ਅਸ਼ੋਕ ਵਰਮਾ
ਬਠਿੰਡਾ, 30 ਜੁਲਾਈ। ਪਿਛਲੇ ਦਿਨੀਂ ਕਪਾਹ ਪੱਟੀ ’ਚ ਹੋਈ ਭਾਰੀ ਬਰਸਾਤ ਨੇ ਨਰਮਾ ਉਤਪਾਦਕ ਕਿਸਾਨਾਂ ਦੀਆਂ ਫਸਲਾਂ ਨੂੰ ਵੱਡੀ ਸੱਟ ਮਾਰੀ ਹੈ। ਖਾਸ ਤੌਰ ਤੇ ਫਾਜਿਲਕਾ ਜਿਲੇ ਦੇ ਕਈ ਪਿੰਡਾਂ ’ਚ ਨਰਮੇ ਕਪਾਹ ਦੀ ਫਸਲ ਤਾਂ ਬਾਰਸ਼ ਦੇ ਪਾਣੀ ਨੇ ਬੁਰੀ ਤਰਾਂ ਝੰਬ ਦਿੱਤੀ ਹੈ। ਅੱਜ ਇੰਨਾਂ ਕਿਸਾਨਾਂ ਦਾ ਦਰਦ ਸਾਹਮਣੇ ਆਇਆ ਹੈ ।ਕਿਸਾਨ ਦੱਸਦੇ ਹਨ ਕਿ ਫਾਜਿਲਕਾ ਜਿਲੇ ’ਚ ਕਰੀਬ 9 ਹਜਾਰ ਏਕੜ ਨਰਮਾ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਅਬੋਹਰ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਬਾਰਸ਼ ਕਾਰਨ ਤਬਾਹ ਹੋਏ ਨਰਮੇ ਨੇ ਆਸਾਂ ਤੋੜ ਦਿੱਤੀਆਂ ਹਨ। ਉਨਾਂ ਆਖਿਆ ਕਿ ਕਦੇ ਫਸਲਾਂ ਨੂੰ ਸੋਕਾ ਮਾਰਦਾ ਆ ਰਿਹਾ ਹੈ ਜਦੋਂਕਿ ਹੁਣ ਪਾਣੀ ਨੇ ਕਿਸਾਨ ਮਾਰ ਦਿੱਤੇ ਹਨ। ਇਸੇ ਤਰਾਂ ਹੀ ਬਠਿੰਡਾ ਜਿਲੇ ’ਚ ਅੱਧੀ ਦਰਜਨ ਪਿੰਡ ਅਜਿਹੇ ਹਨ ਜਿੱਥੇ ਹੁਣ ਮੀਂਹ ਮਾੜਾ ਪ੍ਰਭਾਵ ਪਾਉਣ ਲੱਗਾ ਹੈ। ਪਿੰਡ ਬੁਰਜਸੇਮਾਂ ਦੇ ਕਿਸਾਨ ਦਰਸ਼ਨ ਸਿੰਘ ਦੇ ਨਰਮੇ ਦੇ ਖੇਤਾਂ ਵਿੱਚ ਪਾਣੀ ਖੜ ਗਿਆ ਜਿਸ ਨੇ ਫਸਲ ਨੂੰ ਦਾ ਵੰਡਾ ਨੁਕਸਾਨ ਕਰ ਦਿੱਤਾ ਹੈ। ਇਸ ਕਿਸਾਨ ਦਾ 10 ਕਨਾਲ ਨਰਮਾ ਸੁੱਕ ਗਿਆ ਤਾਂ ਫਸਲ ਵਾਹ ਦਿੱਤੀ ਹੈ।
ਹੁਣ ਉਹ ਨਵੇਂ ਸਿਰਿਓਂ ਫਸਲ ਬੀਜਣ ਦੀ ਤਿਆਰੀ ਕਰ ਰਿਹਾ ਹੈ। ਇਸੇ ਤਰਾਂ ਹੀ ਰਾਮਨਗਰ ਦੇ ਕਿਸਾਨ ਧਰਮ ਸਿੰੰਘ ਦੇ ਦੋ ਏਕੜ ਨਰਮੇ ਨੂੰ ਵੀ ਪਾਣੀ ਦੀ ਮਾਰ ਪੈ ਗਈ ਹੈ। ਇਹ ਕਿਸਾਨ ਐਤਕੀਂ ਚੰਗੇ ਝਾੜ ਦੀ ਆਸ ’ਚ ਨਰਮਾ ਬੀਜਿਆ ਸੀ ਪਰ ਕੁਦਰਤ ਨੇ ਸਾਰੇ ਸੁਫਨੇ ਤੋੜ ਦਿੱਤੇ ਹਨ। ਇਸੇ ਹੀ ਪਿੰਡ ਦੇ ਕਿਸਾਨ ਗੁਰਦਿਆਲ ਸਿੰਘ ਦਾ ਦਾ ਏਕੜ, ਕਰਤਾਰ ਸਿੰਘ ਦਾ ਦੋ ਏਕੜ ਅਤੇ ਕਿਸਾਨ ਕਾਲੂ ਰਾਮ ਦਾ ਦੋ ਕਨਾਲਾਂ ਨਰਮਾ ਸੁੱਕਿਆ ਹੈ। ਇੰਨਾਂ ਕਿਸਾਨਾਂ ਨੂੰ ਹਜਾਰਾਂ ਰੁਪਏ ਦਾ ਰਗੜਾ ਲੱਗ ਗਿਆ ਹੈ। ਪਿੰਡ ਤਰਖਾਣ ਵਾਲਾ ’ਚ ਵੀ ਕਰੀਬ 36 ਏਕੜ ਫਸਲਾਂ ਪਾਣੀ ਨੇ ਮਧੋਲ ਦਿੱਤੀਆਂ ਹਨ। ਇਸੇ ਤਰਾਂ ਹੀ ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ। ਕਿਸਾਨ ਆਖਦੇ ਹਨ ਕਿ ਸਰਕਾਰਾਂ ਕਿਸਾਨਾਂ ਦੀ ਬਾਂਹ ਨਹੀਂ ਫੜਦੀਆਂ ਹਨ। ਫਸਲ ਦੀ ਤਬਾਹੀ ’ਚ ਮਾਨਸਾ ਜਿਲੇ ਦੇ ਕਿਸਾਨਾਂ ਨਾਲ ਵੀ ਜੱਗੋਂ ਤੇਰਵੀਂ ਹੋਈ ਹੈ। ਇਸ ਜਿਲੇ ਦੇ ਕਰੀਬ ਡੇਢ ਦਰਜਨ ਪਿੰਡ ਅਜਿਹੇ ਹਨ ਜਿੱਥੇ ਬਾਰਸ਼ ਕਾਰਨ ਨਰਮੇ ਕਪਾਹ ਦਾ ਨੁਕਸਾਨ ਹੋ ਗਿਆ ਹੈ।
ਕਿਸਾਨਾਂ ਦਾ ਕਹਿਣਾ ਸੀ ਕਿ ਉਨਾਂ ਨੂੰ ਮੁੜ ਬਿਜਾਈ ਕਰਨੀ ਪਵੇਗੀ। ਪਤਾ ਲੱਗਿਆ ਹੈ ਕਿ ਇਸ ਖਿੱਤੇ ’ਚ ਅਗੇਤੀ ਫਸਲ ਨੂੰ ਬਹੁਤੀ ਮਾਰ ਝੱਲਣੀ ਪੈ ਰਹੀ ਹੈ । ਕਈ ਥਾਵਾਂ ਤੇ ਅਜੇ ਵੀ ਕਿਸਾਨ ਖੇਤਾਂ ‘ਚੋਂ ਪਾਣੀ ਕੱਢਣ ਵਿੱਚ ਜੁਟੇ ਹੋਏ ਹਨ । ਕਈ ਕਿਸਾਨਾਂ ਦਾ ਨਰਮਾ ਗਲਣ ਲੱਗਾ ਹੈ ਤਾਂ ਉਨਾਂ ਨੇ ਝੋਨਾ ਲਾਉਣ ਦੀ ਵਿਉਂਤਬੰਦੀ ਕੀਤੀ ਹੈ ਪਰ ਪਨੀਰੀ ਦੀ ਸਮੱਸਿਆ ਆ ਰਹੀ ਹੈ। ਕਿਸਾਨ ਆਖਦੇ ਹਨ ਕਿ ਪਾਣੀ ਖੜਣ ਕਾਰਨ ਝਾੜ ਨੂੰ ਵੱਡਾ ਖੋਰਾ ਲੱਗੇਗਾ । ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿੰਨਾਂ ਖੇਤਾਂ ’ਚ ਹਾਲੇ ਤੱਕ ਪਾਣੀ ਮੌਜੂਦ ਹੈ ਤਾਂ ਉਨਾਂ ਨੂੰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਹਨ। ਤਾਪਮਾਨ ’ਚ ਹੋਏ ਵਾਧੇ ਕਾਰਨ ਪਾਣੀ ਦੇ ਗਰਮੀ ਫੜਨ ਕਰਕੇ ਨਰਮੇ ਕਪਾਹ ਦੀ ਫਸਲ ਲਈ ਘਾਤਕ ਬਣ ਰਿਹਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਪਾਣੀ ਲੰਮਾਂ ਸਮਾਂ ਖੜਨ ਨਾਲ ਫਸਲ ਦੀਆਂ ਜੜਾਂ ਅਤੇ ਪੱਤੇ ਗਲਣ ਲੱਗ ਸਕਦੇ ਹਨ। ਉਨਾਂ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਅਗਲੇ ਦਿਨੀਂ ਭਾਰੀ ਬਾਰਸ਼ ਦੀ ਪੇਸ਼ੀਨਗੋਈ ਨੇ ਕਿਸਾਨ ਡਰਾ ਦਿੱਤੇ ਹਨ
