9.6 C
United Kingdom
Monday, May 20, 2024

More

    ਭੁੱਟੋ ਦਾ ਭੂਤ (ਕਹਾਣੀ)

    ਪਿੰਕੀ ਅਜੇ ਨਿਆਣੀ ਹੀ ਸੀ। ਪਹਿਲੀ ਜਮਾਤ ਵਿੱਚ ਹੀ ਦਾਖਲਾ ਲਿਆ ਸੀ। ਛੇ ਸਾਲ ਦੇ ਬੱਚੇ ਨੂੰ ਉਸ ਸਮੇਂ ਸਰਕਾਰੀ ਸਕੂਲ ਵਿੱਚ ਦਾਖਲ ਕਰਦੇ ਸਨ ।ਪ੍ਰਾਈਵੇਟ ਸਕੂਲ ਉਸ ਸਮੇਂ ਨਹੀਂ ਹੁੰਦੇ ਸਨ ।ਜਦੋਂ ਸ਼ੌਕਤ ਅਲੀ ਭੁੱਟੋ ਦੇ ਮੁੱਛ ਫੁੱਟਣ ਲੱਗੀ ਸੀ ।ਗੁੰਦਵੇਂ ਸਰੀਰ ਦਾ ਗੱਭਰੂ , ਭੁੱਟੋ ,ਜਦੋਂ ਕਬੱਡੀ ਖੇਡਦਾ ਤਾਂ ਦੇਖਣ ਵਾਲ਼ਿਆਂ ਦੇ ਸਾਹ ਰੁੱਕ ਜਾਂਦੇ । ਪੜ੍ਹਨ ਨੂੰ ਵੀ ਉਹ ਹੁਸ਼ਿਆਰ ਵਿਦਿਆਰਥੀ ਸੀ ।ਵਿਹਲੇ ਸਮੇਂ ਹਾਣੀਆਂ ਨਾਲ਼ ਦਰਵਾਜ਼ੇ ਦੇ ਚੌਤਰੇ ਤੇ ਬੈਠ ਕੇ ਉਹ ਤਾਸ਼ ਖੇਡਦਾ ਰਹਿੰਦਾ ।ਪਿੰਕੀ, ਭੁੱਟੋ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਇਹ ਮਹੁਮੰਦ ਅਲੀ ਦਾ ਮੁੰਡਾ । ਮੁਸਲਮਾਨਾਂ ਦੇ ਪਿੰਡ ਵਿੱਚ ਤਿੰਨ-ਚਾਰ ਕੁ ਘਰ ਸਨ। ਪਿੰਕੀ ਅਕਸਰ ਆਪਣੀਆਂ ਹਾਨਣਾਂ ਨਾਲ਼ ਦਰਵਾਜ਼ੇ ਦੇ ਚੌਤਰੇ ਤੇ ਇੱਕ ਪਾਸੇ ਰੋੜੇ ਖੇਡਦੀ , ਕਦੇ ਬਾਰਾਂ – ਡੀਟੀ ਖੇਡਦੀ ।ਭੁੱਟੋ ਵੀ ਸ਼ਾਇਦ ਜਾਣਦਾ ਹੋਵੇ ਕਿ ਪਿੰਕੀ ਕਿੰਨਾਂ ਦੀ ਕੁੜੀ ਆ ।
    ਫੇਰ ਇੱਕ ਦਿਨ ਦਰਵਾਜ਼ੇ ਲੋਕੀ ਗੱਲਾਂ ਕਰਨ ਲੱਗੇ ਬਈ ਭੁੱਟੋ ਨੂੰ ਪੁਲਿਸ ਨੇ ਗ੍ਰਫਿਤਾਰ ਕਰ ਲਿਆ ।ਗੱਲਾਂ ਸੁਣਕੇ ਪਿੰਕੀ ਦੇ ਹੌਲ ਪੈ ਗਿਆ ਕਿ ਭੁੱਟੋ ਨੇ ਅਜਿਹਾ ਕੀ ਕੰਮ ਕਰ ਦਿੱਤਾ ਕੇ ਉਸਨੂੰ ਪੁਲਿਸ ਫੜਕੇ ਲੈ ਗਈ ।ਭੁੱਟੋ ਦੇ ਹਾਣੀ ਦਰਵਾਜ਼ੇ ਤਾਸ਼ ਖੇਡਦੇ ਤੇ ਪਿੰਕੀ ਆਪਣੀਆਂ ਸਹੇਲੀਆਂ ਨਾਲ਼ ਉੱਥੇ ਰੋੜੇ ਖੇਡਦੀ,ਪਰ ਭੁੱਟੋ ਦੀ ਗ਼ੈਰਹਾਜ਼ਰੀ ਪਿੰਕੀ ਨੂੰ ਰੜਕਦੀ ਰਹਿੰਦੀ । ਇਸ ਤਰ੍ਹਾਂ ਦੋ – ਤਿੰਨ ਮਹੀਨੇ ਹੋਰ ਗੁਜ਼ਰ ਗਏ । ਕਦੇ – ਕਦਾਂਈ ਭੁੱਟੋ ਦੀ ਗੱਲ ਦਰਵਾਜ਼ੇ ਚੱਲਦੀ ਤਾਂ ਪਿੰਕੀ ਧਿਆਨ ਨਾਲ਼
    ਸੁਣਦੀ ।
    ਪਿੰਕੀ ਇੱਕ ਦਿਨ ਤਰਲੋਕ ਕੀ ਭੱਠੀ ਤੇ ਦਾਣੇ ਭਨਾਉਣ ਗਈ । ਉਸਨੇ ਸੁਣਿਆਂ ਕੇ ਭੁੱਟੋ ਨੂੰ ਫਾਂਸੀ ਦੀ ਸਜ਼ਾ ਹੋ ਗਈ । ਇਹ ਗੱਲ ਸਾਰੇ ਪਿੰਡ ਵਿੱਚ ਜੰਗਲ਼ ਦੀ ਅੱਗ ਵਾਂਗ ਫੈਲ ਗਈ ।ਫਾਂਸੀ ਦਾ ਕੀ ਮਤਲਬ ਹੁੰਦਾ , ਪਿੰਕੀ ਨੂੰ ਨੀ ਸੀ ਪਤਾ । ਬੱਸ ਉਹ ਲੋਕਾਂ ਦੇ ਚਿਹਰੇ ਪੜ੍ਹਦੀ ਕਿ ਭੁੱਟੋ ਨਾਲ਼ ਕੁਝ ਬਹੁਤ ਹੀ ਮਾੜਾ ਵਾਪਰਨ ਵਾਲ਼ਾ ਹੈ । ਪਿੰਕੀ ਨੇ ਘਰੇ ਆ ਕੇ ਆਪਣੀ ਮਾਂ ਨੂੰ ਪੁਛਿਆ , “ ਬੀਬੀ ਫਾਂਸੀ ਕੀ ਹੁੰਦੀ ਆ ? “ ਉਸਦੀ ਮਾਂ ਨੇ ਉਸਨੂੰ ਫਾਂਸੀ ਬਾਰੇ ਦੱਸਿਆ ਤਾਂ ਉਹ ਕੋਠੇ ਤੇ ਜਾ ਕੇ ਕਾਫ਼ੀ ਦੇਰ ਕੱਲੀ ਰੋਂਦੀ ਰਹੀ । ਉਸਨੇ ਉਸ ਦਿਨ ਰਾਤ ਦੀ ਰੋਟੀ ਵੀ ਨਾ ਖਾਧੀ ।
