11.3 C
United Kingdom
Sunday, May 25, 2025

More

    ਭਦੌੜ ਦੇ ਦੋ ਏਜੰਟਾਂ ਤੇ 306 ਦਾ ਪਰਚਾ ਦਰਜ ਹੋਇਆ

    -ਕਾਲਜ ਦੀ ਫੀਸ ਭਰੇ ਬਿਨਾਂ ਕੁੜੀ ਨੂੰ ਕਨੇਡਾ ਭੇਜਣ ਦਾ ਮਾਮਲਾ
    ਬਰਨਾਲਾ, 26 ਜੁਲਾਈ ( ਆਰਕੇ ਵਰਮਾ)

    ਭਦੌੜ ਦੇ ਦੋ ਏਜੰਟਾਂ ਨੇ ਸ਼ਹਿਣਾ ਦੀ ਇੱਕ ਲੜਕੀ ਨੂੰ ਕਾਲਜ ਦੀ ਫੀਸ ਭਰੇ ਬਿਨਾਂ ਹੀ ਕੈਨੇਡਾ ਭੇਜ ਦਿੱਤਾ ਅਤੇ ਇਸ ਗੱਲ ਦਾ ਪਤਾ ਲੱਗਣ ‘ਤੇ ਜਦੋਂ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਏਜੰਟਾਂ ਤੋਂ ਪੁੱਛਿਆ ਤਾਂ ਉਹ ਕੁੜੀ ਦੇ ਘਰ ਆ ਕੇ ਧਮਕੀ ਦੇਣ ਲੱਗੇ, ਜਿਸ ਕਾਰਨ ਕੁੜੀ ਦੀ ਦਾਦੀ ਸਦਮੇ ਨਾਲ ਆਪਣੇ ਪ੍ਰਾਣ ਤਿਆਗ ਗਈ । ਜਿਸ ‘ਤੇ ਥਾਣਾ ਸ਼ਹਿਣਾ ਦੀ ਪੁਲੀਸ ਨੇ ਉਪਰੋਕਤ ਦੋਵਾਂ ਏਜੰਟਾਂ ਖ਼ਿਲਾਫ਼ ਧਾਰਾ 306 ਤਹਿਤ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪੀੜਤ ਜਸਮੇਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪੱਖੋ ਬਸਤੀ ਸ਼ਹਿਣਾ ਨੇ ਦੱਸਿਆ ਕਿ ਉਸ ਦੀ ਲੜਕੀ ਸੁਖਦੀਪ ਕੌਰ ਦੇ ਆਈਲੈਟਸ ਕਰਨ ਉਪਰੰਤ ਅਗਸਤ 2019 ‘ਚ ਉਨ੍ਹਾਂ ਲੜਕੀ ਨੂੰ ਕੈਨੇਡਾ ਭੇਜਣ ਲਈ ਭਦੌੜ ਵਿਖੇ ਏਜੰਟ ਹਰਮਿੰਦਰ ਸਿੰਘ ਤੇ ਜਗਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 11 ਲੱਖ ਰੁਪਏ ਦਾ ਖ਼ਰਚਾ ਦੱਸਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਪੈਸਿਆਂ ਦਾ ਪ੍ਰਬੰਧ ਕਰ ਕੇ ਨਵੰਬਰ 2019 ਦੇ ਪਹਿਲੇ ਹਫ਼ਤੇ 11 ਲੱਖ ਰੁਪਏ ਭਦੌੜ ਵਿਖੇ ਏਜੰਟ ਹਰਮਿੰਦਰ ਸਿੰਘ ਤੇ ਜਗਦੀਪ ਸਿੰਘ ਨੂੰ ਦੇ ਦਿੱਤੇ। ਲੜਕੀ ਦਾ ਆਫਰ ਲੈਟਰ ਆਉਣ ਤੋਂ ਬਾਅਦ ਵੀਜ਼ਾ ਲੱਗ ਗਿਆ ਤੇ ਉਹ ਦਸੰਬਰ 2019 ‘ਚ ਕੈਨੇਡਾ ਚਲੀ ਗਈ। ਕੈਨੇਡਾ ਜਾ ਕੇ ਲੜਕੀ ਨੂੰ ਪਤਾ ਲੱਗਾ ਕਿ ਜਿਸ ਕਾਲਜ ਦਾ ਆਫਰ ਲੈਟਰ ਆਇਆ ਸੀ ਉਸ ਦੀ ਏਜੰਟਾਂ ਨੇ ਫੀਸ ਹੀ ਨਹੀਂ ਭਰੀ। ਇਸ ‘ਤੇ ਉਨ੍ਹਾਂ ਉਕਤ ਏਜੰਟਾਂ ਨਾਲ ਗੱਲਬਾਤ ਕੀਤੀ ਤਾਂ ਏਜੰਟਾਂ ਨੇ ਇਕ ਰਸੀਦ ਦਿੱਤੀ ਜੋ ਕਿ ਜਾਅਲੀ ਨਿਕਲੀ। ਕਾਲਜ ਉਸ ਰਸੀਦ ਨੂੰ ਮੰਨ ਨਹੀਂ ਰਿਹਾ ਸੀ। ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਭਰਾ ਬੇਅੰਤ ਸਿੰਘ ਨਾਲ ਉਕਤ ਦੋਵਾਂ ਏਜੰਟਾਂ ਕੋਲ ਗਏ ਤਾਂ ਉਨ੍ਹਾਂ ਨੂੰ ਫੀਸ ਦੇ ਪੈਸੇ ਵਾਪਸ ਕਰਨ ਲਈ ਕਿਹਾ, ਪਰ ਉਹ ਲਾਰੇ ਲਾਉਂਦੇ ਰਹੇ। ਪੀੜਤ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਦੋਵੇਂ ਏਜੰਟ ਉਨ੍ਹਾਂ ਦੇ ਘਰ ਆਏ ਤੇ ਪੈਸੇ ਨਾ ਦੇਣ ਸਬੰਧੀ ਧਮਕੀਆਂ ਦੇਣ ਲੱਗੇ। ਇਸ ਕਾਰਨ ਉਨ੍ਹਾਂ ਦੀ ਮਾਤਾ ਬਲਵੀਰ ਕੌਰ ਸਦਮੇ ‘ਚ ਆ ਗਏ ਤੇ ਬੀਤੀ 24 ਜੁਲਾਈ ਨੂੰ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਕਰ ਦਿੱਤਾ। ਜਸਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਦੀ ਮੌਤ ਉਕਤ ਦੋਵਾਂ ਏਜੰਟਾਂ ਵੱਲੋਂ ਮਿਲੀਆਂ ਧਮਕੀਆਂ ਨਾਲ ਸਦਮੇ ‘ਚ ਹੋਣ ਕਰਕੇ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਮਿ੍ਤਕ ਬਲਵੀਰ ਕੌਰ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਰਨਾਲਾ ਤੋਂ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਪੀੜਤ ਜਸਮੇਲ ਸਿੰਘ ਵਾਸੀ ਸ਼ਹਿਣਾ ਦੇ ਬਿਆਨਾਂ ਦੇ ਆਧਾਰ ‘ਤੇ ਏਜੰਟ ਹਰਮਿੰਦਰ ਸਿੰਘ ਤੇ ਜਗਦੀਪ ਸਿੰਘ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇੰਨਾਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!