੇ ਕਰਾਰੀ ਲੱਗ ਗਈ ਏ,
ਹੁਣ ਉਹਦੇ ਹੱਥ ਮੇਰਾ ਜੀਉਣਾ ਤੇ ਮਰਨਾ,
ਜਿ਼ੰੰਦ ਦਾਅ ਤੇ ਮੇਰੀ ਸਾਰੀ ਲੱਗ ਗਈ ਏ |
ਮੇਰੀ ਕਿਸੇ ਨੇਂ ਬਾਂਹ ਫੜ ਲਈ ਘੁੱਟ ਕੇ,
ਮੈਨੂੰ ਚਾਹ ਲਿਆ ਕਿਸੇ ਨੇਂ ਟੁੱਟ-ਟੁੱਟ ਕੇ,
ਮੇਰੀ ਹਨੇਰਿਆਂ ਅੰਬਰਾਂ ਚ,
ਗੁੰਮਨਾਮ ਉਡਾਰੀ ਲੱਗ ਗਈ ਏ |
ਮੇਰੀ ਕਿਤੇ ਤਾਂ ਯਾਰੀ ਲੱਗ ਗਈ ਏ,
ਮੇਰੀ ਧੜਕਨ ਦੇ ਨਾਲ ਸਾਹ ਉਹਦਾ,
ਮੇਰੇ ਕਦਮਾਂ ਦੇ ਨਾਲ ਰਾਹ ਉਹਦਾ,
ਸਾਰਾ ਹੀ ਪੰਧ ਮੈਂ ਮੁਕਾਉਣਾ ਉਹਦੇ ਨਾਲ,
ਸਾਡੀ ਤਾਂ ਹੁਣ ਵਾਰੋ-ਵਾਰੀ ਲੱਗ ਗਈ ਏ |
ਮੇਰੀ ਕਿਤੇ ਤਾਂ ਯਾਰੀ ਲੱਗ ਗਈ ਏ,
ਹੁਣ ਗੱਲ ਕੀਤੇ ਬਿਨਾਂ ਸਰਦਾ ਨਹੀਂ,
ਰਿਹਾ ਪਤਾ ਥਹੂ ਆਪਣੇਂ ਘਰਦਾ ਨਹੀਂ,
ਦੋ ਰੂਹਾਂ ਨੂੰ ਮਰਜ਼ ਇੱਕੋ ਰੱਬਾ,
ਦੋਵਾਂ ਨੂੰ ਇੱਕੋ ਹੀ ਬਿਮਾਰੀ ਲੱਗ ਗਈ ਏ |
ਮੇਰੀ ਕਿਤੇ ਤਾਂ ਯਾਰੀ ਲੱਗ ਗਈ ਏ,
ਹੁਣ ਤਾਂ ਦੋਵੇਂ ਇੱਕ ਦੂਜੇ ਲਈ ਬਲਣ ਲੱਗੇ,
ਇੱਕ ਦੂਜੇ ਦਾ ਮਸ਼ਵਰਾ ਲੈ-ਲੈ ਚੱਲਣ ਲੱਗੇ,
ਹੁਣ ਏਧਰ ਵੀ ਤੇ ਓਧਰ ਵੀ ,
ਕੱਖਾਂ ਨੂੰ ਚਿੰਗਾਰੀ ਲੱਗ ਗਈ ਏ |
ਮੇਰੀ ਕਿਤੇ ਤਾਂ ਯਾਰੀ ਲੱਗ ਗਈ ਏ,
ਮੈਨੂੰ ਹੁਣ ਤਾਂ ਇੱਕ ਪਾਸਾ ਕਰਨਾ ਪੈਣਾ, ਮਹਿਬੂਬਾ ਲਈ ਸਭ ਕੁਝ ਲਗਦਾ ਹਰਨਾ ਪੈਣਾ,
ਦੁੱਖਭੰਜਨ ਪਤਾ ਨਈਂ ਹੁਣ ਜਿੱਤਦਾ ਕਿ ਹਰਦਾ,
ਸ਼ਰਤ ਵੀ ਮੌਲਾ ਨਾਲ ਭਾਰੀ ਲੱਗ ਗਈ ਏ |
ਮੇਰੀ ਕਿਤੇ ਤਾਂ ਯਾਰੀ ਲੱਗ ਗਈ ਏ,