ਅਸ਼ੋਕ ਵਰਮਾ
ਬਠਿੰਡਾ,21ਜੁਲਾਈ । ਬਠਿੰਡਾ ਸ਼ਹਿਰ ’ਚ ਬਣੇ ਹੜਾਂ ਵਰਗੇ ਹਾਲਾਤਾਂ ਤੋਂ ਬਾਅਦ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਨੇ ਬਾਰਸ਼ ਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਪੰਜਾਬ ਸਰਕਾਰ ‘ਤੇ ਚੋਟ ਕਰਨ ਵਾਸਤੇ ਅੱਜ ਲਾਈਨੋਂ ਪਾਰ ਇਲਾਕੇ ਵਿੱਚ ਇੱਕ ਪ੍ਰਾਈਵੇਟ ਕਿਸ਼ਤੀ ਚਲਾਈ।ਰੌਚਕ ਤੱਥ ਹੈ ਕਿ ਸਾਬਕਾ ਕੌਂਸਲਰ ਪਹਿਲਾਂ ਇਹੋ ਚੋਟਾਂ ਅਕਾਲੀ ਸਰਕਾਰ ਤੇ ਕਰਿਆ ਕਰਦੇ ਸਨ। ਉਨਾਂ ਨੇ 28 ਅਗਸਤ 2012 ਨੂੰ ਅਕਾਲੀ ਹਕੂਮਤ ਵੇਲੇ ਵੀ ਵਿਦਿਆਰਥੀਆਂ ਨੂੰ ਕਿਸ਼ਤੀ ਵਿੱਚ ਬਿਠਾ ਕੇ ਉਨਾਂ ਦੇ ਘਰੀਂ ਛੱਡਿਆ ਸੀ। ਸ੍ਰੀ ਸ਼ਰਮਾ ਇਸ ਵੇਲੇ ਅਕਾਲੀ ਦਲ ’ਚ ਹਨ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਨਾਂ ਨੂੰ ਕੇਂਦਰੀ ਰੇਲਵੇ ਬੋਰਡ ’ਚ ਅਹੁਦਾ ਦਿੱਤਾ ਹੋਇਆ ਹੈ। ਅੱਜ ਜਦੋਂ ਪੰਜਾਬ ’ਚ ਕਾਂਗਰਸ ਸਰਕਾਰ ਸੱਤਾ ’ਚ ਹੈ ਤਾਂ ਸ੍ਰੀ ਸ਼ਰਮਾ ਨੇ ਪਾਣੀ ਦੀ ਨਿਕਾਸੀ ਨਾਂ ਹੋਣ ਕਰਕੇ ਕਾਂਗਰਸ ਹਕੂਮਤ ਨੂੰ ਨਿਸ਼ਾਨਾ ਬਣਾਇਆ ਹੈ। ਮੌਸਮ ਵਿਭਾਗ ਅਨੁਸਾਰ ਬਠਿੰਡਾ ’ਚ ਅੱਜ 104 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਜੋ ਕਿ ਰਿਕਾਰਡ ਹੈ । ਪਿਛਲੇ ਵਰੇ 17 ਜੁਲਾਈ ਨੂੰ ਬਠਿੰਡਾ ’ਚ 100 ਮਿਲੀਮੀਟਰ ਮੀਂਹ ਪਿਆ ਸੀ।
ਅੱਜ ਬਠਿੰਡਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਕਾਫੀ ਮੀਂਹ ਪਿਆ ਜਿਸ ਕਾਰਨ ਇਹ ਹਾਲਾਤ ਬਣੇ ਹਨ। ਸਾਬਕਾ ਕੌਂਸਲਰ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦਰਾਨ ਵਾਦਾ ਕੀਤਾ ਗਿਆ ਸੀ ਕਿ ਬਠਿੰਡਾ ਦੇ ਪਾਣੀ ਦਾ ਮਸਲਾ ਹੱਲ ਕੀਤਾ ਜਾਏਗਾ ਪਰ ਸਰਕਾਰ ਬਣਿਆਂ ਸਾਢੇ ਤਿੰਨ ਸਾਲ ਤੋਂ ਵੱਧ ਹੋ ਗਏ ਹਨ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਆਪਣੇ ਵਿਰੋਧੀਆਂ ਵੱਲੋਂ ਵਿਜੇ ਸ਼ਰਮਾ ਨੂੰ ਡਰਾਮੇਬਾਜ ਕਰਾਰ ਦੇਣ ਤੇ ਉਨਾਂ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਉਠਾਉਂਦੇ ਹਨ ਇਸ ਲਈ ਵਿਰੋਧੀਆਂ ਨੂੰ ਚਾਹੀਦਾ ਹੈ ਕਿ ਉਹ ਸਮੱਸਿਆਵਾਂ ਚੁੱਕਣ। ਉਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸ਼ਹਿਰ ਦੇ ਮਸਲੇ ਹੱਲ ਕਰਨ ’ਚ ਫੇਲ ਰਹੀ ਹੈ । ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਸ਼ਹਿਰ ਦੇ ਦਰਜਨਾਂ ਇਲਾਕਿਆਂ ’ਚ 5 ਤੋਂ ਛੇ ਫੁੱਟ ਪਾਣੀ ਭਰ ਗਿਆ ਹੈ । ਹਾਲਤ ਇਹ ਹਨ ਕਿ ਜਿਧਰ ਵੀ ਨਜ਼ਰ ਮਾਰੀਏ ਤਾਂ ਠਾਠਾਂ ਮਾਰਦਾ ਪਾਣੀ ਹੀ ਪਾਣੀ ਬੇਲਗਾਮ ਹੋਇਆ ਫਿਰਦਾ ਹੈ। ਲਾਈਨੋਪਾਰ ਇਲਾਕੇ ’ਚ ਤਾਂ ਅੱਜ ਵੱਡੀ ਗਿਣਤੀ ਦੁਕਾਨਾਂ ’ਚ ਪਾਣੀ ਦਾਖਲ ਹੋ ਗਿਆ। ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸ਼ਹਿਰ ਦਾ ਸੀਵਰੇਜ਼ ਬਲਾਕ ਹੋਣ ਕਰਕੇ ਮਸਲਾ ਬਣਿਆ ਹੈ।
ਘਰਾਂ ’ਚ ਪਾਣੀ ਵੜਨ ਨਾਲ ਘਰੇਲੂ ਸਮਾਨ ਤਬਾਹ
ਸ਼ਹਿਰ ਦੀਆਂ ਤਕਰੀਬਨ ਸਾਰੀਆਂ ਹੀ ਸੜਕਾਂ ਟਾਪੂ ਬਣੀਆਂ ਰਹੀਆਂ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀ ਰਿਹਾਇਸ਼ ਵਾਲੀ ਵੀਰ ਕਲੋਨੀ ‘ਚ ਕਈ ਘਰਾਂ ’ਚ ਪਾਣੀ ਵੜ ਗਿਆ ਜਿਸ ਨਾਲ ਘਰੇਲੂ ਸਮਾਨ ਨੁਕਸਾਨਿਆ ਗਿਆ। ਸਿਰਕੀ ਬਜ਼ਾਰ ਵੀ ਅੱਜ ਪਾਣੀ ਕਾਰਨ ਪੂਰੀ ਤਰਾਂ ਬੰਦ ਰਿਹਾ। ਸਮਾਜਿਕ ਆਗੂ ਸਾਧੂ ਰਾਮ ਕੁਸਲਾ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ ਸਾਲ ਸਮੱਸਿਆ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਜੋ ਵਫਾ ਨਹੀਂ ਹੋਇਆ ਹੈ। ਅਮਰਪੁਰਾ ਬਸਤੀ ਵੱਲ ਨੂੰ ਜਾਣ ਵਾਲੇ ਅੰਡਰਬਰਿੱਜ ’ਚ ਪਾਣੀ ਭਰ ਗਿਆ ਤਾਂ ਇਹ ਇਲਾਕੇ ਸ਼ਹਿਰ ਨਾਲੋਂ ਕੱੱਟ ਗਏ। ਹੋਰ ਵੀ ਕਈ ਥਾਵਾਂ ਤੋਂ ਬਾਰਸ਼ ਕਾਰਨ ਬਰਬਾਦੀ ਦੀਆਂ ਰਿਪੋਰਟਾਂ ਹਨ।
