
ਅਸ਼ੋਕ ਵਰਮਾ
ਬਠਿੰਡਾ,11ਜੁਲਾਈ। ਪੀਡਬਲਿਊਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਸੀਵਰੇਜ ਬੋਰਡ ਬਠਿੰਡਾ ਦੇ ਫੀਲਡ ਕਾਮਿਆਂ ਨੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਮੰਡਲ ਦਫਤਰ ਬਠਿੰਡਾ ਦੇ ਅੱਗੇ ਇਕੱਠੇ ਹੋ ਕੇ ਉੱਚ ਅਧਿਕਾਰੀਆਂ ਦੇ ਖਿਲਾਫ਼ ਰੋਸ ਪ੍ਰਗਟ ਕੀਤਾ ਅਤੇ ਪੰਜਾਬ ਦੇ ਸੀਵਰੇਜ ਬੋਰਡ ਮੁਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰਾਂ ਬਠਿੰਡਾ ਰਾਹੀਂ ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਚੰਡੀਗੜ ਨੂੰ ਮੰਗ ਪੱਤਰ ਭੇਜਿਆ । ਇਕੱਠ ਨੂੰ ਸਬੋਧਨ ਕਰਦਿਆਂ ਆਗੂਆਂ ਗੁਰਦੀਪ ਸਿੰਘ ਬਰਾੜ,ਕਿਸ਼ੋਰ ਚੰਦ ਗਾਜ,ਸੁਖਚੈਨ ਸਿੰਘ,ਮੱਖਣ ਸਿੰਘ ਖਣਗਵਾਲ,ਕੁਲਵਿੰਦਰ ਸਿੰਘ ਸਿੱਧੂ,ਜਿਲਾ ਆਗੂ ਜੀਤ ਰਾਮ ਦੋਦੜਾ,ਦਰਸ਼ਨ ਸ਼ਰਮਾ,ਸਿਵ ਬਹਾਦਰ, ਹਰਪ੍ਰੀਤ ਸਿੰਘ ,ਰਾਜਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਵਤੀਰੇ ਅਤਤੇ 15 ਸੂਤਰੀ ਮੰਗ ਪੱਤਰ ਨੂੰ ਲੈ ਕੇ 28 ਜੁਲਾਈ ਨੂੰ ਮੁੱਖ ਦਫਤਰ ਚੰਡੀਗੜ ਵਿਖੇ ਰੋਸ ਪ੍ਰਗਟ ਕੀਤਾ ਜਾਵੇਗਾ।
ਮੁਲਾਜਮ ਆਗੂਆਂ ਨੇ ਮੰਗ ਕੀਤੀ ਕਿ 2016 ਦੇ ਨੋਟੀਫਿਕੇਸ਼ਨ ਅਨੁਸਾਰ ਪਹਿਲਾਂ ਰੈਗੂਲਰ ਕੀਤੇ 104 ਮੁਲਾਜ਼ਮਾਂ ਨੂੰ ਬੇਲੋੜੇ ਲਾਏ ਇਤਰਾਜ਼ ਦੂਰ ਕਰਕੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ, ਮਿ੍ਰਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਨੌਕਰੀਆਂ ਦਿੱਤੀਆਂ ਜਾਣ,ਹਰ ਤਰਾਂ ਦੇ ਕੰਟਰੈਕਟ,ਆਉਟਸੋਰਸਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨਾਂ,ਸੀਵਰੇਜ ਬੋਰਡ ਕਾਮਿਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,ਇੱਕ ਲੱਖ ਰੁਪਏ ਤੱਕ ਦੇ ਮੈਡੀਕਲ ਬਿੱਲਾਂ ਦੀ ਪਾਵਰ ਹਲਕਾ ਪੱਧਰ ਤੇ ਕੀਤੀ ਜਾਵੇ, ਖਾਲੀ ਅਸਾਮੀਆਂ ਭਰੀਆਂ ਜਾਣ,ਵਾਟਰ ਸਪਲਾਈ ਤੇ ਸੀਵਰੇਜ ਸਕੀਮਾਂ ਦਾ ਪ੍ਰਾਈਵੇਟ ਕਰਨਾਂ ਬੰਦ ਕੀਤਾ ਜਾਵੇ । ਸੂਬਾ ਆਗੂਆਂ ਨੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਤੇ ਬਦਲਾ ਲਉ ਭਾਵਨਾ ਨਾਲ ਕੀਤੀ ਜਾ ਰਹੀ ਕਾਰਵਾਈ ਬੰਦ ਅਤੇ ਜਾਰੀ ਝੂਠੀ ਦੋਸ਼ ਸੂਚੀ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੁਲਾਜ਼ਮ ਆਗੂਆਂ ਵਿਰੁੱਧ ਕਾਰਵਾਈਆਂ ਕਰਨ ਤੇ ਸਰਕਾਰ ਨੂੰ ਮੁਲਾਜ਼ਮਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।