ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 21 ਜੁਲਾਈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਸੱਦੇ ‘ਤੇ ਅੱਜ ਇਲਾਕੇ ਦੇ ਖੇਤ ਮਜਦੂਰ ਮਰਦ ਔਰਤਾਂ ਵਲੋਂ ਅੱਜ ਸਬ ਤਹਿਸੀਲ ਦਫਤਰ ਲੰਬੀ ਅੱਗੇ ਭਾਰੀ ਮੀਂਹ ਦੇ ਬਾਵਜੂਦ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਖਿਓਵਾਲੀ ‘ਚ ਕਤਲ ਕੀਤੇ ਮਜਦੂਰ ਕਾਕਾ ਰਾਮ ਦੇ ਕਾਤਲਾਂ ਦੀ ਗਿ੍ਰਫਤਾਰੀ ਲਈ ਬੀਤੇ ਦਿਨੀਂ ਲੰਬੀ ਥਾਣੇ ਅੱਗੇ ਧਰਨਾ ਦੇਣ ‘ਤੇ ਪੁਲਿਸ ਵੱਲੋਂ ਪੀੜਤ ਪਰਿਵਾਰ ਤੇ ਆਗੂਆਂ ਉਤੇ ਕੇਸ ਦਰਜ ਕਰਨ ਦੀ ਤਿੱਖੀ ਨੁਕਤਾਚੀਨੀ ਕੀਤੀ ਗਈ। ਧਰਨੇ ਨੂੰ ਜਿਲਾ ਕਮੇਟੀ ਮੈਂਬਰ ਰਾਜਾ ਸਿੰਘ ਤੇ ਕਾਲਾ ਸਿੰਘ ਖੂਨਣ ਖੁਰਦ, ਬਲਾਕ ਦੇ ਆਗੂ ਕਾਲਾ ਸਿੰਘ ਸਿੰਘੇਵਾਲਾ ਤੇ ਤਾਰਾਵੰਤੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਉਪਰ ਕਰੋਨਾ ਦੀ ਆੜ ਹੇਠ ਲੋਕਾਂ ‘ਤੇ ਆਰਥਿਕ ਤੇ ਜਾਬਰ ਹੱਲਾ ਤੇਜ ਕਰਨ ਦੇ ਦੋਸ ਲਾਏ। ਉਹਨਾਂ ਆਖਿਆ ਕਿ ਸਰਕਾਰਾਂ ਦੀਆਂ ਮਜਦੂਰ ਵਿਰੋਧੀ ਤੇ ਕਾਰਪੋਰੇਟ ਅਤੇ ਜਗੀਰਦਾਰਾਂ ਪੱਖੀ ਨੀਤੀਆਂ ਕਾਰਨ ਖੇਤ ਮਜਦੂਰ ਪਹਿਲਾਂ ਹੀ ਤੰਗੀਆਂ ‘ਚ ਦਿਨ ਕੱਟ ਰਹੇ ਹਨ ਉਤੋਂ ਮਹੀਨਿਆਂ ਬੱਧੀ ਮੜੇ ਲਾਕਡਾਊਨ ਤੇ ਕਰਫਿਊ ਕਾਰਨ ਮਜਦੂਰਾਂ ਨੂੰ ਗੰਭੀਰ ਸੰਕਟ ਦਾ ਸਾਹਮਣਾ ਹੈ।
ਮਜਰਦੂਰ ਆਗੂਆਂ ਨੇ ਕਿਹਾ ਕਿ ਇਸ ਹਾਲਤ ਵਿੱਚ ਮਾਈਕਰੋਫਾਈਨਾਸ ਕੰਪਨੀਆਂ ਵਲੋਂ ਮਜਦੂਰ ਔਰਤਾਂ ਨੂੰ ਕਰਜੇ ਦੀ ਉਗਰਾਹੀ ਲਈ ਜਲੀਲ ਕੀਤਾ ਜਾ ਰਿਹਾ ਹੈ ਜਿਸਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ।ਉਹਨਾਂ ਆਖਿਆ ਕਿ ਸੂਬਾ ਸਰਕਾਰ ਵਲੋਂ ਇਸ ਔਖੇ ਸਮੇਂ ਮਜਦੂਰਾਂ ਦੀ ਬਾਂਹ ਫੜਨ ਦੀ ਥਾਂ ਰਾਸ਼ਨ ਕਾਰਡ ਕੱਟਣ, ਹਜਾਰਾਂ ਰੁਪਏ ਦੇ ਬਿਜਲੀ ਬਿੱਲ ਭੇਜਣ, ਬੱਸ ਕਿਰਾਏ ਵਧਾਉਣ ਤੇ ਸੰਘਰਸਾਂ ਤੇ ਪਾਬੰਦੀਆਂ ਮੜਕੇ ਮਜਦੂਰਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਨ, ਬਿਜਲੀ ਸੋਧ 2020 ਲਿਆਉਣ, ਜਰੂਰੀ ਵਸਤਾਂ ਸੋਧ ਆਰਡੀਨੈਂਸ ਸਮੇਤ ਖੇਤੀ ਨਾਲ ਸਬੰਧਤ ਤਿੰਨ ਆਰਡੀਨੈਂਸ ਲਿਆ ਕੇ ਕਿਸਾਨਾਂ ਦੇ ਨਾਲ ਨਾਲ ਖੇਤ ਮਜਦੂਰਾਂ ਨੂੰ ਵੀ ਉਜਾੜਨ ਦੇ ਕਦਮ ਲਏ ਗਏ ਹਨ। ਇਸ ਮੌਕੇ ਮਜਦੂਰ ਮੰਗਾਂ ਨੂੰ ਲੈ ਕੇ ਕੱਲ ਦੋਦਾ ਵਿਖੇ ਧਰਨਾ ਦੇਣ ਵਾਲੇ ਮਜਦੂਰ ਆਗੂਆਂ ਉਤੇ ਅਤੇ ਬਿਜਲੀ ਬੋਰਡ ‘ਚ ਠੇਕੇ ‘ਤੇ ਕੰਮ ਕਰਦੇ ਸੀ ਐਚ ਬੀ ਕਾਮਿਆਂ ਉਤੇ ਮੋਹਾਲੀ ਵਿਖੇ ਧਰਨਾ ਦੇਣ ਕਾਰਨ ਪਾਏ ਕੇਸਾਂ ਵਿਰੁੱਧ ਮਤਾ ਪਾਸ ਕਰਕੇ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ।