9.5 C
United Kingdom
Sunday, April 20, 2025

More

    ਮਾਲ ਮੰਤਰੀ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੰਡੇ ਚੈੱਕ

    ਅਸ਼ੋਕ ਵਰਮਾ
    ਬਠਿੰਡਾ, 11 ਜੁਲਾਈ : ਮਾਲ ਪੁਨਰਵਾਸ ਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਠਿੰਡਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਦੇ ਵਿਕਾਸ ਦੇ ਕਾਰਜਾਂ ਲਈ ਗ੍ਰਾਟਾਂ ਦੇ ਚੈੱਕ ਤਕਸੀਮ ਕੀਤੇ। ਦੌਰੇ ਦੌਰਾਨ ਸ. ਕਾਂਗੜ ਨੇ ਪਿੰਡ ਮਹਿਰਾਜ ਨੂੰ 20.50 ਲੱਖ ਰੁਪਏ, ਕੋਠੇ ਮਹਾਂ ਸਿੰਘ ਨੂੰ 24.50 ਲੱਖ, ਗੁਰੂਸਰ ਮਹਿਰਾਜ ਨੂੰ 33.40 ਲੱਖ, ਕੋਠੇ ਪਿਪਲੀ 26.20 ਲੱਖ, ਕੋਠੇ ਟੱਲਵਾਲੀ 3 ਲੱਖ, ਕੋਠੇ ਹਿੰਮਤਪੁਰਾ 16.00 ਲੱਖ, ਦਿਆਲਪੁਰਾ ਮਿਰਜ਼ਾ 7.28 ਲੱਖ, ਕੋਠਾਗੁਰੂ ਖ਼ੁਰਦ 42.78 ਲੱਖ, ਮਲੂਕਾ ਖੁਰਦ 14.50 ਲੱਖ, ਨਿਊਰ 28.50 ਲੱਖ, ਬੁਰਜ ਬਰੋੜ 16.00 ਲੱਖ ਅਤੇ ਸੁਰਜੀਤ ਨਗਰ ਨੂੰ 17.20 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ । ਇਸੇ ਲੜੀ ਤਹਿਤ ਲੋਕਲ ਬਾਡੀ ਵਿਭਾਗ ਤਹਿਤ ਸ. ਕਾਂਗੜ ਨੇ ਨਗਰ ਪੰਚਾਇਤ ਮਲੂਕਾ ਦੇ ਲਈ 1 ਕਰੋੜ 11 ਲੱਖ ਰੁਪਏ ਵਿਕਾਸ ਦੇ ਕਾਰਜਾਂ ਦੇ ਲਈ ਚੈੱਕ ਵੀ ਦਿੱਤੇ।
    ਇਸ ਮੌਕੇ ਸ. ਕਾਂਗੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਲੂਕਾ ਪਿੰਡ ਨੂੰ ਸਰਕਾਰ ਵਲੋਂ 50.62 ਲੱਖ ਰੁਪਏ ਪ੍ਰਾਪਤ ਹੋਏ ਸਨ ਜੋ ਕਿ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਵਾਸਤੇ ਦਿੱਤੇ ਜਾਣੇ ਹਨ। ਨਗਰ ਪੰਚਾਇਤ ਨੂੰ ਪਹਿਲੇ ਸਰਵੇ ਵਿਚ 152 ਲਾਭਪਾਤਰੀਆਂ ਦੀਆਂ ਦਰਖ਼ਾਸਤਾਂ ਪ੍ਰਾਪਤ ਹੋਈਆ ਸਨ ਜਿਨਾਂ ਵਿਚੋਂ 30 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਤੇ 20 ਲਾਭਪਾਤਰੀਆਂ ਨੂੰ ਦੂਜੀ ਕਿਸ਼ਤ ਉਨਾਂ ਦੇ ਖ਼ਾਤਿਆਂ ਵਿਚ ਪਾਈ ਜਾ ਚੁੱਕੀ ਹੈ। ਬਾਕੀ ਰਹਿੰਦੇ 36 ਲਾਭਪਾਤਰੀਆਂ ਦੇ ਕੇਸ ਤਿਆਰ ਹਨ ਜਿਨਾਂ ਨੂੰ ਜਲਦ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਬਾਕੀ ਲਾਭਪਾਤਰੀਆਂ ਨੂੰ ਕਿਹਾ ਕਿ ਆਪਣੇ ਦਸਤਾਵੇਜ਼ ਨਗਰ ਪੰਚਾਇਤ ਵਿਖੇ ਜਮਾਂ ਕਰਵਾਏ ਜਾਣ ਤਾਂ ਜੋ ਉਨਾਂ ਦੇ ਕੇਸ ਦੀ ਸੈਕਸ਼ਨ ਕਰਕੇ ਜਲਦ ਤੋਂ ਜਲਦ ਰਾਸ਼ੀ ਉਨਾਂ ਦੇ ਬੈਂਕ ਖਾਤਿਆ ਵਿਚ ਪਾਈ ਜਾਵੇ।
    ਇਸ ਸਮੇਂ ਉਨਾਂ ਕੋਵਿਡ-19 ਦੇ ਖ਼ਾਤਮੇ ਲਈ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਇੱਕ ਹਜ਼ਾਰ ਗਰੀਬ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਦਿੱਤੀਆਂ। ਇਸ ਦੌਰਾਨ ਇਸ ਤੋਂ ਪਹਿਲਾਂ ਵੀ ਉਹ ਮਲੂਕਾ ਵਿਖੇ 640 ਰਾਸ਼ਨ ਕਿੱਟਾਂ ਗਰੀਬ ਪਰਿਵਾਰਾਂ ਨੂੰ ਵੰਡ ਚੁੱਕੇ ਹਨ। ਉਨਾਂ ਵਿਸ਼ਵ ਪੱਧਰ ’ਤੇ ਅਪਣੇ ਪੈਰ ਪਸਾਰ ਰਹੀ ਕਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਾ ਲਈ ਮਾਸਕ ਤੇ ਸੈਨੇਟਾਈਜ਼ਰ ਵੀ ਲੋਕਾਂ ਨੂੰ ਦਿੱਤੇ। ਇਸ ਉਪਰੰਤ ਸ. ਕਾਂਗੜ ਨੇ ਪਿੰਡ ਮਲੂਕਾ ਵਿਖੇ 23 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਿਆ।