    ਫੇਰ ਫਾਂਸੀ ਵਾਲ਼ਾ ਦਿਨ ਵੀ ਆ ਗਿਆ । ਭੁੱਟੋ ਨੂੰ ਫਾਂਸੀ ਲਾ ਦਿੱਤਾ ਗਿਆ । ਸਾਰੇ ਪਿੰਡ ਵਿੱਚ ਭੁੱਟੋ ਦੀਆਂ ਹੀ ਗੱਲਾਂ ਹੋ ਰਹੀਆਂ ਸਨ ।ਫੇਰ ਹੌਲ਼ੀ- ਹੌਲ਼ੀ ਦਿਨ ਬੀਤਦੇ ਗਏ । ਭੁੱਟੋ ਦੀ ਗੱਲ ਵੀ ਪੁਰਾਣੀ ਹੁੰਦੀ ਗਈ । ਪਰ ਪਿੰਕੀ ਨੂੰ ਭੁੱਟੋ ਤੋਂ ਬਿਨ੍ਹਾਂ ਦਰਵਾਜ਼ਾ ਸੁੰਨਾਂ-ਸੁੰਨਾਂ ਲੱਗਦਾ ।
    ਉਸਦੀ ਮਾਂ ਉਸਨੂੰ ਦੁਪਹਿਰੇ ਬਾਹਰ ਖੇਡਣ ਜਾਣ ਤੋਂ ਰੋਕਦੀ ਹੋਈ ਕਈ ਵਾਰ ਕਹਿੰਦੀ , “ ਨੀ ਪਿੰਕੀਏ !
    ਦੁਪਹਿਰੇ ਬਾਹਰ ਨਾ ਜਾਇਆ ਕਰ ਖੇਡਣ , ਭੂਤਾਂ ਫੜ ਕੇ ਲੈ ਜਾਂਦੀਆਂ ਨੇ ।” ਪਿੰਕੀ ਨੂੰ ਦੱਸਿਆ ਗਿਆ ਸੀ ਕਿ ਬਈ ਅਣਆਈ ਮੌਤ ਮਰਿਆ ਬੰਦਾ ,ਮਰ ਕੇ ਭੂਤ ਬਣ ਜਾਂਦਾ । ਤੇ ਕਈ ਭੂਤ ਬਣੇ ਬੰਦੇ ਦਰਵਾਜ਼ੇ ਵਾਲ਼ੇ ਪਿੱਪਲ਼ ਉੱਤੇ ਰਹਿੰਦੇ ਹਨ ।ਉਹ ਇਹ ਗੱਲਾਂ ਸੁਣ ਕੇ ਹੋਰ ਵੀ ਡਰ ਜਾਂਦੀ । ਭੁੱਟੋ ਦੀ ਫਾਂਸੀ ਤੋਂ ਬਾਅਦ ਤਾਂ ਉਹ ਕਦੇ ਵੀ ਦੁਪਹਿਰੇ ਬਾਹਰ ਖੇਡਣ ਨਾ ਗਈ ।ਪਿੰਕੀ ਦਰਵਾਜ਼ੇ ਵਾਲ਼ੇ ਪਿੱਪਲ਼ ਨੂੰ ਗਹੁ ਨਾਲ਼ ਦੇਖਦੀ ਤੇ ਸੋਚਦੀ ਕਿ ਹੁਣ ਭੁੱਟੋ ਵੀ ਪਿੱਪਲ਼ ਤੇ ਰਹਿੰਦਾ ਹੋਊ ।ਪਿੱਪਲ਼ ਦੇ ਪੱਤੇ ਹਵਾ ਨਾਲ਼ ਖੜਕਦੇ ਤਾਂ ਪਿੰਕੀ ਨੂੰ ਇਉਂ ਲੱਗਦਾ ਜਿਵੇਂ ਭੁੱਟੋ ਪਿੱਪਲ਼ ਦੇ ਦਰਖ਼ਤ ਉੱਤੇ ਬੈਠਾ ਤਾੜੀਆਂ ਵਜਾ ਰਿਹਾ ਹੋਵੇ ।
