ਅਸ਼ੋਕ ਵਰਮਾ
ਬਠਿੰਡਾ, 30 ਜੁਲਾਈ।ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਮੁਲਾਜਮ ਅਤੇ ਪੈਨਸ਼ਨਰ 15 ਅਗਸਤ ਨੂੰ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾ ਕੇ ਵਿੱਤੀ ਗੁਲਾਮ ਦੇ ਤੌਰ ਤੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਨਗੇ। ਇਸ ਤੋਂ ਪਹਿਲਾਂ: 4 ਅਗਸਤ ਨੂੰ ਜਿਲਾ ਪੱਧਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ ਜਦੋਂਕਿ 5 ਅਗਸਤ ਨੂੰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਆਪੋ-ਆਪਣੇ ਦਫਤਰਾਂ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਰੋਸ ਜਾਹਰ ਕਰਨਗੇੇ। ਇਸੇ ਤਰਾਂ ਹੀ 6 ਅਗਸਤ ਤੋਂ 14 ਅਗਸਤ ਤੱਕ ਦਫਤਰੀ ਕੰਮ ਮੁਕੰਮਲ ਤੋਰ ਠੱਪ ਰੱਖਿਆ ਜਾਏਗਾ ਅਤੇ 18 ਅਗਸਤ ਨੂੰ ਸਾਰੇ ਪੰਜਾਬ ਅੰਦਰ ਸਰਕਾਰੀ ਮਸੀਨਰੀ ਬੰਦ ਕੀਤੀ ਜਾਏਗੀ। ਅੱਜ ਜਿਲਾ ਯੂਨਿਟ ਬਠਿੰਡਾ ਵੱਲੋ ਕੇਵਲ ਬਾਂਸਲ ਜਿਲਾ ਪ੍ਰਧਾਨ ਅਤੇ ਸ:ਬਲਦੇਵ ਸਿੰਘ ਜਨਰਲ ਸਕੱਤਰ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੇ ਆਗੂਆ ਦੀ ਹੰਗਾਮੀ ਮੀਟਿੰਗ ਕੀਤੀ ਗਈ ਜਿਸ ’ਚ ਸਰਕਾਰ ਵਿਰੋਧੀ ਰਵਈਏ ਸਬੰਧ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਵਿੱਚ ਮੇਘ ਸਿੰਘ ਸਿੱਧੂ ਸੂਬਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਨੇ ਵੀ ਸ਼ਮੂਲੀਅਤ ਕੀਤੀ। ਆਗੂਆਂ ਨੇ ਪੰਜਾਬ ਸਰਕਾਰ ਵੱਲੋ ਮੁਲਾਜਮਾਂ ਤੇ ਕੀਤੇ ਜਾ ਰਹੇ ਮਾਰੂ ਹਮਲਿਆਂ ਦੀ ਪੁਰਜੋਰ ਨਿੰਦਿਆਂ ਕੀਤੀ ਅਤੇ ਸਟੇਟ ਬਾਡੀ ਵੱਲੋਂ ਦਿੱਤੇ ਐਕਸਨ ਨੂੰ ਪੂਰੀ ਤਨਦੇਹੀ ਨਾਲ ਸਫਲ ਬਨਾਉਣ ਦੀ ਲਈ ਟੀਮਾਂ ਬਣਾ ਕੇ ਦਫਤਰਾਂ ਵਿੱਚ ਜਾ ਕੇ ਮੁਲਾਜਮਾਂ ਨੂੰ ਲਾਮਬੰਦ ਕਰਨ ਦਾ ਫੈਸਲਾ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜਮਾਂ ਨੂੰ ਮਿਲ ਰਹੇ ਮੁਬਾਇਲ ਭੱਤਿਆਂ ਤੇ 50 ਪ੍ਰਤੀਸਤ ਕੱਟ ਲਾ ਦਿੱਤਾ ਹੈ ਜਦੋਂਕਿ ਲੀਡਰਾਂ ਦੇ ਗੱਫੇ ਜਾਰੀ ਹਨ। ਇਸ ਮੌਕੇ ਰਾਜਵੀਰ ਸਿੰਘ ਮਾਨ,ਸੁਰਿੰਦਰ ਕੁਮਾਰ ਧੀਰ ,ਪਲਵਿੰਦਰ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ ,ਕੁਲਦੀਪ ਸ਼ਰਮਾ, ਗੁਰਸੇਵਕ ਸਿੰਘ,ਹਰਪ੍ਰ੍ਰੀਤ ਸਿੰਘ , ਅਨਿਲ ਕੁਮਾਰ ਅਤੇ ਦਰਜਾ ਚਾਰ ਮੁਲਾਜਮਾਂ ਦੇ ਆਗੂ ਮਨਜੀਤ ਸਿੰਘ ਪੰਜੂ ਆਦਿ ਹਾਜਰ ਸਨ ਜਿੰਨਾਂ ਹਰ ਐਕਸ਼ਨ ਨੂੰ ਸਫਲ ਬਨਾਉਣ ਦਾ ਅਹਿਦ ਲਿਆ।
ਸਰਕਾਰ ਫੌਰੀ ਤੌਰ ਤੇ ਮੰਨੇ ਮੰਗਾਂ:ਬਾਂਸਲ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਜਿਲਾ ਪ੍ਰਧਾਨ ਕੇਵਲ ਬਾਂਸਲ ਨੇ ਤਨਖਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਕਰਨੀ, ਸਾਲ 2004 ਤੋਂ ਬਾਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨ, ਪਰਖਕਾਲ ਨੂੰ ਕੁਆਲੀਫਾਈ ਸੇਵਾ ਮੰਨਣ, ਡੀਏ ਦੀਆਂ ਬਕਾਇਆ ਕਿਸ਼ਤਾਂ ਫੌਰੀ ਜਾਰੀ ਕਰਨ, ਡੀ.ਏ ਦਾ ਏਰੀਅਰ,4-9-14 ਦਾ ਦੇਣ ਸਮੇ ਅਗਲਾ ਸੀਨੀਅਰ ਸਕੇਲ ਦੇਣ,ਮੁਲਾਜਮ ਮਾਰੂ ਪੱਤਰ ਤੁਰੰਤ ਵਾਪਸ ਲੈਣ,50 ਸਾਲ ਦੀ ਉਮਰ ਪੂਰੀ ਕਰ ਚੱੁਕੇ ਸਟੈਨੋ ਟਾਈਪਿਸਟਾਂ ਨੂੰ ਟੈਸਟ ਤੋ ਛੋਟ ਦੇਣ, ਕੱਚੇ ਤੇ ਆਊਟ ਸੋਰਸਿੰਗ ਰਾਹੀਂ ਭਰਤੀ ਮੁਲਾਜ਼ਮ ਪੱਕੇ, ਮਹਿੰਗਾਈ ਭੱਤੇ ਦਾ ਸਾਰਾ ਹਿਸਾਬ ਕਿਤਾਬ ਸਾਫ , ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਦੀ ਮੰਗ ਕੀਤੀ।
ਸਰਕਾਰ ਖਿਲਾਫ ਵੱਡਾ ਸੰਘਰਸ਼:ਸੂਬਾ ਪ੍ਰਧਾਨ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਹੁਣ ਜਦੋਂ ਕੋਈ ਚਾਰਾ ਨਹੀਂ ਬਚਿਆ ਤਾਂ ਸਖਤ ਫੈਸਲਿਆਂ ਨੂੰ ਅਮਲ ’ਚ ਲਿਆਉਣ ਵੱਲ ਵਧਣਾ ਪਿਆ ਹੈ । ਉਨਾਂ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਹੁਣ ਤੱਕ ਦੇ ਮੁਲਾਜ਼ਮ ਜਥੇਬੰਦੀਆਂ ਨਾਲ ਮਹਿਜ਼ ਵਾਅਦੇ ਕਰ ਕੇ ਡੰਗ ਟਪਾਇਆ ਜਾ ਰਿਹਾ ਸੀ ਪਰ ਪਿਛਲੇ ਕੁੱਝ ਸਮੇਂ ਤੋਂ ਗੱਲਬਾਤ ਦੇ ਬੂਹੇ ਵੀ ਭੇੜ ਲਏ ਹਨ ਸ੍ਰੀ ਸਿੱਧੂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੁਲਾਜ਼ਮਾਂ ਦੀਆਂ ਮੰਗਾਂ ਛੇਤੀ ਪ੍ਰਵਾਨ ਨਾ ਕੀਤੀਆਂ ਤਾਂ ਸਰਕਾਰ ਵਿਰੁੱਧ ਸੰਘਰਸ਼ ਤੇਜ ਕਰ ਦਿੱਤਾ ਜਾਵੇਗਾ।