ਆਰਥਿਕ ਤੌਰ ਤੇ ਮਾਰ ਹੇਠ ਆਉਣਗੇ ਕਿਸਾਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਪਹਿਲਾਂ ਹੀ ਖੇਤੀ ਲਾਗਤਾਂ ਵਧ ਗਈਆਂ ਹਨ ਤੇ ਮੀਂਹ ਕਾਰਨ ਕਿਸਾਨ ਹੋਰ ਵੀ ਆਰਥਿਕ ਤੌਰ ਤੇ ਮਾਰ ਹੇਠ ਆ ਜਾਣਗੇ। ਉਨਾਂ ਆਖਿਆ ਕਿ ਕਿਸਾਨ ਕਰੋਨਾ ਸੰਕਟ ’ਚ ਫਸੇ ਹੋਏ ਸਨ ਅਤੇ ਹੁਣ ਇਹ ਨਵੀਂ ਮਾਰ ਪੈ ਗਈ ਹੈ । ਉਨਾਂ ਸਰਕਾਰ ਤੋਂ ਕਿਸਾਨਾਂ ਨੂੰ ਫੌਰੀ ਤੌਰ ਤੇ ਮੁਆਵਜਾ ਦੇਣ ਦੀ ਮੰਗ ਕੀਤੀ ਹੈ ।
ਬਠਿੰਡਾ ’ਚ ਵੱਡਾ ਨੁਕਸਾਨ ਨਹੀਂ
ਜ਼ਿਲਾ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬਾਰਸ਼ ਕਰਕੇ ਨਰਮੇ ਕਪਾਹ ਦੀ ਫਸਲ ਪ੍ਰਭਾਵਿਤ ਤਾਂ ਹੋਈ ਹੈ ਪਰ ਵੱਡੇ ਪੱਧਰ ’ਤੇ ਨੁਕਸਾਨ ਨਹੀਂ ਹੈ। ਉਨਾਂ ਦੱਸਿਆ ਕਿ ਹੁਣ ਭੂਰੀ ਜੂੰਅ ਹਰਾ ਤੇਲਾ ਤੇ ਚਿੱਟੀ ਮੱਖੀ ਦਿਖਾਈ ਦੇਣ ਦੀ ਸੂਰਤ ’ਚ ਕਿਸਾਨ ਖੇਤੀ ਵਿਭਾਗ ਦੀ ਸਲਾਹ ਨਾਲ ਸਪਰੇਅ ਕਰਨ।
ਫਾਜਿਲਕਾ ’ਚ 78ਸੌ ਏਕੜ ’ਚ ਖਰਾਬੇ ਦੀ ਰਿਪੋਰਟ ਭੇਜੀ
ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਡਾ ਰਾਮ ਸਰੂਪ ਦਾ ਕਹਿਣਾ ਸੀ ਕਿ ਕਰੀਬ 7800 ਏਕੜ ਫਸਲ ਨੂੰ ਨੁਕਸਾਨ ਪੁੱਜਿਆ ਹੈ। ਉਨਾਂ ਦੱਸਆ ਕਿ ਇਸ ਬਾਰੇ ਰਿਪੋਰਟ ਭੇਜ ਦਿੱਤੀ ਹੈ ਜਿਸ ਛੈ ਯ+ਥਾਂ+ ਵੱਲੋਂ ਕਾਰਵਾੲਂ ਕੀਤੀ ਜਾਣੀ ਹੈ।
ਚਾਰ ਹਜਾਰ ਏਕੜ ਦਾ ਨੁਕਸਾਨ
ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ ਮਨਜੀਤ ਸਿੰਘ ਨੇ ਦੱਸਿਆ ਕਿ ਜਿਲੇ ’ਚ ਕਰੀਬ 4 ਹਜਾਰ ਏਕੜ ਦਾ ਨੁਕਸਾਨ ਹੈ। ਉਨਾਂ ਦੱਸਆ ਕਿ ਜਾਇਜਾ ਲਿਆ ਜਾ ਰਿਹਾ ਹੈ। ਉਨਾਂ ਦੱਸਆ ਕਿ ਗਿਰਦਾਵਰੀ ਨੂੰ ਕੁੱਝ ਦਿਨ ਲੱਗ ਸਕਦੇ ਹਨ।