    ਇੱਕ ਦਿਨ ਪਿੰਕੀ ਦਾ ਮਾਮਾ ਸਿਖਰ ਦੁਪਹਿਰੇ ਮਿਲਣ ਆ ਗਿਆ। ਪਿੰਕੀ ਦੀ ਮਾਂ ਨੇ ਪਿੰਕੀ ਨੂੰ ਰਾਮ ਦਿਆਲ ਕੀ ਹੱਟੀ ਤੋਂ ਪੰਜਾਹ ਪੈਸੇ ਦੇ ਕੇ ਬਰਫ਼ ਲੈਣ ਲਈ ਭੇਜ ਦਿੱਤਾ ।ਉਸ ਸਮੇਂ ਪਿੰਡ ਦੇ ਕਿਸੇ ਘਰ ਵਿੱਚ ਨਾ ਫ਼ਰਿੱਜ ਸੀ ਅਤੇ ਨਾ ਹੀ ਟੈਲੀਵੀਜ਼ਨ ਹੁੰਦਾਂ ਸੀ ।ਭਾਂਵੇ ਪਿੰਡ ਵਿੱਚ ਬਿਜਲੀ ਆਈ ਨੂੰ ਦਸ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਸੀ ।ਸਿੱਖਰ ਦੁਪਹਿਰਾ ਹਾੜ੍ਹ ਦਾ ਮਹੀਨਾ ਰਸਤੇ ਵਿੱਚ ਵੀ ਕੋਈ ਨਹੀਂ ਸੀ । ਦਰਵਾਜ਼ਾ ਵੀ ਸੁੰਨ-ਸਾਨ ਪਿਆ ਸੀ ।ਕੱਲਾ ਦਰਬਾਰਾ ਦਰਵਾਜ਼ੇ ਦੀ ਕੰਧ ਨਾਲ਼ ਛਾਂਵੇ ਸੁੱਤਾ ਪਿਆ ਸੀ। ਉਸਦਾ ਪੱਕਾ ਟਿਕਾਣਾ ਦਰਵਾਜ਼ਾ ਹੀ ਸੀ ।ਉਸਦੀ ਇੱਕ ਲੱਤ ਪੋਲੀਓ ਕਰਕੇ ਨਕਾਰਾ ਹੋ ਗਈ ਸੀ । ਕੋਈ ਕੰਮ ਨਹੀਂ ਸੀ ਉਹ ਕਰ ਸਕਦਾ । ਪਤਾ ਨਹੀਂ ਉਸਦਾ ਕਿਹੜਾ ਪਿੰਡ ਸੀ ।ਉਹ ਰੋਟੀ ਪਿੰਡ ਚੋਂ ਮੰਗ ਕੇ ਖਾ ਲੈਂਦਾ ਅਤੇ ਦਰਵਾਜੇ ਆਪਣਾ ਬਿਸਤਰਾ ਵਿਛਾ ਕੇ ਸੌ ਜਾਂਦਾ ।
    ਜਦੋਂ ਪਿੰਕੀ ਦਰਵਾਜ਼ੇ ਵਾਲ਼ਾ ਮੋੜ ਮੁੜੀ ਤਾਂ ਸਾਹਮਣੇ ਉਸਨੂੰ ਕਾਲ਼ੇ ਕੱਪੜਿਆਂ ਵਿੱਚ ਵਾਲ਼ ਖਿਲਾਰੀ ਆਂਉਦਾ ਭੁੱਟੋ ਦਿਖਾਈ ਦਿੱਤਾ। ਉਸਦਾ ਸਾਹ ਉਪਰਲਾ ਉੱਪਰ ਤੇ ਥੱਲੇ ਦਾ ਥੱਲੇ ਰਹਿ ਗਿਆ । ਉਸਨੇ ਘਰ ਨੂੰ ਵਾਪਿਸ ਭੱਜਣ ਬਾਰੇ ਸੋਚਿਆ । ਪਰ ਨਹੀਂ ਉਹ ਭੁੱਟੋ ਤੋਂ ਤੇਜ ਨਹੀ ਸੀ ਭੱਜ ਸਕਦੀ। ਨਾਲ਼ੇ ਭੁੱਟੋ ਦੇ ਭੂਤ ਤੋਂ ਤੇਜ ਦੌੜਨਾਂ ਤਾਂ ਨਾ ਮੁਮਕਿਨ ਸੀ । ਉਸਨੂੰ ਧਰਤੀ ਵੇਹਲ ਨਹੀਂ ਸੀ ਦੇ ਰਹੀ ।ਉਸਨੇ ਸਾਰਾ ਰਸਤਾ ਭੁੱਟੋ ਨੂੰ ਛੱਡ ਦਿੱਤਾ ਤੇ ਆਪ ਖਾਲ਼ੀ ਦੇ ਨਾਲ਼- ਨਾਲ਼