ਬਾਰਸ਼ ਕਾਰਨ ਛੱਤਾ ਡਿੱਗੀਆਂ
ਬਠਿੰਡਾ ਸ਼ਹਿਰ ਦੇ ਪੂਜਾ ਵਾਲੇ ਮੁਹੱਲੇ ’ਚ ਇੱਕ ਗਰੀਬ ਪ੍ਰੀਵਾਰ ਦੀ ਛੱਤ ਡਿੱਗ ਪਈ ਜਿਸ ਨਾਲ ਘਰ ਦਾ ਸਮਾਨ ਤਬਾਹ ਹੋ ਗਿਆ ਪਰ ਜਾਨੀ ਨੁਕਸਾਂ ਤੋਂ ਬਚਾਅ ਰਿਹਾ ਹੈ। ਮਕਾਨ ਮਾਲਕ ਦੀਪਾ ਨੇ ਦੱਸਿਆ ਕਿ ਉਸ ਦੇ ਨਾਲ ਸਕੂਲ ਵਿਚਦੀ ਪਾਣੀ ਆਉਣ ਨਾਲ ਛੱਤ ਡਿੱਗੀ ਹੈ। ਉਸ ਨੇ ਕਮਰੇ ਲਈ ਸਹਾਇਤਾ ਦੀ ਮੰਗ ਕੀਤੀ ਹੈ। ਇਸੇ ਤਰਾਂ ਹੀ ਸਿਰਕੀ ਬਜਾਰ ’ਚ ਛੱਤ ਡਿੱਗਣ ਨਾਲ ਦੋ ਵਿਅਕਤੀ ਬੁਰੀ ਤਰਾਂ ਜਖਮੀ ਹੋ ਗਏ ਹਨ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੰਸਿਆ ਕਿ ਜਖਮੀਆਂ ਦੀ ਪਛਾਣ ਸ਼ਾਹ ਆਲਮ ਅਤੇ ਮੁਹੰਮਦ ਕਾਦਿਰ ਦੇ ਤੌਰ ਤੇ ਹੋਈ ਹੈ।
ਪ੍ਰਸ਼ਾਸ਼ਨ ਨੇ ਪ੍ਰੈਸ ਨੋਟ ਜਾਰੀ ਕਰਕੇ ਬੁੱਤਾ ਸਾਰਿਆ
ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਅੱਜ ਪਾਣੀ ਦੀ ਨਿਕਾਸੀ ਲਈ ਬਣੇ ਡਿਸਪੋਜ਼ਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨਾਂ ਸੰਜੇ ਨਗਰ ਤੇ ਐਸ.ਟੀ.ਪੀ. ਪਲਾਂਟ ਨੇੜੇ 10 ਏਕੜ ਵਿਚ ਨਵੇਂ ਬਣਾਏ ਗਏ ਟੋਭਿਆਂ ’ਚ ਬਰਸਾਤੀ ਪਾਣੀ ਪਾਉਣ ਦੀ ਸ਼ੁਰੂਆਤ ਵੀ ਕੀਤੀ । ਨਵੇਂ ਟੋਭੇ 1.50 ਲੱਖ ਮੀਟਿ੍ਰਕ ਕਿਊਬ ਪਾਣੀ ਸਮੇਟਣ ਦੀ ਸਮੱਰਥਾ ਰੱਖਦੇ ਹਨ ਜਦੋਂਕਿ ਇਸ ਤੋਂ ਪਹਿਲਾਂ ਹੀ ਡੀ.ਏ.ਵੀ. ਕਾਲਜ ਦੇ ਨੇੜੇ ਬਣੇ ਟੋਭੇ ’ਚ ਵੀ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਨਾਂ ਟੋਭਿਆਂ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਆ ਰਹੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਡਿਸਪੋਜਲਾਂ ਤੋਂ ਪਾਣੀ ਦੀ ਨਿਕਾਸੀ ਲਈ ਦਿਨ-ਰਾਤ ਮੋਟਰਾਂ ਚਲਾਈਆਂ ਜਾ ਰਹੀਆਂ ਹਨ।