    ਇਸ ਦੌਰਾਨ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਕੋਠਾ ਗੁਰੂ ਖੁਰਦ ਵਿਖੇ ਗੰਡਾ ਸਾਹਿਬ ਵਾਲੀ ਸੜਕ ਤੇ ਗੁਰੰਜਟ ਸਿੰਘ ਘਰ ਦੀ ਸੜਕ ਦਾ ਖੜਵੰਜਾ ਲਗਾਉਣ ਦਾ ਤੇ ਪਿੰਡ ਨਿਊਰ ਵਿਖੇ ਕੌਲੇਕਾ ਪੱਤੀ ਜਨਰਲ ਧਰਮਸ਼ਾਲਾ ਦਾ ਉਦਘਾਟਨ ਕੀਤਾ ਅਤੇ ਨਿਊਰ ਪਿੰਡ ਦੀ ਟਿੱਬਾ ਬਸਤੀ ਦੇ ਗੰਦੇ ਪਾਣੀ ਦੇ ਨਿਕਾਸ ਲਈ ਪਾਇਪਲਾਈਨ ਦਾ ਉਦਘਾਟਨ ਵੀ ਕੀਤਾ। ਇਸੇ ਤਰਾਂ ਪਿੰਡ ਨਿਊਰ ਵਿਖੇ ਗਲੀਆਂ ਨਾਲੀਆਂ ਦਾ ਨੀਂਹ ਪੱਧਰ ਰੱਖਿਆ। ਉਨਾਂ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਲਦ ਤੋ ਜਲਦ ਬਸਤੀ ਦੀਆਂ ਗਲੀਆਂ-ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆਂ ਜਾਵੇ ਤਾਂ ਜੋ ਕਿਸੇ ਕਿਸਮ ਦੀ ਲੋਕਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏ।
    ਉਨਾਂ ਨਗਰ ਪੰਚਾਇਤ ਮਲੂਕਾ ਦੇ ਵਸਨੀਕਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ਤੇ ਆਪਣਾ ਫੈਲਾਅ ਕਰ ਰਹੀ ਬੀਮਾਰੀ ਕਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਹੇਜ਼ ਹੀ ਦਵਾਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਸੂਬਾ ਸਰਕਾਰ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹ ਸਾਡੇ ਸਾਰਿਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖ ਕੇ ਹੀ ਕੀਤੀਆਂ ਗਈਆਂ ਹਨ। ਉਨਾਂ ਲੋਕਾਂ ਨੂੰ ਕਿਹਾ ਕਿ ਮੂੰਹ ਤੇ ਮਾਸਕ ਲਗਾ ਕੇ ਰੱਖਿਆ ਜਾਵੇ । ਵਾਰ ਵਾਰ ਹੱਥ ਧੋਤੇ ਜਾਣ, ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਹੀ ਅਸੀਂ ਇਸ ਭਿਆਨਕ ਵਾਇਰਸ ਨੂੰ ਫੈਲਣ ਤੋ ਰੋਕ ਸਕਦੇ ਹਾਂ।
    ਇਸ ਉਪਰੰਤ ਹੈਲਥ ਕੇਅਰ ਸੈਂਟਰ ਭਗਤਾ ਭਾਈਕਾ ਵਿਖੇ ਸ. ਗੁਰਪ੍ਰੀਤ ਸਿੰਘ ਕਾਂਗੜ ਤੇ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਵੈਂਟੀਲੇਟਰ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਸ. ਕਾਂਗੜ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮਿਸ਼ਨ ਫ਼ਤਹਿ ਦੇ ਬੈਜ ਲਗਾ ਕੇ ਸਨਮਾਨਿਤ ਕੀਤਾ ਤੇ ਉਨਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ। ਇਸ ਮੌਕੇ ਉਨਾਂ ਨਾਲ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਵੀ ਹਾਜ਼ਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!