    ਹੌਲ਼ੀ – ਹੌਲ਼ੀ ਤੁਰਨ ਲੱਗੀ ।ਜਿਉਂ – ਜਿਉਂ ਭੁੱਟੋ ਉਸਦੇ ਨਜ਼ਦੀਕ ਆ ਰਿਹਾ ਸੀ , ਉਸਦੇ ਦਿਲ ਦੀ ਧੜਕਣ ਤੇਜ ਹੋ ਰਹੀ ਸੀ ।ਫੇਰ ਹੌਲ਼ੀ -ਹੌਲ਼ੀ ਭੁੱਟੋ ਅਪਦੀ ਤੋਰ ਤੁਰਦਾ ਪਿੰਕੀ ਵੱਲ ਬਿਨਾਂ ਵੇਖੇ ਅੱਗੇ ਲੰਘ ਗਿਆ ਸੀ ।ਪਿੰਕੀ ਨੇ ਸੋਚਿਆ ਕਿ ਇਹ ਹੁਣ ਜਾ ਕੇ ਪਿੱਪਲ਼
    ਤੇ ਚੜੂ ,ਜੋ ਭੂਤਾਂ ਦਾ ਪੱਕਾ ਟਿਕਾਣਾ ਸੀ ।ਪਿੰਕੀ ਨੇ ਬਰਫ਼ ਲਈ ਤੇ ਵਾਪਿਸ ਉਹ ਦਰਵਾਜ਼ੇ ਵਾਲ਼ੇ ਰਾਹ ਨਾ ਆਈ । ਉਹ ਲੰਬਾ ਗੇੜ ਪਾ ਕੇ ਮਿੰਦਰੀ ਕੀ ਬੀਹੀ ਵਿੱਚੋਂ ਲੰਘ ਕੇ ਆਪਣੇ ਘਰ ਆਈ । ਘਰੇ ਆ ਕੇ ਉੱਸਨੇ ਭੁੱਟੋ ਦੇ ਭੂਤ ਵਾਰੇ ਕਿਸੇ ਨਾਲ਼ ਕੋਈ ਗੱਲ ਨਾ ਕੀਤੀ ।ਉਸਨੂੰ ਦਰਵਾਜ਼ੇ ਵਾਲ਼ੇ ਪਿੱਪਲ਼ ਤੋਂ ਹੋਰ ਵੀ ਡਰ ਲੱਗਣ ਲੱਗ ਪਿਆ ਸੀ ।
    ਅਗਲੇ ਦਿਨ ਉਹ ਗੁੰਮ-ਸੁੰਮ ਹੋਈ ਸਕੂਲ ਗਈ ।ਸਕੂਲ ਵਿੱਚ ਵੀ ਉਸਨੇ ਕਿਸੇ ਨਾਲ਼ ਕੋਈ ਗੱਲ ਨਾ ਕੀਤੀ ।ਭੁੱਟੋ ਦਾ ਭੂਤ ਉਸਦੇ ਦਿਮਾਗ ਵਿੱਚ ਵੜ ਗਿਆ ਸੀ ।
    ਸਾਰੀ ਛੁੱਟੀ ਹੋਈ ਤੋਂ ਜਦੋਂ ਪਿੰਕੀ ਸਕੂਲੋਂ ਵਾਪਿਸ ਆ ਰਹੀ ਸੀ ,ਤਾਂ ਉਸਨੇ ਦਰਵਾਜ਼ੇ ਕੋਲ਼ ਆ ਕੇ ਜੋ ਦੇਖਿਆ ਉਸਨੇ ਪਿੰਕੀ ਦੇ ਹੋਸ਼ ਹੀ ਉੱਡਾ ਦਿੱਤੇ ਸਨ ।ਉਹੀ ਕੱਲ੍ਹ ਵਾਲ਼ੇ ਕਾਲ਼ੇ ਕੱਪੜੇ ਪਾਈ ਭੁੱਟੋ ਦਰਵਾਜ਼ੇ ਬੈਠਾ ਆਪਣੇ ਸਾਥੀਆਂ ਨਾਲ਼ ਤਾਸ਼ ਖੇਡ ਰਿਹਾ ਸੀ ।ਭੁੱਟੋ ਨਾਲ਼ ਖੇਡਣ ਵਾਲ਼ੇ ਵੀ
