ਰਜਨੀ ਵਾਲੀਆ, ਕਪੂਰਥਲਾ
ਮੇਰੇ ਦਿਲ ਦੇ ਬਨੇਰੇ,
ਨਿੱਤ ਬੈਠੇ ਮੋਹ ਦਾ ਕਾਂ |
ਵੇ ਤੈਨੂੰ ਛੱਡ ਨਾ ਮੈਂ ਸਕਾਂ,
ਚਾਹੇ ਹੋਣਾਂ ਪਏ ਫਨਾਂਹ |
ਤੇਰੇ ਨਾਲ ਜਿਹੜਾ ਨਾਤਾ,
ਕੋਈ ਜਨਮਾਂ ਪੁਰਾਣਾਂ |
ਤੇਰੇ ਨਾਲ ਤੇ ਨਈਂ ਆਈ,
ਤੇਰੇ ਨਾਲ ਪਰ ਜਾਣਾਂ |
ਵੇ ਤੇਰਾ ਨਾਂ ਲੈਂਦੀ,
ਥੱਕੇ ਨਾ ਜੁ਼ਬਾਂ |
ਮੇਰੇ ਦਿਲ ਦੇ ਬਨੇਰੇ,
ਨਿੱਤ ਬੈਠੇ ਮੋਹ ਦਾ ਕਾਂ |
ਵੇ ਤੇਰਾ ਹਰ ਇੱਕ ਪੱਖ,
ਅੱਜ ਅੱਗੇ ਲਿਐ ਰੱਖ |
ਤੈਨੂੰ ਪੜ੍ਹ ਲਿਐ ਸਾਰਾ,
ਮੈਂ ਝਮੱਕੇ ਬਿਨਾਂ ਅੱਖ |
ਮੈਨੂੰ ਮਹਿਸੂਸ ਹੋਇਐ,
ਤੂੰ ਪਤੰਗਾ ਮੈਂ ਸ਼ਮਾ |
ਮੇਰੇ ਦਿਲ ਦੇ ਬਨੇਰੇ,
ਨਿੱਤ ਬੈਠੇ ਮੋਹ ਦਾ ਕਾਂ |
ਵੇ ਏ ਮੇਰੇ ਨੇ ਨਸੀਬ,
ਅੱਜ ਦੁੱਖ ਮੁੱਕਾ ਲੱਗੇ |
ਸੀ ਜੋ ਹਮੇਸ਼ਾਂ ਸਿੱਲਾ-ਸਿੱਲਾ,
ਅੱਜ ਮੁੱਖ ਸੁੱਕਾ ਲੱਗੇ |
ਚੰਗਾ ਹੋਇਐ ਮੇਰੇ ਲਈ,
ਤੂੰ ਏਂ ਮੇਰੀ ਸੱਜੀ ਬਾਂਹ |
ਮੇਰੇ ਦਿਲ ਦੇ ਬਨੇਰੇ,
ਨਿੱਤ ਬੈਠੇ ਮੋਹ ਦਾ ਕਾਂ |
ਮੇਰੇ ਚਾਅ ਸੀ ਜੋ ਮਾਹੀਆ,
ਤੂੰ ਵਿਆਹ ਲਏ ਨੇਂ ਝੱਟ |
ਤੇਰੇ ਨਾਲ ਲਾ ਕੇ ਮੈਂ ਵੀ,
ਤਾਂ ਚੰਨ ਲਿਐ ਖੱਟ |
ਹੁਣ ਚੰਨ ਸਾਰਾ ਮੇਰਾ,
ਰਾਤੀ ਤਾਰਿਆਂ ਨੂੰ ਕਵਾਂ |
ਮੇਰੇ ਦਿਲ ਦੇ ਬਨੇਰੇ,
ਨਿੱਤ ਬੈਠੇ ਮੋਹ ਦਾ ਕਾਂ |
ਚਾਹੇ ਜ਼ਮਾਨਾਂ ਹੋਰ ਹੋ ਜਾਏ,
ਮੈਂ ਨਈਂ ਹੋਰਾਂ ਵਿੱਚੋਂ ਯਾਰਾ |
ਮੈਨੂੰ ਤੂੰ ਹੀ ਹੱਜ ਜਿਹਾ,
ਤੇਰੀ ਦੀਦ ਨਾ ਗੁਜ਼ਾਰਾ |
ਤੂੰ ਜਿੱਥੇ ਰਵੇਂ ਮੱਕਾ,
ਮੇਰੇ ਲਈ ਉਹ ਥਾਂ |
ਮੇਰੇ ਦਿਲ ਦੇ ਬਨੇਰੇ,
ਨਿੱਤ ਬੈਠੇ ਮੋਹ ਦਾ ਕਾਂ |
ਵੇ ਤੂੰ ਆਇਆ ਬਣ ਸਾਜੀ਼,
ਦਿਲ ਦਾ ਸਾਜ਼ ਛੇੜ ਗਿਓਂ |
ਜੋ ਬੰਦ ਸੀ ਆਵਾਜ਼ ਓ,
ਆਵਾਜ਼ ਛੇੜ ਗਿਓਂ |
ਵੇ ਹੁਣ ਰਜਨੀ ਹੀ ਜਾਣੇਂ,
ਜਾਂ ਤਾਂ ਤੈਨੂੰ ਏ ਪਤਾ |
ਮੇਰੇ ਦਿਲ ਦੇ ਬਨੇਰੇ,
ਨਿੱਤ ਬੈਠੇ ਮੋਹ ਦਾ ਕਾਂ |