ਅਸ਼ੋਕ ਵਰਮਾ
ਬਠਿੰਡਾ, 21 ਜੁਲਾਈ। ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ ਦੀ ਜਿਲਾ ਇਕਾਈ ਬਠਿੰਡਾ ਨੇ ਡੂਮਵਾਲੀ ਬੈਰੀਅਰ ਅਤੇ ਰੋੜੀ ਬੈਰੀਅਰ ‘ਤੇ ਡਿਊਟੀ ਦੇ ਰਹੇ ਕੰਪਿਊਟਰ ਅਧਿਆਪਕਾਂ ਅਤੇ ਐਸਐਲਏ. ਸਾਥੀਆਂ ਦੇ ਆਉਣ-ਜਾਣ ਲਈ ਟਰਾਂਸਪੋਰਟ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜਿਲਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਰਾਤ ਦੇ ਸਮੇਂ ਪਬਲਿਕ ਟਰਾਂਸਪੋਰਟ ਦੀ ਸੁਵਿਧਾ ਨਾ ਹੋਣ ਕਾਰਨ ਉਨਾਂ ਦੇ ਸਾਥੀਆਂ ਨੂੰ ਡਿਊਟੀ ‘ਤੇ ਆਉਣ-ਜਾਣ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸ਼ਨ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਜਿਲਾ ਵਿੱਤ ਸਕੱਤਰ ਲਖਵਿੰਦਰ ਸਿੰਘ ਮੌੜ ਨੇ ਦੱਸਿਆ ਕਿ ਜਿਨਾਂ ਅਧਿਆਪਕਾਂ ਦੀ ਸਿਫਟ ਰਾਤ 10 ਵਜੇ ਖਤਮ ਹੁੰਦੀ ਹੈ ਅਤੇ ਜਿਨਾਂ ਦੀ ਸਿਫਟ ਰਾਤ 10 ਵਜੇ ਸ਼ੁਰੂ ਹੁੰਦੀ ਹੈ, ਉਨਾਂ ਨੂੰ ਡਿਊਟੀ ‘ਤੇ ਆਉਣ-ਜਾਣ ਸਮੇਂ ਬਹੁਤ ਖੱਜਲ-ਖੁਆਰ ਹੋਣਾ ਪੈਂਦਾ ਹੈ ।
ਉਨਾਂ ਕਿਹਾ ਕਿ ਜਿਹੜੇ ਮੁਲਾਜ਼ਮ ਆਪਣੇ ਵਹੀਕਲ ‘ਤੇ ਆਉਂਦੇ ਹਨ ਉਨਾਂ ਲਈ ਵੀ ਰਾਤ ਦੇ ਸਫਰ ਕਾਰਨ ਜਾਨ-ਮਾਲ ਦਾ ਖਤਰਾ ਬਣਿਆ ਰਹਿੰਦਾ ਹੈ। ਜਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ ਨੇ ਕਿਹਾ ਕਿ ਪ੍ਰਸ਼ਾਸ਼ਨ ਦੁਆਰਾ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਅਜਿਹੀਆਂ ਡਿਊਟੀਆਂ ਲਗਾਉਣਾ ਵਾਜਿਬ ਨਹੀਂ ਹੈ, ਕਿਉਂਕਿ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ, ਜਿਸ ਵਿੱਚ ਐਸ.ਐਲ.ਏ. ਵੀ ਯੋਗਦਾਨ ਪਾ ਰਹੇ ਹਨ ਅਤੇ ਕਈਆਂ ਦੀ ਬਲਾਕ ਪੱਧਰ ‘ਤੇ ਕਿਤਾਬਾਂ ਦੀ ਵੰਡ ਵਿੱਚ ਵੀ ਲੱਗੀ ਹੋਈ ਹੈ। ਜਿਲਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਅੱਗੇ ਕਿਹਾ ਕਿ ਆਨਲਾਈਨ ਪੜਾਈ ਕਰਵਾਉਣ ਕਾਰਨ ਸਕੂਲਾਂ ਦੇ ਸਟਾਫ ‘ਤੇ ਵੀ ਕੰਮ ਦਾ ਬੋਝ ਕਾਫੀ ਵੱਧ ਗਿਆ ਹੈ, ਇਸ ਲਈ ਉਨਾਂ ਨੂੰ ਵਿਹਲੇ ਸਮਝ ਕੇ ਅਜਿਹੀਆਂ ਡਿਊਟੀਆਂ ਲਗਾਉਣਾ ਗਲਤ ਹੈ, ਜੇਕਰ ਇਹ ਡਿਊਟੀਆਂ ਲਗਾਉਣੀਆਂ ਹੀ ਹਨ ਤਾਂ ਇੱਕ ਰੋਟੇਸ਼ਨ ਨੀਤੀ ਦੇ ਤਹਿਤ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਲੱਗਣੀਆਂ ਚਾਹੀਦੀਆਂ ਹਨ।