    ਉਹੀ ਲੋਕ ਸਨ ਜੋ ਭੁੱਟੋ ਦੀ ਫਾਂਸੀ ਦੀਆਂ ਗੱਲਾਂ ਕਰਦੇ ਸੀ ।ਪਿੰਕੀ ਦੇ ਗੱਲ ਸਮਝ ਨੀ ਸੀ ਆ ਰਹੀ । ਪਰ ਉਸਨੇ ਪੁਛਿਆ ਵੀ ਕਿਸੇ ਤੋਂ ਕੁੱਝ ਨਾ। ਹੁਣ ਭੁੱਟੋ ਫੇਰ ਤੋਂ ਆਮ ਵਾਂਗ ਪਿੰਡ ਵਿੱਚ ਵਿਚਰਨ ਲੱਗਿਆ ਸੀ ।ਹੌਲ਼ੀ – ਹੌਲ਼ੀ ਸਾਲ ਬੀਤਦੇ ਗਏ ।ਜਦ ਉਹ ਵੱਡੀ ਹੋਈ ਨੌਂਵੀਂ – ਦਸਵੀਂ ਜਮਾਤ ਵਿੱਚ ਤਾਂ ਉਸਨੂੰ ਪਤਾ ਲੱਗਿਆ ਕਿ ਦਸ ਸਾਲ ਪਹਿਲਾਂ ਜੋ ਭੁੱਟੋ ਨੂੰ ਫਾਂਸੀ ਲਾਈ ਗਈ ਸੀ , ਉਹ ਤਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜੁਲਫੀਕਰ ਅਲੀ ਭੁੱਟੋ ਸੀ ।ਜਿਸਨੂੰ ਚਾਰ ਅਪ੍ਰੈਲ 1979 ਨੂੰ ਫਾਂਸੀ ਲਾਇਆ ਗਿਆ ਸੀ ।ਤੇ ਪਿੰਡ ਵਾਲ਼ਾ ਭੁੱਟੋ ਉਹਨੀ ਦਿਨੀਂ ਆਪਣੇ ਨਾਨਕੇ ਮਲੇਰਕੋਟਲ਼ੇ ਪੜ੍ਹਨ ਲੱਗ ਗਿਆ ਸੀ ।
    ਹੁਣ ਪਿੰਕੀ ਦੇ ਮਨ ਤੋਂ ਸਾਰਾ ਬੋਝ ਉੱਤਰ ਗਿਆ ਸੀ , ਕਿਉਂਕਿ ਭੁੱਟੋ ਦੇ ਭੂਤ ਦਾ ਅਸਲੀ ਸੱਚ ਸਾਹਮਣੇ ਆ ਚੁੱਕਾ ਸੀ ।
    ਹਰਦੀਪ ਸਿੰਘ ਗਰੇਵਾਲ਼ ‘ ਥਰੀਕੇ ‘
    +1-778-712-2019

    PUNJ DARYA

    Leave a Reply

    Latest Posts

    error: Content is protected !!