ਨੀਂਦ ਲੈਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਇਸ ਲਈ ਹਰ ਰੋਜ਼ ਠੀਕ ਸਮੇਂ ‘ਤੇ ਸੌਂਵੋ। ਆਪਣੇ ਬਿਸਤਰ ਨੂੰ ਝਾੜ ਕੇ ਠੀਕ ਕਰ ਲਓ। ਇਹ ਦੇਖ ਲਓ ਕਿ ਉਸ ‘ਤੇ ਕੋਈ ਨੁਕੀਲੀ ਧਾਰ ਵਾਲੀ ਚੀਜ਼ ਜਾਂ ਜ਼ਹਿਰੀਲਾ ਕੀੜਾ ਵਗੈਰਾ ਨਾ ਹੋਵੇ। ਆਪਣੇ ਦਿਨ ਦੇ ਕੱਪੜੇ ਲਾਹ ਕੇ ਰਾਤ ਵਾਲੇ ਕੱਪੜੇ ਪਾ ਲਵੋ। ਜ਼ਰੂਰਤ ਤੋਂ ਬਿਨਾਂ ਖਿੜਕੀਆਂ ਨੂੰ ਖੁੱਲ੍ਹਾ ਨਾ ਰੱਖੋ। ਟੈਲੀਵਿਜ਼ਨ ਜਾਂ ਰੇਡੀਓ ਸੌਣ ਤੋਂ ਪਹਿਲਾਂ ਬੰਦ ਕਰ ਦਿਓ। ਸਵੇਰੇ ਸਹੀ ਸਮੇਂ ‘ਤੇ ਉੱਠੋ। ਇਸ ਲਈ ਆਪਣੀ ਘੜੀ ਜਾਂ ਮੋਬਾਈਲ ਵਿਚ ਅਲਾਰਮ ਲਗਾ ਦਿਉ। ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਜਾਂ ਜ਼ਰੂਰੀ ਦਵਾਈ ਲੈਣਾ ਨਾ ਭੁੱਲੋ। ਮੌਸਮ ਦੇ ਮਿਜਾਜ਼ ਅਨੁਸਾਰ ਪੱਖੇ ਚਲਾਉਣਾ ਜਾਂ ਰਜਾਈ ਲੈਣਾ ਨਾ ਭੁੱਲੋ।

ਸੌਣ ਤੋਂ ਪਹਿਲਾਂ ਸਾਰੇ ਕੰਮ ਪੂਰੇ ਕਰ ਲਓ। ਅੱਜ ਦਾ ਕੋਈ ਕੰਮ ਕੱਲ੍ਹ ‘ਤੇ ਨਾ ਛੱਡੋ। ਹੋ ਸਕੇ ਤਾਂ ਕੱਲ੍ਹ ਦੇ ਰੋਜ਼ਮਰ੍ਹਾ ਦੇ ਕੰਮਾਂ ਦੀ ਸੂਚੀ ਬਣਾ ਕੇ ਰਖ ਲਓ ਤਾਂ ਕਿ ਸਵੇਰੇ ਉੱਠ ਕੇ ਉਸੇ ਅਨੁਸਾਰ ਕੰਮ ਕਰ ਸਕੀਏ। ਇਹ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੈ ਜੋ ਸਵੇਰੇ ਉੱਠਣ ਵਿਚ ਆਲਸ ਕਰਦੇ ਹਨ ਜਾਂ ਰੁੱਝੇ ਰਹਿੰਦੇ ਹਨ। ਕੁੱਲ ਮਿਲਾ ਕੇ ਸੌਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਲਵੋ ਕਿ ਤੁਸੀਂ ਬੇਫ਼ਿਕਰ ਹੋ ਕੇ ਚੰਗੀ ਨੀਂਦ ਲੈਣ ਜਾ ਰਹੇ ਹੋ। ਮਨ ਵਿਚ ਕੋਈ ਚਿੰਤਾ ਜਾਂ ਤਣਾਅ ਨਾ ਹੋਵੇ, ਇਹ ਅਤਿ ਜ਼ਰੂਰੀ ਹੈ, ਤਾਂ ਹੀ ਚੰਗੀ ਨੀਂਦ ਲੈ ਸਕਦੇ ਹੋ। ਨਾ ਤਾਂ ਕੋਈ ਅਣਹੋਣੀ ਘਟਨਾ ਹੋਣ ਦੀ ਡਰ ਹੋਵੇ ਅਤੇ ਨਾ ਹੀ ਕਿਸੇ ਕੰਮ ਦੇ ਵਿਗੜਨ ਦੀ ਚਿੰਤਾ। ਹਮੇਸ਼ਾ ਸੌਂਦੇ ਸਮੇਂ ਇਸ ਤਰ੍ਹਾਂ ਦਾ ਅਨੁਭਵ ਕਰੋ ਕਿ ਜਿੰਨੀ ਚੰਗੀ ਰਾਤ ਤੁਸੀਂ ਬਿਤਾ ਰਹੇ ਹੋ ਉਸ ਤੋਂ ਵੀ ਚੰਗੀ ਸਵੇਰੇ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਫਿਰ ਦੇਖੋ ਕਿ ਕਿਵੇਂ ਤੁਸੀਂ ਹਰ ਰੋਜ਼ ਤਰੋਤਾਜ਼ਾ ਸਵੇਰ ਦਾ ਅਨੁਭਵ ਕਰਦੇ ਹੋ।